ਆਮ ਲੋਕਾਂ ਨੂੰ ਵੱਡਾ ਝਟਕਾ! ਮਦਰ ਡੇਅਰੀ ਮਗਰੋਂ ਹੁਣ ਅਮੂਲ ਨੇ ਵੀ ਵਧਾਏ ਦੁੱਧ ਦੇ ਭਾਅ, ਰਸੋਈ ਦਾ ਬਜਟ ਵਿਗੜਿਆ
ਦੁੱਧ ਦੀ ਸਪਲਾਈ ਵਿੱਚ ਆਈ ਕਮੀ ਅਤੇ ਖ਼ਰੀਦ ਲਾਗਤ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਮਦਰ ਡੇਅਰੀ ਤੋਂ ਬਾਅਦ ਹੁਣ ਦੇਸ਼ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਨਵੀਆਂ ਦਰਾਂ 12 ਨਵੰਬਰ ਤੋਂ ਲਾਗੂ ਹੋ ਜਾਣਗੀਆਂ, ਜਿਸ ਤਹਿਤ ਅਮੂਲ ਨੇ ਵੱਖ-ਵੱਖ ਸ਼੍ਰੇਣੀਆਂ ਦੇ ਦੁੱਧ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ।
ਦੁੱਧ ਦੀ ਸਪਲਾਈ ਵਿੱਚ ਆਈ ਕਮੀ ਅਤੇ ਖ਼ਰੀਦ ਲਾਗਤ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਮਦਰ ਡੇਅਰੀ ਤੋਂ ਬਾਅਦ ਹੁਣ ਦੇਸ਼ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਅਮੂਲ ਨੇ ਵੀ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਨਵੀਆਂ ਦਰਾਂ 12 ਨਵੰਬਰ ਤੋਂ ਲਾਗੂ ਹੋ ਜਾਣਗੀਆਂ, ਜਿਸ ਤਹਿਤ ਅਮੂਲ ਨੇ ਵੱਖ-ਵੱਖ ਸ਼੍ਰੇਣੀਆਂ ਦੇ ਦੁੱਧ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ, ਜਦਕਿ ਮਦਰ ਡੇਅਰੀ ਵੱਲੋਂ 2 ਰੁਪਏ ਤੋਂ ਲੈ ਕੇ 6 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਵਿੱਚ ਹੋਏ ਇਸ ਤਾਜ਼ਾ ਵਾਧੇ ਨਾਲ ਆਮ ਖ਼ਪਤਕਾਰਾਂ ਦੀ ਰਸੋਈ ਦਾ ਬਜਟ ਸਿੱਧੇ ਤੌਰ ਤੇ ਪ੍ਰਭਾਵਿਤ ਹੋਵੇਗਾ ਅਤੇ ਹੁਣ ਲੋਕਾਂ ਨੂੰ ਦੁੱਧ ਖ਼ਰੀਦਣ ਲਈ ਵਧੇਰੇ ਰਕਮ ਖ਼ਰਚਣੀ ਪਵੇਗੀ।
ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ ਚ ਕੀਤਾ 6 ਰੁਪਏ ਤੱਕ ਦਾ ਵਾਧਾ
ਮਦਰ ਡੇਅਰੀ ਵੱਲੋਂ ਦਿੱਲੀ-ਐੱਨ.ਸੀ.ਆਰ. ਖੇਤਰ ਵਿੱਚ ਕੀਤੇ ਗਏ ਵਾਧੇ ਮੁਤਾਬਕ ਬਲਕ ਵੈਂਡਿੰਗ ਮਸ਼ੀਨਾਂ ਰਾਹੀਂ ਮਿਲਣ ਵਾਲਾ ਟੋਨਡ ਦੁੱਧ 58 ਰੁਪਏ ਤੋਂ ਵਧ ਕੇ 60 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ, ਜਦਕਿ ਪੈਕਟ ਵਾਲੇ ਟੋਨਡ ਦੁੱਧ ਦੀ ਕੀਮਤ 60 ਰੁਪਏ ਤੋਂ ਵਧਾ ਕੇ 62 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਫੁੱਲ ਕਰੀਮ ਪੈਕਟ ਵਾਲਾ ਦੁੱਧ 72 ਰੁਪਏ ਤੋਂ ਵਧ ਕੇ 76 ਰੁਪਏ ਪ੍ਰਤੀ ਲੀਟਰ ਵਿਕੇਗਾ ਅਤੇ 6.5 ਫ਼ੀਸਦੀ ਫ਼ੈਟ ਵਾਲੇ ਮੱਝ ਦੇ ਫੁੱਲ ਕਰੀਮ ਦੁੱਧ ਦਾ ਭਾਅ 80 ਰੁਪਏ ਤੋਂ ਵਧ ਕੇ ਸਿੱਧਾ 86 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਡਬਲ-ਟੋਨਡ ਦੁੱਧ ਦੀ ਕੀਮਤ 54 ਰੁਪਏ ਤੋਂ ਵਧਾ ਕੇ 56 ਰੁਪਏ ਪ੍ਰਤੀ ਲੀਟਰ ਅਤੇ ਗਾਂ ਦੇ ਦੁੱਧ ਦੀ ਕੀਮਤ 62 ਰੁਪਏ ਤੋਂ ਵਧਾ ਕੇ 65 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਗਈ ਹੈ।
ਅਮੂਲ ਨੇ ਤਾਜ਼ਾ ਪਾਊਚ ਦੁੱਧ ਦੇ ਭਾਅ 4 ਤੋਂ 5 ਫ਼ੀਸਦੀ ਵਧਾਏ
ਦੂਜੇ ਪਾਸੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਭਾਰਤ ਭਰ ਵਿੱਚ ਅਮੂਲ ਦੇ ਤਾਜ਼ਾ ਪਾਊਚ ਦੁੱਧ ਦੀਆਂ ਕੀਮਤਾਂ ਵਿੱਚ 4 ਤੋਂ 5 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ, ਜਿਸ ਤਹਿਤ ਅਮੂਲ ਤਾਜ਼ਾ ਟੋਨਡ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ ਅਤੇ ਅਮੂਲ ਗੋਲਡ ਫੁੱਲ ਕਰੀਮ ਦੁੱਧ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ। ਫੈਡਰੇਸ਼ਨ ਅਨੁਸਾਰ ਪਸ਼ੂਆਂ ਦੀ ਖ਼ੁਰਾਕ, ਚਾਰੇ, ਪੈਕੇਜਿੰਗ ਸਮੱਗਰੀ ਅਤੇ ਟਰਾਂਸਪੋਰਟੇਸ਼ਨ ਦੇ ਈਂਧਨ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਕਦਮ ਚੁੱਕਣਾ ਪਿਆ ਹੈ, ਜਿਸ ਨਾਲ ਦੁੱਧ ਉਤਪਾਦਕ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ।
ਕਿਉਂ ਵਧ ਰਹੀਆਂ ਹਨ ਦੁੱਧ ਦੀਆਂ ਕੀਮਤਾਂ?
ਕੀਮਤਾਂ ਵਿੱਚ ਇਹ ਉਛਾਲ ਅਜਿਹੇ ਸਮੇਂ ਆਇਆ ਹੈ ਜਦੋਂ ਆਮ ਤੌਰ ਤੇ ਸਰਦੀਆਂ ਦੇ ‘ਫ਼ਲੱਸ਼ ਸੀਜ਼ਨ’ ਦੌਰਾਨ ਉਤਪਾਦਨ ਵੱਧ ਹੋਣ ਕਾਰਨ ਦੁੱਧ ਦੇ ਭਾਅ ਸਥਿਰ ਰਹਿੰਦੇ ਹਨ, ਪਰ ਮੌਜੂਦਾ ਹਾਲਾਤ ਡੇਅਰੀ ਸੈਕਟਰ ਵਿੱਚ ਸਪਲਾਈ ਦੀ ਵੱਡੀ ਘਾਟ ਵੱਲ ਇਸ਼ਾਰਾ ਕਰ ਰਹੇ ਹਨ। ਦੁੱਧ ਦੀ ਉਪਲਬਧਤਾ ਘਟਣ ਕਾਰਨ ਪਿਛਲੇ ਕੁਝ ਮਹੀਨਿਆਂ ਦੌਰਾਨ ਮਿਲਕ ਫ਼ੈਟ ਦੀਆਂ ਕੀਮਤਾਂ ਵਿੱਚ ਲਗਭਗ 20 ਤੋਂ 25 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ, ਜਿਸ ਨਾਲ ਸਮੁੱਚੀ ਉਤਪਾਦਨ ਲਾਗਤ ਵਧ ਗਈ ਹੈ। ਪਸ਼ੂਆਂ ਦੇ ਚਾਰੇ ਦੇ ਵਧਦੇ ਭਾਅ ਕਾਰਨ ਡੇਅਰੀ ਕਿਸਾਨਾਂ ‘ਤੇ ਪਏ ਆਰਥਿਕ ਬੋਝ ਨੂੰ ਘਟਾਉਣ ਅਤੇ ਵੱਧ ਦੁੱਧ ਕਲੈਕਸ਼ਨ ਲਈ ਅਮੂਲ ਨੇ ਮਿਲਕ ਫ਼ੈਟ ਦੀ ਖ਼ਰੀਦ ਦਰ ਵਧਾ ਕੇ 1,000 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਲੀਟਰ 60 ਰੁਪਏ ਤੋਂ ਵੱਧ ਦਾ ਭਾਅ ਮਿਲ ਰਿਹਾ ਹੈ।
ਲਿਕਵਿਡ ਦੁੱਧ ਤਿਆਰ ਕਰਨ ਦੀ ਲਾਗਤ ਹੋਈ ਬੇਹੱਦ ਮਹਿੰਗੀ
ਸਪਲਾਈ ਦੀ ਘਾਟ ਕਾਰਨ ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਨੂੰ ਲੈ ਕੇ ਵੀ ਚਿੰਤਾਵਾਂ ਵਧ ਗਈਆਂ ਹਨ ਅਤੇ ਮਿਲਕ ਫ਼ੈਟ ਦੀ ਘਾਟ ਨੇ ਕੰਪਨੀਆਂ ਲਈ ਦੁੱਧ ਤਿਆਰ ਕਰਨਾ ਬਹੁਤ ਮਹਿੰਗਾ ਬਣਾ ਦਿੱਤਾ ਹੈ। ਆਮ ਤੌਰ ਤੇ ਤਾਜ਼ੇ ਦੁੱਧ ਦੀ ਘਾਟ ਵੇਲੇ ਡੇਅਰੀ ਕੰਪਨੀਆਂ ਮਿਲਕ ਪਾਊਡਰ ਅਤੇ ਫ਼ੈਟ ਦੇ ਮਿਸ਼ਰਣ ਨਾਲ ਲਿਕਵਿਡ ਦੁੱਧ ਤਿਆਰ ਕਰਦੀਆਂ ਹਨ, ਪਰ ਫ਼ੈਟ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਣ ਕਾਰਨ ਇਹ ਬਦਲ ਵੀ ਕਾਫ਼ੀ ਖ਼ਰਚੀਲਾ ਹੋ ਗਿਆ ਹੈ, ਜਿਸ ਕਾਰਨ ਕੰਪਨੀਆਂ ਨੇ ਇਸ ਵਾਧੂ ਲਾਗਤ ਦਾ ਸਿੱਧਾ ਬੋਝ ਗਾਹਕਾਂ ‘ਤੇ ਪਾ ਦਿੱਤਾ ਹੈ।


