ਸੋਨੇ ਦੀ ਅੰਗੂਠੀ ਲਈ ਵੱਢੀ ਬਜ਼ੁਰਗ ਦੀ ਉਂਗਲ, ਜੇਬ ‘ਚ ਰੱਖੇ ਪੈਸੇ ਨਾ ਦੇਣ ‘ਤੇ ਬੇਰਹਿਮੀ ਨਾਲ ਕਤਲ
Amrtisar Old Man Murder: ਅੰਮ੍ਰਿਤਸਰ ਦੇ ਪਿੰਡ ਭੰਡਿਆਰ ਵਿੱਚ ਬਜ਼ੁਰਗ ਜਗੀਰ ਸਿੰਘ ਆਪਣੇ ਘਰ ਵਿੱਚ ਸੌਂ ਰਿਹਾ ਸੀ। ਲੁਟੇਰਿਆਂ ਨੇ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੀ ਸੋਨੇ ਦੀ ਅੰਗੂਠੀ ਲੈਣ ਲਈ ਉਸ ਦੀ ਉਂਗਲੀ ਵੱਢ ਦਿੱਤੀ ਅਤੇ ਫਿਰ ਉਸ ਦੀ ਜੇਬ ਵਿੱਚ ਪਏ ਪੈਸੇ ਖੋਹਣ ਲਈ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਅੰਮ੍ਰਿਤਸਰ ਦਿਹਾਤੀ ਦੇ ਭੰਡਿਆਰ ਪਿੰਡ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਬਜ਼ੁਰਗ ਜਗੀਰ ਸਿੰਘ ਗੂੜ੍ਹੀ ਨੀਂਦ ਸੌਂ ਰਿਹਾ ਸੀ ਜਦੋਂ ਲੁਟੇਰੇ ਉਸ ਦੇ ਘਰ ਵਿੱਚ ਦਾਖਲ ਹੋਏ। ਜਦੋਂ ਜਗੀਰ ਸਿੰਘ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੀ ਸੋਨੇ ਦੀ ਅੰਗੂਠੀ ਕੱਢਣ ਲਈ ਉਸ ਦੀ ਉਂਗਲੀ ਵੱਢ ਦਿੱਤੀ। ਜਦੋਂ ਜਗੀਰ ਸਿੰਘ ਨੇ ਆਪਣੀ ਜੇਬ ਵਿੱਚੋਂ ਪੈਸੇ ਕੱਢਣ ਤੋਂ ਇਨਕਾਰ ਕਰ ਦਿੱਤਾ ਤਾਂ ਲੁਟੇਰਿਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਲੁਟੇਰਿਆਂ ਨੇ ਜਗੀਰ ਸਿੰਘ ਦੀ ਬਾਂਹ ਤਿੰਨ ਥਾਵਾਂ ਤੋਂ ਕੱਟ ਦਿੱਤੀ, ਉਸਦੀ ਨੱਕ ਤੋੜ ਦਿੱਤੀ ਅਤੇ ਉਸ ਦੇ ਸਿਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਫਿਰ ਉਹ ਉਸ ਦੀ ਜੇਬ ਵਿੱਚੋਂ 40,000 ਰੁਪਏ ਕੱਢ ਕੇ ਭੱਜ ਗਏ।
ਜਗੀਰ ਸਿੰਘ ਦਾ ਬੇਰਹਿਮੀ ਨਾਲ ਕਤਲ
ਜਗੀਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਜ਼ਖ਼ਮਾਂ ਦੀ ਦਰਦ ਨਾ ਝੱਲਦਾ ਹੋਇਆ ਦਮ ਤੋੜ ਗਿਆ। ਜਗੀਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਰਿਵਾਰ ਅਤੇ ਭੰਡਿਆਰ ਪਿੰਡ ਦੇ ਵਸਨੀਕਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ।
ਪੁਲਿਸ ਖੰਗਾਲ ਰਹੀ ਸੀਸੀਟੀਵੀ
ਘਰਿੰਡਾ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਅਤੇ ਐਮਐਚਸੀ ਗੁਰਕਿਰਨ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਵਿਰੁੱਧ ਆਈਪੀਸੀ ਦੀਆਂ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਗੀਰ ਸਿੰਘ ਦਾ ਕਤਲ ਕਰਨ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


