ਫਿਰੋਜ਼ਪੁਰ: ਕਲੀਨਿਕ ‘ਚ ਵੜੇ 3 ਨੌਜਵਾਨਾਂ ਨੇ ਕੀਤੀ ਫਾਇਰਿੰਗ, ਡਾਕਟਰ ਨੂੰ ਲੱਗੀ ਗੋਲੀ
ਫਿਰੋਜ਼ਪੁਰ ਦੇ ਮਾਲਵਾਲ ਰੋਡ 'ਤੇ ਸਥਿਤ ਇੱਕ ਕਲੀਨਿਕ ਵਿੱਚ ਹਥਿਆਰਬੰਦ ਨੌਜਵਾਨ ਦਾਖਲ ਹੋਏ ਅਤੇ ਡਾਕਟਰ ਰੁਪਿੰਦਰਜੀਤ ਸਿੰਘ 'ਤੇ ਗੋਲੀਬਾਰੀ ਕੀਤੀ। ਜਿਸ ਨਾਲ ਉਹ ਜ਼ਖਮੀ ਹੋ ਗਏ। ਕਲੀਨਿਕ ਵਿੱਚ ਮੌਜੂਦ ਸਹਾਇਕ ਨਾਲ ਵੀ ਕੁੱਟਮਾਰ ਕੀਤੀ ਗਈ। ਜ਼ਖਮੀ ਡਾਕਟਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਫਿਰੋਜ਼ਪੁਰ ਦੇ ਮਾਲਵਾਲ ਰੋਡ ‘ਤੇ ਸਥਿਤ ਇੱਕ ਕਲੀਨਿਕ ਵਿੱਚ ਬੁੱਧਵਾਰ ਦੇਰ ਰਾਤ ਹਥਿਆਰਬੰਦ ਨੌਜਵਾਨ ਦਾਖਲ ਹੋਏ ਅਤੇ ਕਲੀਨਿਕ ਚਲਾ ਰਹੇ ਡਾਕਟਰ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਡਾਕਟਰ ਦੇ ਬਾਂਹ ਵਿੱਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਉਥੇ ਕਲੀਨਿਕ ਵਿੱਚ ਮੌਜੂਦ ਸਹਾਇਕ ਨਾਲ ਵੀ ਮੁਲਜ਼ਮਾਂ ਨੇ ਹੱਥੋਪਾਈ ਕੀਤੀ।
ਇਸ ਘਟਨਾ ਤੋਂ ਬਾਅਦ ਜ਼ਖਮੀ ਡਾਕਟਰ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੀਏਐਮਐਸ ਡਾਕਟਰ ਰੁਪਿੰਦਰਜੀਤ ਸਿੰਘ ਕਈ ਸਾਲਾਂ ਤੋਂ ਮਾਲਵਾਲ ਰੋਡ ‘ਤੇ ਆਪਣਾ ਕਲੀਨਿਕ ਚਲਾ ਰਹੇ ਹਨ।
ਡਾਕਟਰ ਨਾਲ ਬਹਿਸ ਤੋਂ ਬਾਅਦ ਕੀਤੀ ਗੋਲੀਬਾਰੀ
ਬੁੱਧਵਾਰ ਰਾਤ ਨੂੰ ਅਚਾਨਕ ਤਿੰਨ ਨੌਜਵਾਨ ਉਸ ਦੇ ਕਲੀਨਿਕ ਵਿੱਚ ਦਾਖਲ ਹੋਏ ਅਤੇ ਡਾਕਟਰ ਨਾਲ ਬਹਿਸ ਕਰਨ ਲੱਗ ਪਏ। ਹਥਿਆਰਾਂ ਨਾਲ ਲੈਸ ਇੱਕ ਮੁਲਜ਼ਮ ਨੇ ਡਾਕਟਰ ‘ਤੇ ਗੋਲੀਬਾਰੀ ਕਰ ਦਿੱਤੀ। ਉਸ ਨੇ ਕਲੀਨਿਕ ਵਿੱਚ ਮੌਜੂਦ ਆਪਣੇ ਸਹਾਇਕ ਨਾਲ ਵੀ ਹੱਥੋਪਾਈ ਕੀਤੀ, ਜਿਸ ਕਾਰਨ ਉਸ ਦੇ ਮੱਥੇ ‘ਤੇ ਸੱਟ ਲੱਗ ਗਈ। ਉਸ ਦੇ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਡੀਐਸਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਜ਼ਖਮੀ ਡਾਕਟਰ ਦਾ ਬਿਆਨ ਹਸਪਤਾਲ ਵਿੱਚ ਦਰਜ ਕੀਤਾ ਗਿਆ। ਉਸਦੇ ਬਿਆਨ ਦੇ ਆਧਾਰ ‘ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣੋ ਡਾਕਟਰਾਂ ਨੂੰ ਕਿਊਂ ਬਣਾਇਆ ਜਾ ਰਿਹਾ ਨਿਸ਼ਾਨਾ
ਮੁਲਜ਼ਮਾਂ ਨੇ ਡਾਕਟਰ ਤੇ ਗੋਲੀਬਾਰੀ ਕਿਉਂ ਕੀਤੀ ਇਹ ਗੱਲ੍ਹ ਤਾਂ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਪਰ ਇਸ ਤਰ੍ਹਾਂ ਦੀ ਘਟਨਾ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਡਾਕਟਰਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਚਾਹੇ ਉਹ ਰੰਜਿਸ਼ ਦਾ ਮਾਮਲਾ ਹੋਵੇ ਜਾਂ ਫਿਰ ਰੰਗਦਾਰੀ ਦਾ ਕੇਸ। ਇਸ ਤੋਂ ਪਹਿਲਾਂ 4 ਜੁਲਾਈ ਨੂੰ ਮੋਗਾ ਵਿਖੇ ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਡਾਕਟਰ ਅਨਿਲ ਜੀਤ ਸਿੰਘ ਤੇ ਉਨ੍ਹਾਂ ਦੇ ਕਲੀਨਿਕ ਵਿੱਚ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਗੈਂਗਸਟਰਾਂ ਵੱਲੋਂ ਪੈਸੀਆਂ ਦੀ ਮੰਗ ਕੀਤੀ ਗਈ ਸੀ।


