Khalistani Flag in Australia: ਮੰਦਰਾਂ ਤੋਂ ਬਾਅਦ ਹੁਣ ਭਾਰਤੀ ਵਣਜ ਦੂਤਘਰ ਨੂੰ ਬਣਾਇਆ ਨਿਸ਼ਾਨਾ, ਲਹਿਰਾਇਆ ਗਿਆ ਖਾਲਿਸਤਾਨੀ ਝੰਡਾ
Khalistani in Australia : ਖਾਲਿਸਤਾਨੀ ਸਮਰਥਕਾਂ ਨੇ ਆਸਟ੍ਰੇਲੀਆਂ ਦੇ ਮੰਦਿਰਾਂ ਤੋਂ ਬਾਅਦ ਹੁਣ ਭਾਰਤੀ ਵਣਜ ਦੂਤਘਰ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਬ੍ਰਿਸਬੇਨ ‘ਚ ਭਾਰਤੀ ਵਣਜ ਦੂਤਘਰ ‘ਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਇਹ ਹਮਲਾ ਖਾਲਿਸਤਾਨੀ ਸਮਰਥਕਾਂ ਨੇ ਕੀਤਾ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਉਥੇ ਝੰਡੇ ਵੀ ਲਹਿਰਾਏ। ਘਟਨਾ 21 ਫਰਵਰੀ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਆਸਟ੍ਰੇਲੀਆ ਦੇ ਕਵੀਂਸਲੈਂਡ ਦੇ ਬ੍ਰਿਸਬੇਨ ਵਿੱਚ ਭਾਰਤੀ ਵਣਜ ਦੂਤਘਰ ਉੱਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕੀਤਾ ਸੀ। ਇਹ ਖਬਰ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਖਾਲਿਸਤਾਨੀ ਸਮਰਥਕਾਂ ਵਲੋਂ ਮੰਦਿਰਾਂ ਵਿਚ ਭੰਨਤੋੜ ਕਰਨ ਤੋਂ ਕੁਝ ਦਿਨ ਬਾਅਦ ਸਾਹਮਣੇ ਆਈ ਹੈ।
ਭਾਰਤੀ ਵਣਜ ਦੂਤਘਰ ‘ਤੇ ਲਗਾਇਆ ਖਾਲਿਸਤਾਨੀ ਝੰਡਾ
ਜਾਣਕਾਰੀ ਮੁਤਾਬਕ ਬ੍ਰਿਸਬੇਨ ‘ਚ ਭਾਰਤ ਦੀ ਵਣਜ ਦੂਤ ਅਰਚਨਾ ਸਿੰਘ ਨੇ 22 ਫਰਵਰੀ ਨੂੰ ਦਫਤਰ ‘ਚ ਖਾਲਿਸਤਾਨ ਦਾ ਝੰਡਾ ਲੱਗਿਆ ਹੋਇਆ ਪਾਇਆ। ਉਨ੍ਹਾਂ ਨੇ ਕਿਹਾ, “ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਖਾਲਿਸਤਾਨ ਦੇ ਪ੍ਰਚਾਰ ਲਈ ਹਿੰਦੂ ਮੰਦਿਰਾਂ ਨੂੰ ਦਿੱਤੀਆਂ ਧਮਕੀਆਂ ਤੋਂ ਕਿੰਨੀ ਪਰੇਸ਼ਾਨ ਹਾਂ।” ਜਾਣਕਾਰੀ ਮੁਤਾਬਕ ਅਰਚਨਾ ਸਿੰਘ ਨੇ ਦਫਤਰ ‘ਚ ਖਾਲਿਸਤਾਨੀ ਝੰਡੇ ਨੂੰ ਦੇਖ ਕੇ ਤੁਰੰਤ ਕੁਈਨਸਲੈਂਡ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਆਉਂਦੇ ਹੀ ਝੰਡੇ ਨੂੰ ਜਬਤ ਕਰ ਲਿਆ ਅਤੇ ਕਿਸੇ ਫੌਰੀ ਖਤਰੇ ਤੋਂ ਬਚਣ ਲਈ ਭਾਰਤੀ ਕੌਂਸਲੇਟ ਦੀ ਸਫਾਈ ਕੀਤੀ।
ਮੰਦਿਰ ਦੀ ਭੰਨਤੋੜ ਕੀਤੀ ਅਤੇ ਭਾਰਤ ਵਿਰੋਧੀ ਨਾਅਰੇ
ਬ੍ਰਿਸਬੇਨ ਦੇ ਟਾਰਿੰਗਾ ਉਪਨਗਰ ਵਿੱਚ ਸਵਾਨ ਰੋਡ ਸਥਿਤ ਭਾਰਤੀ ਵਣਜ ਦੂਤਘਰ ਨੂੰ 21 ਫਰਵਰੀ ਦੀ ਰਾਤ ਨੂੰ ਖਾਲਿਸਤਾਨ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਸੀ। ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ ਆਸਟ੍ਰੇਲੀਆ ਦੇ ਦੱਖਣ-ਪੂਰਬੀ ਰਾਜ ਵਿਕਟੋਰੀਆ ਵਿੱਚ ਇੱਕ ਹਿੰਦੂ ਮੰਦਿਰ ਵਿੱਚ ਭੰਨਤੋੜ ਦਾ ਤੀਜਾ ਮਾਮਲਾ ਸਾਹਮਣੇ ਆਇਆ ਸੀ।ਪਿਛਲੇ 15 ਦਿਨਾਂ ਵਿੱਚ ਮੈਲਬੌਰਨ ਵਿੱਚ ਕਿਸੇ ਮੰਦਿਰ ਉੱਤੇ ਇਹ ਤੀਜਾ ਹਮਲਾ ਸੀ। ਇਸ ਤੋਂ ਪਹਿਲਾਂ 17 ਜਨਵਰੀ ਨੂੰ ਖਾਲਿਸਤਾਨੀ ਸਮਰਥਕਾਂ ਨੇ ਵਿਕਟੋਰੀਆ ਦੇ ਕਾਰੱਮ ਡੌਨਸ ਸਥਿਤ ਸ਼ਿਵ ਵਿਸ਼ਨੂੰ ਮੰਦਿਰ ‘ਤੇ ਹਮਲਾ ਕੀਤਾ ਸੀ। ਉੱਥੇ ਹੀ ਇਸ ਤੋਂ ਪਹਿਲਾਂ 12 ਜਨਵਰੀ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਮੈਲਬੌਰਨ ਦੇ ਸਵਾਮੀਨਾਰਾਇਣ ਮੰਦਿਰ ਨੂੰ ਭਾਰਤ ਵਿਰੋਧੀ ਨਾਅਰੇ ਲਿਖ ਕੇ ਉਸਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ।
ਇਨ੍ਹਾਂ ਘਟਨਾਵਾਂ ਦੇ ਮੱਦੇਨਜਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਆਸਟ੍ਰੇਲੀਆ ਦੌਰੇ ਦੌਰਾਨ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਆਸਟ੍ਰੇਲੀਆ ਵਿਚ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਰੁੱਧ ਚੌਕਸੀ ਦੀ ਲੋੜ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