ਸ਼ੌਕ ਨਹੀਂ, ਮਜਬੂਰੀ ‘ਚ ਜਮੀਨ ਵੇਚ ਰਹੇ ਕਿਸਾਨ, ਇੱਕ ਚਸ਼ਮੇ ਨਾਲ ਪੰਜਾਬ ਨੂੰ ਵੇਖਣਾ ਗਲਤ… BJP ਪ੍ਰਧਾਨ ਢਿੱਲੋਂ ਦੀ World Bank ਮੁਖੀ ਅਜੇ ਬੰਗਾ ਨੂੰ ਚਿੱਠੀ
Kewal Singh Dhillon Letter to Ajaypal Banga: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈਪਾਲ ਸਿੰਘ ਬੰਗਾ ਜੀ ਨੂੰ ਚਿੱਠੀ ਲਿਖੀ ਹੈ, ਉਨ੍ਹਾਂ ਨੇ ਲਿੱਖਿਆ ਹੈ ਕਿ ਪੰਜਾਬ ਨੇ ਦੇਸ਼ ਦੀ ਤਰੱਕੀ ਅਤੇ ਅੰਨ ਸੁਰੱਖਿਆ ਵਿੱਚ ਹਮੇਸ਼ਾ ਅਹਿਮ ਯੋਗਦਾਨ ਪਾਇਆ ਹੈ, ਪਰ ਅੱਜ ਸੂਬੇ ਨੂੰ ਕਈ ਗੰਭੀਰ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਤੁਹਾਡੀ ਪਹਿਲਕਦਮੀ ਇਸਨੂੰ ਅੱਗੇ ਲਿਜਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈਪਾਲ ਸਿੰਘ ਬੰਗਾ ਜੀ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੂੰ ਵਿਕਾਸ ਪ੍ਰੋਜੈਕਟਾਂ ‘ਤੇ ਭਾਰਤ ਸਰਕਾਰ ਅਤੇ ਖਾਸ ਕਰਕੇ ਪੰਜਾਬ ਨਾਲ ਭਾਈਵਾਲੀ ਕਰਨ ਲਈ ਰਸਮੀ ਤੌਰ ‘ਤੇ ਸੱਦਾ ਦਿੱਤਾ ਹੈ। ਢਿੱਲੋਂ ਨੇ ਸੂਬੇ ਦੀ ਕਿਸਾਨੀ ਨੂੰ ਅੱਗੇ ਲਿਜਾਉਣ ਲਈ ਵਰਲਡ ਬੈਂਕ ਨੂੰ ਪਹਿਲਕਦਮੀ ਦੀ ਅਪੀਲ ਕੀਤੀ ਹੈ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਪੰਜਾਬ ਸਾਹਮਣੇ ਖੜ੍ਹੀਆਂ ਆਰਥਿਕ, ਸਮਾਜਿਕ ਅਤੇ ਵਿਕਾਸ ਸੰਬੰਧੀ ਚੁਣੌਤੀਆਂ ਵੱਲ ਧਿਆਨ ਦਿਵਾਉਂਦਿਆਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਸਹਿਯੋਗ ਅਤੇ ਮਾਰਗਦਰਸ਼ਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪੱਤਰ ਵਿੱਚ ਉਨ੍ਹਾਂ ਨੇ ਲਿੱਖਿਆ ਕਿ ਪੰਜਾਬ ਨੇ ਦੇਸ਼ ਦੀ ਤਰੱਕੀ ਅਤੇ ਅੰਨ ਸੁਰੱਖਿਆ ਵਿੱਚ ਹਮੇਸ਼ਾ ਅਹਿਮ ਯੋਗਦਾਨ ਪਾਇਆ ਹੈ, ਪਰ ਅੱਜ ਸੂਬੇ ਨੂੰ ਕਈ ਗੰਭੀਰ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਆਰਥਿਕ ਮਜ਼ਬੂਤੀ, ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ, ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਾਰਥਕ ਯਤਨਾਂ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਭਾਈਵਾਲੀ ਲਈ ਵਰਲਡ ਬੈਂਕ ਨੂੰ ਸੱਦਾ
ਢਿੱਲੋਂ ਨੇ ਵਿਸ਼ਵ ਬੈਂਕ ਨੂੰ ਭਾਰਤ ਅਤੇ ਪੰਜਾਬ ਦੀ ਮੌਜੂਦਾ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਆਰਥਿਕ ਤਰੱਕੀ ਨੂੰ ਤੇਜ਼ ਕਰਨ ਲਈ ਸੱਦਾ ਦਿੱਤਾ ਹੈ। ਪੱਤਰ ਵਿੱਚ ਪੰਜਾਬ ਨੂੰ ਵਾਪਸ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਅਤੇ ਵੱਖ-ਵੱਖ ਖੇਤਰਾਂ – ਖਾਸ ਕਰਕੇ ਖੇਤੀਬਾੜੀ, ਬੁਨਿਆਦੀ ਢਾਂਚਾ ਅਤੇ ਰੁਜ਼ਗਾਰ ਨੂੰ ਬਿਹਤਰ ਬਣਾਉਣ ਲਈ ਵਚਨਬੱਧਤਾ ਪ੍ਰਗਟ ਕੀਤੀ ਗਈ ਹੈ। ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਵਿਕਸਤ ਭਾਰਤ” ਅਤੇ “ਸਬਕਾ ਸਾਥ, ਸਬਕਾ ਵਿਕਾਸ” ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਿਆਂ ਇਹ ਨਿਵੇਸ਼ ਅਤੇ ਵਿਕਾਸ ਦੀਆਂ ਸੰਭਾਵਨਾ ‘ਤੇ ਜ਼ੋਰ ਦਿੱਤਾ ਹੈ।
As a fellow Proud Punjabi & servant of this state for four decades, Ive written to World Bank President Shri Ajay Banga ji with a message from the ground: Punjab fed this nation for generations. It deserves solutions — not stereotypes. Ive invited the World Bank to partner with pic.twitter.com/ThLpSVH9ce
— Kewal Singh Dhillon (@KewalDhillonPB) June 23, 2026
