ਵਿਸ਼ਵ ਰੈਂਕਿੰਗ ‘ਚ ਭਾਰਤੀ ਸੰਸਥਾਨਾਂ ਨੇ ਬਣਾਈ ਮਜ਼ਬੂਤ ਪਛਾਣ, 11 ਤੋਂ ਵਧ ਕੇ 52 ਹੋਈ ਗਿਣਤੀ
NIRF Ranking: ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਦੇ ਉੱਚ ਸਿੱਖਿਆ ਸੰਸਥਾਨਾਂ ਦੀ ਰੈਂਕਿੰਗ ਤੈਅ ਕਰਨ ਲਈ ਬਣਾਈ ਗਈ ਇੱਕ ਪ੍ਰਣਾਲੀ ਹੈ। ਇਸ ਨੂੰ 29 ਸਤੰਬਰ 2015 ਨੂੰ ਲਾਂਚ ਕੀਤਾ ਗਿਆ ਸੀ।
ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਦੱਸਿਆ ਕਿ ਦੇਸ਼ ਦੇ ਉੱਚ ਸਿੱਖਿਆ ਸੰਸਥਾਨਾਂ ਦੀ ਵਿਸ਼ਵ ਪੱਧਰ ‘ਤੇ ਮੌਜੂਦਗੀ ਵਧੀ ਹੈ। ਕੇਂਦਰ ਸਰਕਾਰ ਮੁਤਾਬਕ, ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ (NIRF) ਸ਼ੁਰੂ ਹੋਣ ਤੋਂ ਬਾਅਦ QS ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਸ਼ਾਮਲ ਭਾਰਤੀ ਸੰਸਥਾਨਾਂ ਦੀ ਗਿਣਤੀ 11 ਤੋਂ ਵਧ ਕੇ 52 ਹੋ ਗਈ ਹੈ। ਸਿੱਖਿਆ ਰਾਜ ਮੰਤਰੀ ਸੁਕਾਂਤ ਮਜੂਮਦਾਰ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ NIRF ਦੀ ਸ਼ੁਰੂਆਤ ਸਾਲ 2015 ਵਿੱਚ ਦੇਸ਼ ਦੇ ਉੱਚ ਸਿੱਖਿਆ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਦੀ ਸਾਲਾਨਾ ਰੈਂਕਿੰਗ ਲਈ ਕੀਤੀ ਗਈ ਸੀ। ਇਸ ਦਾ ਉਦੇਸ਼ ਸੰਸਥਾਨਾਂ ਵਿਚਕਾਰ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਹੈ।
ਪੰਜ ਪ੍ਰਮੁੱਖ ਆਧਾਰਾਂ ‘ਤੇ ਤਿਆਰ ਕੀਤੀ ਜਾਂਦੀ ਹੈ ਰੈਂਕਿੰਗ
NIRF ਦੀ ਰੈਂਕਿੰਗ ਪੰਜ ਪ੍ਰਮੁੱਖ ਆਧਾਰਾਂ ‘ਤੇ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਅਧਿਆਪਨ, ਸਿੱਖਣ ਅਤੇ ਸਰੋਤ, ਖੋਜ ਅਤੇ ਪੇਸ਼ੇਵਰ ਗਤੀਵਿਧੀਆਂ, ਗ੍ਰੈਜੂਏਸ਼ਨ ਨਤੀਜੇ, ਪਹੁੰਚ ਅਤੇ ਸਮਾਵੇਸ਼ਿਤਾ ਅਤੇ ਸੰਸਥਾਨਾਂ ਦੀ ਸਾਖ ਸ਼ਾਮਲ ਹਨ। ਸਰਕਾਰ ਮੁਤਾਬਕ, NIRF ਵਿੱਚ ਹਿੱਸਾ ਲੈਣ ਵਾਲੇ ਸੰਸਥਾਨਾਂ ਦੀ ਗਿਣਤੀ ਵੀ ਲਗਾਤਾਰ ਵਧੀ ਹੈ। ਸਾਲ 2021 ਵਿੱਚ ਜਿੱਥੇ 6,272 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਉੱਥੇ 2025 ਵਿੱਚ ਇਹ ਗਿਣਤੀ ਵਧ ਕੇ 14,163 ਹੋ ਗਈ। ਇਸੇ ਸਮੇਂ ਦੌਰਾਨ NIRF ਵਿੱਚ ਹਿੱਸਾ ਲੈਣ ਵਾਲੇ ਵੱਖ-ਵੱਖ ਸੰਸਥਾਨਾਂ ਦੀ ਗਿਣਤੀ 4,030 ਤੋਂ ਵਧ ਕੇ 7,692 ਹੋ ਗਈ।
ਉੱਚ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕਈ ਯੋਜਨਾਵਾਂ ਲਾਗੂ
ਸਰਕਾਰ ਨੇ ਉੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਈ ਯੋਜਨਾਵਾਂ ਵੀ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ PM-USHA, RUSA ਅਤੇ ਮਲਟੀ-ਡਿਸਿਪਲਿਨਰੀ ਐਜੂਕੇਸ਼ਨ ਐਂਡ ਰਿਸਰਚ ਯੂਨੀਵਰਸਿਟੀਜ਼ (MERU) ਵਰਗੀਆਂ ਪਹਿਲਕਦਮੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਸਾਲ 2017 ਵਿੱਚ ਇੰਸਟੀਚਿਊਸ਼ਨਜ਼ ਆਫ ਐਮਿਨੈਂਸ (IoE) ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਚੁਣੇ ਹੋਏ ਸੰਸਥਾਨਾਂ ਨੂੰ ਵਧੇਰੇ ਅਕਾਦਮਿਕ, ਪ੍ਰਸ਼ਾਸਨਿਕ ਅਤੇ ਵਿੱਤੀ ਖੁਦਮੁਖਤਿਆਰੀ ਦੇ ਕੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਖੋਜ ਸੰਸਥਾਨ ਬਣਾਉਣਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (NEP) 2020 ਤਹਿਤ ਉੱਚ ਸਿੱਖਿਆ ਵਿੱਚ ਬਹੁਵਿਸ਼ਾ ਸਿੱਖਿਆ, ਖੋਜ ਅਤੇ ਨਵੀਨਤਾ, ਬਿਹਤਰ ਬੁਨਿਆਦੀ ਢਾਂਚੇ, ਆਲੋਚਨਾਤਮਕ ਸੋਚ ਅਤੇ ਅਧਿਆਪਕ ਸਿਖਲਾਈ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।