ਜਲੰਧਰ ‘ਚ ਰਾਜਸਥਾਨ ਪੁਲਿਸ ਨੇ ਮਾਰਿਆ ਛਾਪਾ, ਫਰਜ਼ੀ ਕਿਸਾਨ ਯੋਜਨਾ ਦਾ ਕੀਤਾ ਪਰਦਾਫਾਸ਼, ਦੋ ਮੁਲਜ਼ਮ ਗ੍ਰਿਫ਼ਤਾਰ
ਜਲੰਧਰ ਵਿੱਚ ਫਰਜ਼ੀ ਕਿਸਾਨ ਯੋਜਨਾ ਦੇ ਨਾਮ 'ਤੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਦੋ ਧੋਖੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਜਸਥਾਨ ਪੁਲਿਸ ਜਲੰਧਰ ਪਹੁੰਚੀ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਦੋਵਾਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਲੰਧਰ ਵਿੱਚ ਮਨੀਪੁਰ ਕਿਸਾਨ ਯੋਜਨਾ ਦੇ ਨਾਮ ‘ਤੇ ਫਰਜ਼ੀ ਵੈੱਬਸਾਈਟ ਬਣਾ ਕੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਜਲੰਧਰ ਪੁਲਿਸ ਦੀ ਮਦਦ ਨਾਲ ਰਾਜਸਥਾਨ ਪੁਲਿਸ ਨੇ ਬੱਸ ਸਟੈਂਡ ਦੇ ਨੇੜੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ।
ਮਨੀਪੁਰ ਕਿਸਾਨ ਯੋਜਨਾ ਨਾਮ ਦੀ ਇੱਕ ਫਰਜ਼ੀ ਵੈੱਬਸਾਈਟ
ਰਿਪੋਰਟਾਂ ਅਨੁਸਾਰ, ਰਾਜਸਥਾਨ ਦੇ ਤਿੰਨ ਵਿਅਕਤੀ ਜਲੰਧਰ ਬੱਸ ਸਟੈਂਡ ਦੇ ਨੇੜੇ ਮਨੀਪੁਰ ਕਿਸਾਨ ਯੋਜਨਾ ਨਾਮ ਦੀ ਇੱਕ ਫਰਜ਼ੀ ਵੈੱਬਸਾਈਟ ਚਲਾ ਰਹੇ ਸਨ, ਜੋ ਸਰਕਾਰੀ ਯੋਜਨਾਵਾਂ ਦੇ ਨਾਮ ‘ਤੇ ਕਿਸਾਨਾਂ ਤੋਂ ਪੈਸੇ ਵਸੂਲ ਰਹੇ ਸਨ। ਬੱਸ ਸਟੈਂਡ ਚੌਕੀ ਦੇ ਇੰਚਾਰਜ ਮਹਿੰਦਰ ਸਿੰਘ ਨੇ ਕਿਹਾ ਕਿ ਰਾਜਸਥਾਨ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ, ਜਲੰਧਰ ਪੁਲਿਸ ਨੇ ਸਾਈਟ ਦੀ ਤਸਦੀਕ ਕੀਤੀ ਅਤੇ ਠੋਸ ਸਬੂਤ ਮਿਲਣ ‘ਤੇ ਸਾਂਝੀ ਕਾਰਵਾਈ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ, ਰਾਜਸਥਾਨ ਦੇ ਝਾਲਾਵਾੜ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਸੰਦੀਪ ਅਤੇ ਸਨੰਤ ਵਜੋਂ ਹੋਈ ਹੈ।
ਫਰਜ਼ੀ ਵੈੱਬਸਾਈਟ ਬਣਾ ਕੇ ਕਿਸਾਨਾਂ ਨਾਲ ਕੀਤਾ ਧੋਖਾ
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਕਿਸਾਨਾਂ ਨਾਲ ਧੋਖਾ ਕਰਕੇ ਵੱਡੀ ਰਕਮ ਇਕੱਠੀ ਕੀਤੀ ਸੀ। ਪੁਲਿਸ ਦੇ ਮੁਤਾਬਕ ਇਸ ਮਾਮਲੇ ਸੰਬੰਧੀ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਹੀ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਜਲੰਧਰ ਦੇ ਰਾਮ ਅਵਤਾਰ ਨਾਮ ਦੇ ਇੱਕ ਵਿਅਕਤੀ ਨੇ ਇੱਕ ਜਾਅਲੀ ਵੈੱਬਸਾਈਟ ਬਣਾ ਕੇ ਕਿਸਾਨਾਂ ਨਾਲ ਧੋਖਾ ਕੀਤਾ। ਫਿਲਹਾਲ, ਰਾਜਸਥਾਨ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਧੋਖਾਧੜੀ ਦਾ ਸ਼ਿਕਾਰ ਕਿੰਨੇ ਕਿਸਾਨ ਹੋਏ ਅਤੇ ਕਿੰਨੇ ਪੈਸੇ ਦੀ ਧੋਖਾਧੜੀ ਕੀਤੀ ਗਈ।