ਜਿਸ ਮੀਟਿੰਗ ਵਿੱਚ ਨਾ ਸ਼ਾਹਬਾਜ਼ ਅਤੇ ਨਾ ਬਿਲਾਵਲ, ਉਸ ‘ਚ ਪਾਕਿਸਤਾਨੀ ਫੌਜ ਨੇ ਮਾਰੀਆਂ ਡੀਂਗਾਂ, ਭਾਰਤ ਨੂੰ ਲੈ ਕੇ ਕਹੀਆਂ ਇਹ ਗੱਲਾਂ?
India Pakistan Tension: ਭਾਰਤ-ਪਾਕਿਸਤਾਨ ਵਧ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਇੱਕ ਉੱਚ-ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਹੈ। ਮੀਟਿੰਗ ਵਿੱਚ ਪਾਕਿਸਤਾਨੀ ਫੌਜ ਨੇ ਭਾਰਤ ਦੇ ਕਿਸੇ ਵੀ ਸੰਭਾਵੀ ਹਮਲੇ ਦਾ ਢੁਕਵਾਂ ਜਵਾਬ ਦੇਣ ਦਾ ਭਰੋਸਾ ਦੁਆਇਆ। ਪਰ ਇਸ ਮੀਟਿੰਗ ਵਿੱਚ ਵੱਡੇ ਆਗੂਆਂ ਦੇ ਸ਼ਾਮਲ ਨਾ ਹੋਣ ਕਾਰਨ ਇਸਦੀ ਗੰਭੀਰਤਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਭਾਰਤ ਨਾਲ ਵਧੇ ਤਣਾਅ ਦੇ ਵਿਚਕਾਰ, ਪਾਕਿਸਤਾਨ ਸਰਕਾਰ ਨੇ ਕਿਸੇ ਵੀ ਹਮਲੇ ਅਤੇ ਇਸਦੇ ਜਵਾਬ ਲਈ ਤਿਆਰ ਰਹਿਣ ਲਈ ਰਾਜਨੀਤਿਕ ਅਤੇ ਫੌਜੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦਾ ਆਯੋਜਨ ਕੀਤਾ ਸੀ। ਜਿਸ ਵਿੱਚ ਪਾਕਿਸਤਾਨੀ ਫੌਜ ਨੇ ਦੇਸ਼ ਦੇ ਨੇਤਾਵਾਂ ਨੂੰ ਭਰੋਸਾ ਦਿੱਤਾ ਕਿ ਪਾਕਿਸਤਾਨੀ ਫੌਜ ਭਾਰਤ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।
ਸੂਤਰਾਂ ਅਨੁਸਾਰ, ਇਸ ਬੰਦ ਕਮਰੇ ਵਾਲੀ ਮੀਟਿੰਗ ਵਿੱਚ, ਫੌਜ ਨੇ ਸੀਨੀਅਰ ਨੇਤਾਵਾਂ ਨੂੰ ਭਾਰਤ ਦੇ ਹਮਲੇ ਤੋਂ ਬਾਅਦ ਆਪਣੀਆਂ ਜਵਾਬੀ ਤਿਆਰੀਆਂ ਬਾਰੇ ਵੇਰਵੇ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਮੀਟਿੰਗ ਸਰਕਾਰ ਵੱਲੋਂ ਆਯੋਜਿਤ ਕੀਤੀ ਗਈ ਸੀ, ਜਿੱਥੇ ਸੂਚਨਾ ਮੰਤਰੀ ਅਤਾ ਤਰਾਰ ਅਤੇ ਇੰਟਰ-ਸਰਵਿਸ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੇ ਤਣਾਅ ਬਾਰੇ ਸਿਆਸਤਦਾਨਾਂ ਨੂੰ ਜਾਣਕਾਰੀ ਦਿੱਤੀ। ਪਰ ਇਸ ਮੀਟਿੰਗ ਵਿੱਚ ਪਾਕਿਸਤਾਨੀ ਸਰਕਾਰ ਦੇ ਸੀਨੀਅਰ ਆਗੂ ਮੌਜੂਦ ਨਹੀਂ ਸਨ।