ਇਹ ਵੀ ਪੜ੍ਹੋ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੀਡੀਆ ਵਿੱਚ ਉਨ੍ਹਾਂ ਦੀਆਂ ਟਿੱਪਣੀਆਂ ਨਾਲ ਪੰਜਾਬ ਦੇ ਲੋਕਾਂ, ਖਾਸ ਕਰਕੇ ਨੌਜਵਾਨ ਕਿਸਾਨਾਂ ਵਿੱਚ ਕਾਫ਼ੀ ਗੁੱਸਾ ਅਤੇ ਨਿਰਾਸ਼ਾ ਹੈ। ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਅਜੇ ਬੰਗਾ ਨੇ ਇੱਕ ਵਿਦੇਸ਼ੀ ਚੈਨਲ ਨਾਲ ਇੰਟਰਵਿਊ ਵਿੱਚ ਪੰਜਾਬ ਦੇ ਨੌਜਵਾਨ ਕਿਸਾਨਾਂ ਬਾਰੇ ਟਿੱਪਣੀ ਕੀਤੀ ਸੀ। ਪੰਜਾਬ ਦੇ ਨੌਜਵਾਨਾਂ ਅਤੇ ਖੇਤੀਬਾੜੀ ਅਰਥਵਿਵਸਥਾ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਬਹੁਤ ਸਾਰੇ ਨੌਜਵਾਨ ਥੋੜ੍ਹੇ ਸਮੇਂ ਲਈ SUV ਵਰਗੇ ਵਾਹਨ ਖਰੀਦਣ ਲਈ ਆਪਣੀ ਜੱਦੀ ਖੇਤੀ ਵਾਲੀ ਜ਼ਮੀਨ ਵੇਚ ਦਿੰਦੇ ਹਨ, ਪਰ ਚਾਰ ਸਾਲਾਂ ਦੇ ਅੰਦਰ, ਜਦੋਂ ਉਨ੍ਹਾਂ ਕੋਲ ਪੈਸੇ ਖਤਮ ਹੋ ਜਾਂਦੇ ਹਨ, ਤਾਂ ਉਹ ਸੰਘਰਸ਼ ਕਰਦੇ ਹਨ ਅਤੇ ਗਿਗ ਵਰਕਰ ਬਣ ਜਾਂਦੇ ਹਨ।
ਸ਼ੌਕ ਨਹੀਂ, ਮਜਬੂਰੀ ਨਾਲ ਜ਼ਮੀਨ ਵੇਚ ਰਹੇ ਕਿਸਾਨ
ਕੇਵਲ ਸਿੰਘ ਢਿੱਲੋਂ ਨੇ ਲਿਖਿਆ ਕਿ ਪੰਜਾਬ ਦੇ ਕਿਸਾਨ ਪੂਰੇ ਦੇਸ਼ ਵਿੱਚ ਸਭ ਤੋਂ ਮਿਹਨਤੀ ਅਤੇ ਦਲੇਰ ਹਨ। ਕਿਸਾਨਾਂ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੀ ਜਾਨ ਜਾਂ ਜ਼ਮੀਨ ਦੀ ਪਰਵਾਹ ਕੀਤੇ ਬਿਨਾਂ ਪੂਰੇ ਦੇਸ਼ ਦਾ ਢਿੱਡ ਭਰਿਆ ਹੈ। ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ਾਂ ਨੂੰ ਇੱਕ ਹੀ ਚਸ਼ਮੇ ਨਾਲ ਦੇਖਣਾ ਗਲਤ ਹੈ। ਅੱਜ, ਉਨ੍ਹਾਂ ਨੂੰ ਸਾਡੀ ਹਮਦਰਦੀ ਅਤੇ ਸਹੀ ਹੱਲ ਦੀ ਲੋੜ ਹੈ। ਜੋ ਪਿੰਡ ਵਾਸੀ ਆਪਣੀ ਜ਼ਮੀਨ ਵੇਚ ਰਹੇ ਹਨ ਉਹ ਸ਼ੌਕ ਨਾਲ ਨਹੀਂ, ਸਗੋਂ ਮਜਬੂਰੀ ਨਾਲ ਅਜਿਹਾ ਕਰ ਰਹੇ ਹਨ। ਉਨ੍ਹਾਂ ਕੋਲ ਖੇਤੀ ਤੋਂ ਇਲਾਵਾ ਆਮਦਨ ਦਾ ਕੋਈ ਹੋਰ ਸਰੋਤ ਨਹੀਂ ਹੈ।
ਵਿਸ਼ਵ ਬੈਂਕ ਤੋਂ ਮੰਗੀ ਮਦਦ
ਇੱਕ ਪੰਜਾਬੀ ਹੋਣ ਦੇ ਨਾਤੇ, ਕੇਵਲ ਸਿੰਘ ਢਿੱਲੋਂ ਨੇ ਵਿਸ਼ਵ ਬੈਂਕ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਪਿੰਡਾਂ ਦਾ ਚਿਹਰਾ ਬਦਲਣ ਲਈ ਕੰਮ ਕਰਨ। ਉਨ੍ਹਾਂ ਨੇ ਵਿਸ਼ਵ ਬੈਂਕ ਨੂੰ ਕਿਸਾਨਾਂ ਨੂੰ ਨਵੀਆਂ ਫਸਲਾਂ ਉਗਾਉਣ, ਪਿੰਡਾਂ ਵਿੱਚ ਨਵੇਂ ਕਾਰੋਬਾਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਨਵੇਂ ਕੰਮ ਸਿਖਾਉਣ ਅਤੇ ਉਨ੍ਹਾਂ ਨੂੰ ਆਪਣੇ ਪੈਸੇ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਮਾਰਗਦਰਸ਼ਨ ਕਰਨ ਲਈ ਫੰਡ ਪ੍ਰਦਾਨ ਕਰਨ ਵਿੱਚ ਉਨ੍ਹਾਂ ਦਾ ਸਮਰਥਨਲ ਦੇਣ ਦੀ ਅਪੀਲ ਕੀਤੀ ਹੈ।
ਪੰਜਾਬ ਫਿਰ ਤੋਂ ਬਣੇਗਾ ਨੰਬਰ ਇੱਕ
ਪੱਤਰ ਨੂੰ ਸਮਾਪਤ ਕਰਦੇ ਹੋਏ, ਢਿੱਲੋਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਪੰਜਾਬ ਦੁਬਾਰਾ ਉੱਠੇਗਾ ਅਤੇ ਆਪਣੀ ਪੁਰਾਣੀ ਸ਼ਾਨ ਮੁੜ ਪ੍ਰਾਪਤ ਕਰੇਗਾ। ਇਸ ਤਰੱਕੀ ਦੇ ਸਭ ਤੋਂ ਵੱਡੇ ਨਾਇਕ ਸਾਡੇ ਕਿਸਾਨ ਹੋਣਗੇ। ਉਨ੍ਹਾਂ ਨੇ ਅਜੈ ਬੰਗਾ ਨੂੰ ਪੰਜਾਬ ਦੇ ਪਿੰਡਾਂ ਦਾ ਦੌਰਾ ਕਰਨ ਅਤੇ ਜ਼ਮੀਨੀ ਹਕੀਕਤ ਨੂੰ ਨੇੜਿਓਂ ਦੇਖਣ ਦਾ ਸੱਦਾ ਵੀ ਦਿੱਤਾ।
ਕੌਣ ਹਨ ਕੇਵਲ ਸਿੰਘ ਢਿੱਲੋਂ?
ਭਾਜਪਾ ਨੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਵਲ ਸਿੰਘ ਢਿੱਲੋਂ ਨੂੰ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਕੇਵਲ ਸਿੰਘ ਢਿੱਲੋਂ ਚਾਰ ਸਾਲ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਹੁਣ ਉਹ ਪੰਜਾਬ ਵਿੱਚ ਭਾਜਪਾ ਦੇ ਪਹਿਲੇ ਜੱਟ ਸਿੱਖ ਚੇਹਰਾ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਸੁਨੀਲ ਜਾਖੜ ਦੀ ਥਾਂ ਲਈ ਹੈ। ਸੂਬਾ ਪ੍ਰਧਾਨ ਦਾ ਅਹੁਦਾ ਸਾਂਭਣ ਦੇ ਬਾਅਦ ਤੋਂ ਹੀ ਢਿੱਲੋਂ ਕਾਫੀ ਸਰਗਰਮੀ ਨਾਲ ਪੰਜਾਬ ਦੇ ਹਿੱਤ ਦੇ ਮੁੱਦੇ ਚੁੱਕ ਰਹੇ ਹਨ। ਇਸਤੋਂ ਪਹਿਲਾਂ ਉਨ੍ਹਾਂ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜੇਪੀ ਨੱਢਾ ਨੂੰ ਪੱਤਰ ਲਿਖ ਕੇ ਪੰਜਾਬ ‘ਚ ਝੋਨੇ ਦੀ ਬਿਜਾਈ ਦੇ ਚੱਲ ਰਹੇ ਸੀਜ਼ਨ ਦੌਰਾਨ ਡੀਏਪੀ ਤੇ ਯੂਰੀਆ ਖਾਦਾਂ ਦੀ ਨਿਰਵਿਘਨ ਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ।
