CBSE ਦਾ ਨਵਾਂ ਸਰਕੂਲਰ ਜਾਰੀ, ਹੁਣ 10ਵੀਂ ਜਮਾਤ ‘ਚ ਨਹੀਂ ਪੜ੍ਹਾਇਆ ਜਾਵੇਗਾ ਵਾਤਾਵਰਣ ਸਿੱਖਿਆ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਇੱਕ ਨਵਾਂ ਅਹਿਮ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿੱਚ 9ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੜ੍ਹੇ ਜਾਣ ਵਾਲੇ ਵਿਸ਼ਿਆਂ ਅਤੇ 10ਵੀਂ ਜਮਾਤ ਵਿੱਚ ਉਨ੍ਹਾਂ ਦੇ ਮੁਲਾਂਕਣ (ਅਸੈਸਮੈਂਟ) ਦੇ ਢਾਂਚੇ ਨੂੰ ਸਪੱਸ਼ਟ ਕੀਤਾ ਗਿਆ ਹੈ।
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਇੱਕ ਨਵਾਂ ਅਹਿਮ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿੱਚ 9ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਪੜ੍ਹੇ ਜਾਣ ਵਾਲੇ ਵਿਸ਼ਿਆਂ ਅਤੇ 10ਵੀਂ ਜਮਾਤ ਵਿੱਚ ਉਨ੍ਹਾਂ ਦੇ ਮੁਲਾਂਕਣ (ਅਸੈਸਮੈਂਟ) ਦੇ ਢਾਂਚੇ ਨੂੰ ਸਪੱਸ਼ਟ ਕੀਤਾ ਗਿਆ ਹੈ। ਦਰਅਸਲ, ਸੀ.ਬੀ.ਐੱਸ.ਈ. ਨੇ ਸੈਸ਼ਨ 2026-27 ਵਿੱਚ 9ਵੀਂ ਜਮਾਤ ਵਿੱਚ ਦਾਖ਼ਲ ਹੋਣ ਵਾਲੇ ਅਤੇ ਸੈਸ਼ਨ 2027-28 ਵਿੱਚ 10ਵੀਂ ਜਮਾਤ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੇ ਪਾਠਕ੍ਰਮ ਅਤੇ ‘ਸਕੀਮ ਆਫ਼ ਸਟੱਡੀਜ਼’ ਵਿੱਚ ਅਹਿਮ ਸੋਧਾਂ ਕੀਤੀਆਂ ਹਨ।
ਨਵੇਂ ਨਿਰਦੇਸ਼ਾਂ ਅਨੁਸਾਰ, ਹੁਣ 10ਵੀਂ ਜਮਾਤ ਵਿੱਚ ‘ਇਨਵਾਇਰਨਮੈਂਟਲ ਐਜੂਕੇਸ਼ਨ’ (ਵਾਤਾਵਰਣ ਸਿੱਖਿਆ) ਵਿਸ਼ਾ ਨਹੀਂ ਪੜ੍ਹਾਇਆ ਜਾਵੇਗਾ। ਇਸੇ ਤਰ੍ਹਾਂ 9ਵੀਂ ਜਮਾਤ ਦੇ ਪਾਠਕ੍ਰਮ ਵਿੱਚੋਂ ‘ਇੰਡੀਵਿਜ਼ੂਅਲਜ਼ ਇਨ ਸੋਸਾਇਟੀ’ (Individuals in Society) ਸਮੇਤ ਕੰਪਿਊਟੇਸ਼ਨਲ ਥਿੰਕਿੰਗ (CT) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਮੌਡਿਊਲ ਵੀ ਇਨ੍ਹਾਂ ਬੈਚਾਂ ਦੇ ਸਿਲੇਬਸ ਦਾ ਹਿੱਸਾ ਨਹੀਂ ਰਹਿਣਗੇ।