ਪਾਕਿਸਤਾਨ ਇੱਕ ਸ਼ਾਂਤੀਪੂਰਨ ਦੇਸ਼ ਹੈ-ISPR
ਇਸ ਮੀਟਿੰਗ ਵਿੱਚ ਅਹਿਮਦ ਸ਼ਰੀਫ ਚੌਧਰੀ ਨੇ ਪਾਕਿਸਤਾਨ ਨੂੰ ਅਜਿਹਾ ਦੇਸ਼ ਦੱਸਿਆ ਹੈ ਜਿਸਨੂੰ ਸੁਣਨ ਤੋਂ ਬਾਅਦ ਵਿਸ਼ਵਾਸ ਕਰਨਾ ਮੁਸ਼ਕਲ ਹੈ। ISPR ਮੁਖੀ ਨੇ ਮੀਟਿੰਗ ਵਿੱਚ ਕਿਹਾ, “ਪਾਕਿਸਤਾਨ ਇੱਕ ਸ਼ਾਂਤੀਪੂਰਨ ਦੇਸ਼ ਹੈ ਅਤੇ ਖੇਤਰੀ ਸਥਿਰਤਾ ਚਾਹੁੰਦਾ ਹੈ, ਪਰ ਜੇਕਰ ਸਾਡੇ ‘ਤੇ ਹਮਲਾ ਕੀਤਾ ਜਾਂਦਾ ਹੈ, ਤਾਂ ਹਥਿਆਰਬੰਦ ਸੈਨਾ ਦੁਸ਼ਮਣ ਨੂੰ ਢੁਕਵਾਂ ਜਵਾਬ ਦੇਣ ਲਈ ਤਿਆਰ ਹਨ।”
ਮੀਟਿੰਗ ‘ਤੇ ਉੱਠੇ ਸਵਾਲ
ਉੱਧੜ, ਇੱਕ ਪਾਕਿਸਤਾਨੀ ਪੱਤਰਕਾਰ ਨੇ ਕਿਹਾ ਹੈ ਕਿ ਸਰਕਾਰ ਦੀ ਗੰਭੀਰਤਾ ਦੀ ਘਾਟ ਨੇ ਉਸਦੀ ਆਪਣੀ ਬ੍ਰੀਫਿੰਗ ਨੂੰ ਬੇਕਾਰ ਬਣਾ ਦਿੱਤਾ। ਬ੍ਰੀਫਿੰਗ ਵਿੱਚ ਨਾ ਤਾਂ ਸ਼ਾਹਬਾਜ਼ ਸ਼ਰੀਫ਼, ਨਾ ਨਵਾਜ਼ ਸ਼ਰੀਫ਼, ਨਾ ਇਸ਼ਾਕ ਡਾਰ, ਨਾ ਖਵਾਜਾ ਆਸਿਫ਼, ਨਾ ਬਿਲਾਵਲ ਜ਼ਰਦਾਰੀ, ਨਾ ਆਸਿਫ਼ ਜ਼ਰਦਾਰੀ ਅਤੇ ਨਾ ਹੀ ਕੋਈ ਵਿਰੋਧੀ ਧਿਰ ਮੌਜੂਦ ਸੀ। ਬਾਹਰੀ ਦੁਨੀਆ ਉਸ ਬ੍ਰੀਫਿੰਗ ਨੂੰ ਕਿੰਨੀ ਗੰਭੀਰਤਾ ਨਾਲ ਲਵੇਗੀ ਜਿਸ ਵਿੱਚ ਸਰਕਾਰ ਖੁਦ ਗੰਭੀਰ ਨਹੀਂ ਸੀ?
ਭਾਰਤ-ਪਾਕਿ ਤਣਾਅ
22 ਅਪ੍ਰੈਲ ਤੋਂ ਹੀ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਤਣਾਅ ਸਿਖਰ ‘ਤੇ ਹੈ। 22 ਅਪ੍ਰੈਲ ਨੂੰ, ਕੁਝ ਅੱਤਵਾਦੀਆਂ ਨੇ ਕਸ਼ਮੀਰ ਦੇ ਪਹਿਲਗਾਮ ‘ਤੇ ਹਮਲਾ ਕਰਕੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਭਾਰਤ ਨੇ ਹਮਲਾਵਰਾਂ ਤੋਂ ਬਦਲਾ ਲੈਣ ਦੀ ਸਹੁੰ ਖਾਧੀ ਹੈ। ਇਸ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਮੰਨਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ।