ਪੰਜਾਬ ਅੰਦਰ ਮੁੜ ਸਰਗਰਮ ਹੋਏ ਖਾਲਿਸਤਾਨੀ ਸਮਰਥਕ
ਪੰਜਾਬ ਨੇ ਲੰਮਾ ਸਮਾਂ ਤੱਕ ਖਾੜਕੂਵਾਦ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ। ਖਾੜਕੂਵਾਦ ਦੇ ਦੌਰ ਵਿੱਚ ਹਜਾਰਾਂ ਮਾਵਾਂ ਦੇ ਪੁੱਤ ਮਰੇ ਅਤੇ ਔਰਤਾਂ ਵਿਧਵਾ ਹੋ ਗਈ। ਅੱਜ ਪੰਜਾਬ ਦਾ ਕੋਈ ਵੀ ਵਿਅਕਤੀ ਮੁੜ ਤੋਂ ਉਹ ਦੌਰ ਨਹੀਂ ਚਾਹੁੰਦਾ ਹੈ। ਇਸਦੇ ਬਾਵਜੂਦ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਖਾਲੀਸਤਾਨੀ ਗਤੀਵਿਧੀਆਂ ਵੱਧ ਰਹੀਆਂ ਹਨ।
ਪੰਜਾਬ ਅੰਦਰ ਲੰਘੇ ਸਮੇਂ ਦੌਰਾਨ ਖਾਲਿਸਤਾਨੀ ਸਮਰਥਕ ਲਗਾਤਾਰ ਸਰਗਰਮ ਹੁੰਦੇ ਨਜ਼ਰ ਆ ਰਹੇ ਹਨ। ਖਾਲਿਸਤਾਨੀ ਸਮਰਥਕਾਂ ਵਲੋਂ ਜਿਥੇ ਆਮ ਥਾਵਾਂ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਜਾ ਰਹੇ ਹਨ ਉਥੇ ਹੀ ਸਰਕਾਰੀ ਇਮਾਰਤਾਂ ਦੇ ਨਾਲ-ਨਾਲ ਹੁਣ ਖਾਲਿਸਤਾਨੀਆਂ ਵਲੋਂ ਪੁਲਿਸ ਅਫ਼ਸਰਾਂ ਦੇ ਦਫ਼ਤਰਾਂ ਅਤੇ ਸਰਕਾਰੀ ਰਿਹਾਇਸ਼ਾਂ ਦੀਆਂ ਕੰਧਾਂ ਤੇ ਇਹ ਨਾਅਰੇ ਲਿਖੇ ਜਾ ਰਹੇ ਹਨ ਜੋ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਹੈ।
ਬੀਤੀ 19 ਨਵੰਬਰ ਨੂੰ ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਘਰ ਦੀਆਂ ਦੀਵਾਰਾਂ ਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਸਨ। ਹਾਲਾਂਕਿ ਪੁਲਿਸ ਨੇ ਇਨ੍ਹਾਂ ਨਾਅਰਿਆਂ ਨੂੰ ਮਿਟਾ ਦਿੱਤਾ ਪਰ ਇਸ ਤੋਂ ਬਾਅਦ ਵੀ ਲਗਾਤਾਰ ਖਾਲਿਸਤਾਨੀਆਂ ਵਲੋਂ ਪੰਜਾਬ ਚ ਵੱਖ ਵੱਖ ਥਾਂਵਾਂ ਤੇ ਇਹ ਨਾਅਰੇ ਲਿਖੇ ਗਏ। ਤੁਹਾਨੂੰ ਦੱਸ ਦਈਏ ਕਿ 13 ਨਵੰਬਰ ਨੂੰ ਫਿਰੋਜ਼ਪੁਰ ਦੇ ਹਲਕਾ ਤਲਵੰਡੀ ਭਾਈ ਚ ਸਥਿਤ ਡੇਰਾ ਰਾਧਾ ਸੁਆਮੀ ਦੇ ਸਤਿਸੰਗ ਘਰ ਤੇ, 1 ਦਸੰਬਰ 2022 ਨੂੰ ਮਲੋਟ ਦੇ ਸਰਕਾਰੀ ਵਿਕਾਸ ਪੰਚਾਇਤ ਦੇ ਦਫ਼ਤਰ ਤੇ, 20 ਦਸੰਬਰ 2022 ਨੂੰ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਦੀਆਂ ਕੰਧਾਂ ਤੇ ਅਤੇ 3 ਜਨਵਰੀ 2023 ਨੂੰ ਮੁਕਤਸਰ ਸਾਹਿਬ ਦੇ ਐਸ. ਐਸ. ਪੀ. ਦਫ਼ਤਰ ਦੀਆਂ ਕੰਧਾਂ ਤੇ ਇਹ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨਾਅਰਿਆਂ ਨੂੰ ਕਾਲੀ ਸ਼ਿਹਾਈ ਨਾਲ ਮਿਟਾ ਤਾਂ ਦਿੱਤਾ ਪਰ ਇਹ ਦੇਸ਼ ਵਿਰੋਧੀ ਗਤੀਵਿਧੀਆਂ ਲਗਾਤਾਰ ਜਾਰੀ ਹਨ।
ਜਿਵੇਂ ਹੀ ਪੰਜਾਬ ਚ ਕਿਸੇ ਥਾਂ ਤੇ ਕੋਈ ਵਿਅਕਤੀ ਖਾਲਿਸਤਾਨੀ ਨਾਅਰੇ ਜਾਂ ਬਿਆਨ ਲਿਖਦਾ ਹੈ ਤਾਂ ਇਸ ਤੋਂ ਬਾਅਦ ਵਿਦੇਸ਼ ਤੇ ਬੈਠੇ ਸਿਖਸ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਇਕ ਵੀਡੀਓ ਸੰਦੇਸ਼ ਰਾਹੀਂ ਇਨ੍ਹਾਂ ਨਾਅਰਿਆਂ ਸਬੰਧੀ ਜਿੰਮੇਵਾਰੀ ਲੈਂਦਾ ਹੈ ਅਤੇ ਉਹ ਕਹਿੰਦਾ ਹੈ ਕਿ ਇਹ ਸਭ ਉਹ ਹੀ ਕਰਵਾ ਰਿਹਾ ਹੈ।
ਪੰਨੂ ਖਿਲਾਫ਼ ਪੰਜਾਬ ਚ ਵੱਖ-ਵੱਖ ਥਾਣਿਆਂ ਵਿਚ ਬਹੁਤ ਸਾਰੇ ਮਾਮਲੇ ਦਰਜ ਹਨ। ਭਾਰਤ ਸਰਕਾਰ ਵਲੋਂ ਪੰਨੂ ਨੂੰ ਗੰਭੀਰ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਨੂ ਵਿਰੁੱਧ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਕਈ ਸੂਬਿਆਂ ਵਿੱਚ ਮਾਮਲਾ ਦਰਜ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਵੀ ਸਰਕਾਰ ਨੂੰ ਪੰਨੂ ਨੂੰ ਭਾਰਤ ਲਿਆ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ ਨਹੀਂ ਕੀਤੀ।
ਬਾਵਜੂਦ ਇਸਦੇ ਗੁਰਪਤਵੰਤ ਪੰਨੂ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿਚ ਲਗਿਆ ਹੋਇਆ ਹੈ। ਇਨ੍ਹਾਂ ਨਾਅਰਿਆਂ ਤੋਂ ਇਲਾਵਾ ਗੁਰਪਤਵੰਤ ਪੰਨੂ ਸਮੇਂ ਸਮੇਂ ਤੇ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਇਨਾਮੀ ਰਾਸ਼ੀ ਵੀ ਐਲਾਨਦਾ ਹੈ ਤਾਂ ਜੋ ਨੌਜਵਾਨ ਲਾਲਚ ਵਜੋਂ ਉਸ ਲਈ ਕੰਮ ਕਰਨ। ਪੰਜਾਬ ਵਿੱਚ ਵੱਧ ਰਹੀ ਖਾਲੀਸਤਾਨੀ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਪੰਨੂ ਵਰਗੇ ਦਹਿਸ਼ਤਗਰਦਾਂ ਨੂੰ ਨੱਥ ਪਾਉਣ ਦੀ ਲੋੜ ਹੈ।