9ਵੀਂ ਜਮਾਤ ਵਿੱਚ ਵੋਕੇਸ਼ਨਲ ਸਿੱਖਿਆ ਲਾਜ਼ਮੀ
ਨਵੇਂ ਸਰਕੂਲਰ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੋਕੇਸ਼ਨਲ ਐਜੂਕੇਸ਼ਨ ਲਾਜ਼ਮੀ ਹੋਵੇਗੀ। ਇਸ ਤਹਿਤ ਵਿਦਿਆਰਥੀਆਂ ਨੂੰ ‘ਕੌਸ਼ਲ ਵਿਕਾਸ’ ਜਾਂ ਸੀ.ਬੀ.ਐੱਸ.ਈ. ਵੱਲੋਂ ਨੋਟੀਫਾਈ ਕੀਤੇ ਗਏ 22 ਹੁਨਰ-ਅਧਾਰਿਤ (ਸਕਿੱਲ) ਵਿਸ਼ਿਆਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇਗੀ।
ਜਿਹੜੇ ਵਿਦਿਆਰਥੀ ‘ਕੌਸ਼ਲ ਵਿਕਾਸ’ ਦੀ ਚੋਣ ਕਰਨਗੇ, ਉਨ੍ਹਾਂ ਦਾ ਮੁਲਾਂਕਣ ਸਕੂਲ ਪੱਧਰ ‘ਤੇ ਹੀ ਅੰਦਰੂਨੀ ਤੌਰ ‘ਤੇ ਕੀਤਾ ਜਾਵੇਗਾ। ਦੂਜੇ ਪਾਸੇ, ਨੋਟੀਫਾਈ ਕੀਤੇ 22 ਸਕਿੱਲ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਨੂੰ 10ਵੀਂ ਜਮਾਤ (2027-28) ਦੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਉਸ ਵਿਸ਼ੇ ਦਾ ਲਿਖਤੀ ਅਤੇ ਪ੍ਰੈਕਟੀਕਲ ਇਮਤਿਹਾਨ ਦੇਣਾ ਪਵੇਗਾ। ਇਨ੍ਹਾਂ ਹੁਨਰ ਵਿਸ਼ਿਆਂ ਵਿੱਚ ਮੁੱਖ ਤੌਰ ‘ਤੇ ਇਨਫਾਰਮੇਸ਼ਨ ਟੈਕਨਾਲੋਜੀ (IT), ਆਰਟੀਫੀਸ਼ੀਅਲ ਇੰਟੈਲੀਜੈਂਸ (AI), ਡੇਟਾ ਸਾਇੰਸ, ਰਿਟੇਲ, ਹੈਲਥਕੇਅਰ, ਬੈਂਕਿੰਗ ਐਂਡ ਇੰਸ਼ੋਰੈਂਸ, ਟੂਰਿਜ਼ਮ, ਐਗਰੀਕਲਚਰ (ਖੇਤੀਬਾੜੀ), ਡਿਜ਼ਾਈਨ ਥਿੰਕਿੰਗ ਐਂਡ ਇਨੋਵੇਸ਼ਨ ਅਤੇ ਆਟੋਮੋਟਿਵ ਵਰਗੇ ਰੁਜ਼ਗਾਰ-ਮੁਖੀ ਵਿਸ਼ੇ ਸ਼ਾਮਲ ਕੀਤੇ ਗਏ ਹਨ।
ਕਿਨ੍ਹਾਂ ਵਿਦਿਆਰਥੀਆਂ ‘ਤੇ ਲਾਗੂ ਨਹੀਂ ਹੋਣਗੇ ਇਹ ਨਿਯਮ?
