OMG: ਲੁਧਿਆਣਾ ‘ਚ ਵਿੱਕ ਰਹੇ ਪਲਾਸਟਿਕ ਦੇ ਅੰਡੇ, ਪੂਰੀ ਟਰੇਅ ਵਿੱਚੋਂ ਸਿਰਫ਼ ਇੱਕ ਅੰਡਾ ਨਿਕਲਿਆ ਅਸਲੀ
ਅਕਸਰ ਹੀ ਤੁਸੀਂ ਨੇ ਤਿਉਹਾਰਾਂ ਦੇ ਦਿਨਾਂ ਵਿੱਚ ਸਿਹਤ ਵਿਭਾਗ ਵੱਲੋਂ ਨਕਲੀ ਮਿਠਾਈਆਂ ਫੜ੍ਹੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਸਨ ਪਰ ਹੁਣ ਲੁਧਿਆਣਾ ਦੇ ਮਾਛੀਵਾੜਾ ਤੋਂ ਨਕਲੀ ਅੰਡੇ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਧਰ ਸਿਹਤ ਵਿਭਾਗ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸ਼ਹਿਰ ਵਿੱਚ ਨਕਲੀ ਅੰਡੇ ਮਿਲਣ ਤੋਂ ਬਾਅਦ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹੁਣ ਸਥਾਨਕ ਲੋਕ ਹੁਣ ਅੰਡੇ ਖਾਣ ਤੋਂ ਵੀ ਡਰਦੇ ਨਜ਼ਰ ਆ ਰਹੇ ਹਨ। ਆਂਡਿਆਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ। ਜਦੋਂ ਮਾਮਲਾ ਐਸਐਮਓ ਮਾਛੀਵਾੜਾ ਕੋਲ ਪੁੱਜਾ ਤਾਂ ਉਨ੍ਹਾਂ ਇਸ ਸਬੰਧੀ ਸ਼ਿਕਾਇਤ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤੀ। ਮੈਡੀਕਲ ਅਫਸਰਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਐਚ.ਓ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।
ਇਸ ਮਾਮਲੇ ਬਾਰੇ ਮਾਛੀਵਾੜਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਬਾਵਾ ਵਰਮਾ ਨੇ ਦੱਸਿਆ ਕਿ ਉਹ ਇਲਾਕੇ ਦੀ ਇੱਕ ਦੁਕਾਨ ਤੋਂ ਆਂਡੇ ਦੀ ਟਰੇਅ ਲੈ ਕੇ ਆਏ ਸਨ। ਜਦੋਂ ਉਹ ਘਰ ‘ਚ ਆਂਡਾ ਤੋੜਨ ਲੱਗੇ ਤਾਂ ਆਂਡਾ ਟੁੱਟਣ ਤੋਂ ਬਾਅਦ ਉਸ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਅੰਡੇ ਵਿੱਚ ਥਿਕਨੈੱਸ ਬਿਲਕੁਲ ਵੀ ਨਹੀਂ ਸੀ। ਬਾਵਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਂਡੇ ਨੂੰ ਉਬਾਲਿਆ ਤਾਂ ਉਨ੍ਹਾਂ ਨੂੰ ਅੰਡਾ ਛਿੱਲਦੇ ਸਮੇਂ ਇੰਝ ਲੱਗਾ ਜਿਵੇਂ ਉਹ ਪਲਾਸਟਿਕ ਦਾ ਢੱਕਣ ਉਤਾਰ ਰਹੇ ਹੋਣ। ਜਦੋਂ ਅੰਡੇ ਨੂੰ ਤੋੜਿਆ ਗਿਆ ਤਾਂ ਅੰਡੇ ਅੰਦਰਲਾ ਪੀਲਾ ਪਦਾਰਥ ਜੰਮਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਆਂਡਾ ਸਿੰਥੈਟਿਕ ਚੀਨੀ ਦਾ ਬਣਿਆ ਹੋ ਸਕਦਾ ਹੈ।
ਸਿਰਫ਼ ਇੱਕ ਅੰਡਾ ਨਿਕਲਿਆ ਅਸਲੀ
ਬਾਵਾ ਨੇ ਦੱਸਿਆ ਕਿ ਪੁੂਰੀ ਟਰੇਅ ਵਿੱਚ ਸਿਰਫ਼ ਇੱਕ ਆਂਡਾ ਹੀ ਅਸਲੀ ਪਾਇਆ ਗਿਆ, ਜਦਕਿ ਬਾਕੀ ਸਾਰੇ ਅੰਡੇ ਨਕਲੀ ਨਿਕਲੀ। ਬਾਵਾ ਨੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਕੇ ਡੁੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਨਕਲੀ ਅੰਡੇ ਬਣਾਉਣ ਵਾਲਿਆਂ ਦਾ ਪਰਦਾਫਾਸ਼ ਹੋ ਸਕੇ। ਬਾਵਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਸਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ।
ਕੀ ਕਹਿੰਦੇ ਨੇ ਸਿਵਲ ਸਰਜਨ?
ਲੁਧਿਆਣਾ ਦੇ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੇ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫ਼ਸਰ ਮਾਛੀਵਾੜਾ ਵੱਲੋਂ ਸ਼ਿਕਾਇਤ ਪੱਤਰ ਮਿਲਿਆ ਹੈ। ਉਨ੍ਹਾਂ ਨੇ ਇਸ ਸਬੰਧੀ ਜਾਂਚ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਸੌਂਪ ਦਿੱਤੀ ਹੈ। ਉਹ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨਗੇ। ਉੱਧਰ, ਸਿਵਲ ਸਰਜਨ ਔਲਖ ਨੇ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਨਕਲੀ ਆਂਡੇ ਵਿਕ ਰਹੇ ਹਨ, ਉਨ੍ਹਾਂ ਨੂੰ ਲੈ ਕੇ ਲੋਕ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰਨ।