ਹੁਣ ਪੈਕੇਟ ‘ਤੇ ਨਹੀਂ ਚੱਲੇਗਾ 100% ਪਿਊਰ ਦਾ ਦਾਅਵਾ! FSSAI ਦੇ ਰਡਾਰ ‘ਤੇ ਡਾਬਰ, ਜਾਰੀ ਕੀਤਾ ਸਖ਼ਤ ਹੁਕਮ
Dabur India: FSSAI ਨੇ 3 ਅਗਸਤ ਨੂੰ ਡਾਬਰ ਇੰਡੀਆ ਦੇ ਕਈ ਲੋਕਪ੍ਰਿਯ ਉਤਪਾਦਾਂ 'ਤੇ 100% ਵਰਗੇ ਭਰਮਕ ਦਾਵਿਆਂ ਨਾਲ ਵਿਕਰੀ ਕਰਨ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਜਾਂਚ ਦੌਰਾਨ ਖੁਰਾਕ ਵਿਗਿਆਪਨ ਅਤੇ ਦਾਅਵਾ ਨਿਯਮ, 2018 (Food Advertising and Claims Regulations, 2018) ਦੀ ਉਲੰਘਣਾ ਪਾਈ ਗਈ ਹੈ।
ਜੇਕਰ ਤੁਸੀਂ ਰਸੋਈ ਜਾਂ ਸਿਹਤ ਲਈ ਡਾਬਰ (Dabur) ਦਾ ਸ਼ਹਿਦ, ਦੇਸੀ ਘਿਉ, ਨਾਰੀਅਲ ਪਾਣੀ ਜਾਂ ਆਰਗੈਨਿਕ ਐਪਲ ਸਾਈਡਰ ਵਿਨੇਗਰ ਇਸ ਸੋਚ ਨਾਲ ਖਰੀਦਦੇ ਰਹੇ ਹੋ ਕਿ ਉਸ ‘ਤੇ ਲਿਖਿਆ ‘100% Pure’ ਜਾਂ ‘100% Natural’ ਦਾ ਦਾਅਵਾ ਪੂਰੀ ਤਰ੍ਹਾਂ ਸਹੀ ਹੈ, ਤਾਂ ਭਾਰਤੀ ਖਾਦ ਸੁਰੱਖਿਆ ਅਤੇ ਮਿਆਰ ਪ੍ਰਾਧਿਕਰਨ (FSSAI) ਦੀ ਇਹ ਖ਼ਬਰ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ। ਖਾਦ ਨਿਯਾਮਕ FSSAI ਨੇ ਐਫਐਮਸੀਜੀ ਦੀ ਵੱਡੀ ਕੰਪਨੀ ਡਾਬਰ ਇੰਡੀਆ ਲਿਮਿਟੇਡ ਖ਼ਿਲਾਫ਼ ਇੱਕ ਸਖ਼ਤ ਅਤੇ ਮਹੱਤਵਪੂਰਨ ਪਾਬੰਦੀ ਆਦੇਸ਼ (Prohibition Order) ਜਾਰੀ ਕੀਤਾ ਹੈ।
FSSAI ਨੇ ਡਾਬਰ ਨੂੰ ਆਪਣੇ ਕਈ ਖਾਦ ਅਤੇ ਪੇਅ ਪਦਾਰਥਾਂ ‘ਤੇ ਲਿਖੇ 100% ਸ਼ੁੱਧ, ਕੁਦਰਤੀ (Natural) ਜਾਂ ਆਰਗੈਨਿਕ ਹੋਣ ਦੇ ਦਾਵੇ ਤੁਰੰਤ ਹਟਾਉਣ ਅਤੇ ਅਜਿਹੇ ਦਾਵਿਆਂ ਨਾਲ ਉਤਪਾਦਾਂ ਦੀ ਵਿਕਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਨਿਯਮਾਂ ਮੁਤਾਬਕ 100% ਵਰਗੇ ਦਾਅਵੇ ਅਸਪਸ਼ਟ, ਅਪ੍ਰਮਾਣਿਤ (Unverifiable) ਅਤੇ ਆਮ ਖਪਤਕਾਰਾਂ ਨੂੰ ਗੁੰਮਰਾਹ ਕਰਨ ਵਾਲੇ ਮੰਨੇ ਜਾਂਦੇ ਹਨ। ਆਖਿਰ ਡਾਬਰ ਦੇ ਕਿਹੜੇ-ਕਿਹੜੇ ਉਤਪਾਦ FSSAI ਦੇ ਰਡਾਰ ‘ਤੇ ਆਏ ਹਨ, ਕੰਪਨੀ ਨੇ ਖਾਦ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਿਵੇਂ ਕੀਤੀ ਅਤੇ ਇਸ ਫੈਸਲੇ ਦਾ ਆਮ ਖਪਤਕਾਰ ਦੀ ਥਾਲੀ ਅਤੇ ਜੇਬ ‘ਤੇ ਕੀ ਅਸਰ ਪਵੇਗਾ? ਆਓ ਇਸ ਪੂਰੇ ਮਾਮਲੇ ਨੂੰ ਵਿਸਥਾਰ ਨਾਲ ਸਮਝੀਏ।
FSSAI ਦਾ ਡਾਬਰ ਖ਼ਿਲਾਫ਼ ਸਖ਼ਤ ਹੁਕਮ
ਫੂਡ ਰੈਗੂਲੇਟਰ FSSAI ਨੇ ਡਾਬਰ ਇੰਡੀਆ ਨੂੰ ਸ਼ਹਿਦ, ਗਾਂ ਦਾ ਘਿਉ ਅਤੇ ਖਾਣ ਵਾਲੇ ਤੇਲ ਵਰਗੇ ਕਈ ਉਤਪਾਦਾਂ ਨੂੰ 100 ਪ੍ਰਤੀਸ਼ਤ ਦੇ ਦਾਅਵੇ ਨਾਲ ਵੇਚਣ ਤੋਂ ਰੋਕ ਦਿੱਤਾ ਹੈ। ਰੈਗੂਲੇਟਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਲੇਬਲਿੰਗ ਕਾਨੂੰਨ ਦੇ ਖ਼ਿਲਾਫ਼ ਹੈ। ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਜਾਣਕਾਰੀ ਦਿੱਤੀ ਕਿ ਉਸ ਨੇ ਡਾਬਰ ਇੰਡੀਆ ਲਿਮਿਟੇਡ ਨੂੰ ਗੁੰਮਰਾਹ ਕਰਨ ਵਾਲੇ 100 ਪ੍ਰਤੀਸ਼ਤ ਦਾਵਿਆਂ ਵਾਲੇ ਖਾਦ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਨ੍ਹਾਂ ਉਤਪਾਦਾਂ ਵਿੱਚ ਸ਼ਹਿਦ, ਐਪਲ ਸਾਈਡਰ ਵਿਨੇਗਰ, ਵਰਜਿਨ ਕੋਕੋਨਟ ਆਇਲ, ਤਿਲ ਦਾ ਤੇਲ, ਗਾਂ ਦਾ ਘਿਉ, ਨਾਰੀਅਲ ਪਾਣੀ, ਨਾਰੀਅਲ ਦਾ ਦੁੱਧ ਅਤੇ ਇਸ ਤਰ੍ਹਾਂ ਦੇ ਹੋਰ ਉਤਪਾਦ ਸ਼ਾਮਲ ਹਨ।
ਕਿਉਂ ਦਿੱਤਾ ਗਿਆ ਇਹ ਹੁਕਮ?
ਨਿਯਮਾਂ ਦੀ ਉਲੰਘਣਾ ਬਾਰੇ ਜਾਣਕਾਰੀ ਦਿੰਦੇ ਹੋਏ FSSAI ਨੇ ਕਿਹਾ ਕਿ ਕੰਪਨੀ ਦੀ ਵੈੱਬਸਾਈਟ ‘ਤੇ ਵੇਚੇ ਜਾ ਰਹੇ ਖਾਦ ਉਤਪਾਦਾਂ ‘ਤੇ 100 ਪ੍ਰਤੀਸ਼ਤ ਨੇਚੁਰਲ, 100 ਪ੍ਰਤੀਸ਼ਤ ਪਿਊਰ, 100 ਪ੍ਰਤੀਸ਼ਤ ਪਿਊਰਿਟੀ ਗਾਰੰਟੀਡ, 100 ਪ੍ਰਤੀਸ਼ਤ ਆਰਗੈਨਿਕ ਅਤੇ 100 ਪ੍ਰਤੀਸ਼ਤ ਟੈਂਡਰ ਕੋਕੋਨਟ ਵਾਟਰ ਵਰਗੇ ਗੁੰਮਰਾਹ ਕਰਨ ਵਾਲੇ 100 ਪ੍ਰਤੀਸ਼ਤ ਦਾਅਵੇ ਕੀਤੇ ਗਏ ਸਨ। ਰੈਗੂਲੇਟਰ ਨੇ ਕਿਹਾ ਕਿ 100 ਪ੍ਰਤੀਸ਼ਤ ਵਰਗੇ ਦਾਅਵਿਆਂ ਦੀ ਵਰਤੋਂ FSS (ਐਡਵਰਟਾਈਜ਼ਿੰਗ ਐਂਡ ਕਲੇਮਜ਼) ਰੈਗੂਲੇਸ਼ਨਜ਼, 2018 ਦੀ ਉਲੰਘਣਾ ਹੈ, ਕਿਉਂਕਿ ਇਹ ਦਾਅਵੇ ਸਪੱਸ਼ਟ ਨਹੀਂ ਹਨ, ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਅਤੇ ਇਨ੍ਹਾਂ ਨਾਲ ਗਾਹਕਾਂ ਦੇ ਗੁੰਮਰਾਹ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਡਾਬਰ ਨੇ ਦਿੱਤਾ ਬਿਆਨ
ਡਾਬਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੂੰ FSSAI ਵੱਲੋਂ ਨੋਟਿਸ ਮਿਲਿਆ ਹੈ ਅਤੇ ਉਹ ਆਪਣੀ ਵੈੱਬਸਾਈਟ ‘ਤੇ ਨੋਟਿਸ ਵਿੱਚ ਦੱਸੀ ਗਈ ਜਾਣਕਾਰੀ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ
FSSAI ਨੇ ਦੱਸਿਆ ਕਿ ਡਾਬਰ ਹਿਮਾਲਯਨ ਆਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਆਰਗੈਨਿਕ ਸ਼ਹਿਦ ‘ਤੇ ਵੈਧ FSSAI ਆਰਗੈਨਿਕ ਸਰਟੀਫਿਕੇਸ਼ਨ ਤੋਂ ਬਿਨਾਂ ਜੈਵਿਕ ਭਾਰਤ ਲੋਗੋ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਡਾਬਰ ਹੋਮਮੇਡ ਕੋਕੋਨਟ ਮਿਲਕ ਪ੍ਰੋਡਕਟ ਨੂੰ 100 ਪ੍ਰਤੀਸ਼ਤ ਪਿਊਰਿਟੀ (100 ਪ੍ਰਤੀਸ਼ਤ ਸ਼ੁੱਧਤਾ) ਦੇ ਦਾਅਵੇ ਨਾਲ ਵੇਚਿਆ ਜਾ ਰਿਹਾ ਸੀ। FSS (ਐਡਵਰਟਾਈਜ਼ਿੰਗ ਐਂਡ ਕਲੇਮਜ਼) ਰੈਗੂਲੇਸ਼ਨਜ਼, 2018 ਦੇ ਤਹਿਤ ਕਈ ਚੀਜ਼ਾਂ ਨਾਲ ਮਿਲ ਕੇ ਬਣੇ ਖਾਦ ਪਦਾਰਥਾਂ (ਕੰਪਾਊਂਡ ਫੂਡ) ਲਈ ਇਸ ਤਰ੍ਹਾਂ ਦਾ ਦਾਅਵਾ ਕਰਨ ਦੀ ਇਜਾਜ਼ਤ ਨਹੀਂ ਹੈ। FSSAI ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਡਾਬਰ ਨੂੰ ਨੋਟਿਸ ਜਾਰੀ ਕਰਕੇ ਗੁੰਮਰਾਹ ਕਰਨ ਵਾਲੇ 100 ਪ੍ਰਤੀਸ਼ਤ ਦਾਅਵਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ, ਡਾਬਰ ਵੱਲੋਂ ਇਸ ਮਾਮਲੇ ਵਿੱਚ ਕੋਈ ਸੰਤੋਸ਼ਜਨਕ ਸੁਧਾਰਾਤਮਕ ਕਦਮ ਨਹੀਂ ਚੁੱਕਿਆ ਗਿਆ।
ਐਕਸ਼ਨ ਟੇਕਨ ਰਿਪੋਰਟ ਜਮ੍ਹਾਂ ਕਰਨ ਦੇ ਨਿਰਦੇਸ਼
ਰੈਗੂਲੇਟਰ ਨੇ ਕਿਹਾ ਕਿ FSSAI ਨੇ ਡਾਬਰ ਇੰਡੀਆ ਲਿਮਟਿਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਨੋਟਿਸ ਵਿੱਚ ਦੱਸੇ ਗਏ ਖਾਦ ਉਤਪਾਦਾਂ ਅਤੇ ਗੁੰਮਰਾਹ ਕਰਨ ਵਾਲੇ 100% ਦਾਅਵਿਆਂ ਵਾਲੇ ਹੋਰ ਸਾਰੇ ਫੂਡ ਪ੍ਰੋਡਕਟਸ ਦੀ ਵਿਕਰੀ ‘ਤੇ ਤੁਰੰਤ ਰੋਕ ਲਗਾਏ ਅਤੇ 15 ਦਿਨਾਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ (ATR) ਜਮ੍ਹਾਂ ਕਰੇ। ਪਿਛਲੇ ਕੁਝ ਮਹੀਨਿਆਂ ਤੋਂ FSSAI ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨੂੰ ਵੱਖ-ਵੱਖ ਫੂਡ ਬਿਜ਼ਨਸ ਓਪਰੇਟਰਾਂ ਅਤੇ ਆਪਣੇ ਆਨਲਾਈਨ ਮਾਰਕੀਟਪਲੇਸ ‘ਤੇ ਇਨ੍ਹਾਂ ਉਤਪਾਦਾਂ ਨੂੰ ਵੇਚਣ ਵਾਲੀਆਂ ਈ-ਕਾਮਰਸ ਕੰਪਨੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦੇ ਰਿਹਾ ਹੈ। ਇਸ ਦੌਰਾਨ ਕਈ ਸ਼ਰਾਬ ਅਤੇ ਐਨਰਜੀ ਡ੍ਰਿੰਕ ਬਣਾਉਣ ਵਾਲੀਆਂ ਕੰਪਨੀਆਂ ਵੀ FSSAI ਦੀ ਨਜ਼ਰ ਵਿੱਚ ਆਈਆਂ ਹਨ।