ਸੀ.ਬੀ.ਐੱਸ.ਈ. ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸਾਲ 2025-26 ਦੀ ਸਕੀਮ ਆਫ਼ ਸਟੱਡੀਜ਼ ਵਿੱਚ ਉਪਲਬਧ ਹੋਰ ਬਾਕੀ ਬਦਲਵੇਂ ਵਿਸ਼ੇ 9ਵੀਂ (2026-27) ਅਤੇ 10ਵੀਂ (2027-28) ਵਿੱਚ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਬੋਰਡ ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਆਦੇਸ਼ ਦਿੱਤਾ ਹੈ ਕਿ ਇਸ ਸਰਕੂਲਰ ਦੇ ਵੇਰਵੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਤੱਕ ਬਿਨਾਂ ਦੇਰੀ ਪਹੁੰਚਾਏ ਜਾਣ। ਇਸ ਦੇ ਨਾਲ ਹੀ ਬੋਰਡ ਨੇ ਰਾਹਤ ਦਿੰਦਿਆਂ ਸਾਫ਼ ਕੀਤਾ ਹੈ ਕਿ ਇਹ ਨਵੇਂ ਦਿਸ਼ਾ-ਨਿਰਦੇਸ਼ ਅਤੇ ਤਬਦੀਲੀਆਂ ਸੈਸ਼ਨ 2026-27 ਦੇ ਮੌਜੂਦਾ 10ਵੀਂ ਜਮਾਤ ਦੇ ਬੈਚ ‘ਤੇ ਲਾਗੂ ਨਹੀਂ ਹੋਣਗੀਆਂ, ਉਹ ਆਪਣੀ ਪੜ੍ਹਾਈ ਪੁਰਾਣੇ ਨਿਯਮਾਂ ਅਨੁਸਾਰ ਹੀ ਜਾਰੀ ਰੱਖਣਗੇ।
ਇਹ ਵੀ ਪੜ੍ਹੋ
ਕੁੱਲ 9 ਵਿਸ਼ਿਆਂ ਦੀ ਪੜ੍ਹਾਈ ਕਰਨਗੇ ਵਿਦਿਆਰਥੀ
ਨਵੇਂ ਢਾਂਚੇ ਅਧੀਨ ਵਿਦਿਆਰਥੀਆਂ ਨੂੰ ਕੁੱਲ 9 ਵਿਸ਼ਿਆਂ ਦਾ ਅਧਿਐਨ ਕਰਨਾ ਲਾਜ਼ਮੀ ਹੋਵੇਗਾ। ਇਸ ਸੂਚੀ ਵਿੱਚ ਤਿੰਨ ਭਾਸ਼ਾਵਾਂ (R1, R2 ਅਤੇ R3), ਗਣਿਤ (ਮੈਥੇਮੈਟਿਕਸ), ਵਿਗਿਆਨ (ਸਾਇੰਸ), ਸਮਾਜਿਕ ਵਿਗਿਆਨ (ਸੋਸ਼ਲ ਸਾਇੰਸ), ਆਰਟ ਐਜੂਕੇਸ਼ਨ, ਫਿਜ਼ੀਕਲ ਐਜੂਕੇਸ਼ਨ ਐਂਡ ਵੈੱਲ-ਬੀਇੰਗ ਅਤੇ ਵੋਕੇਸ਼ਨਲ ਐਜੂਕੇਸ਼ਨ ਸ਼ਾਮਲ ਹਨ।
ਮੁਲਾਂਕਣ ਨਿਯਮਾਂ ਮੁਤਾਬਕ ਆਰਟ ਐਜੂਕੇਸ਼ਨ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਵਿਸ਼ਿਆਂ ਲਈ ਸਕੂਲਾਂ ਵੱਲੋਂ ਅੰਕ (ਨੰਬਰ) ਦੇਣ ਦੀ ਬਜਾਏ ਗ੍ਰੇਡ ਦਿੱਤੇ ਜਾਣਗੇ। ਬੋਰਡ ਅਨੁਸਾਰ ਇਨ੍ਹਾਂ ਵਿਸ਼ਿਆਂ ਵਿੱਚ ਗ੍ਰੇਡ ‘D’ ਜਾਂ ਇਸ ਤੋਂ ਵੱਧ ਗ੍ਰੇਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਯੋਗ ਮੰਨਦਿਆਂ ਸਰਟੀਫਿਕੇਟ ਜਾਰੀ ਕੀਤੇ ਜਾਣਗੇ।


