ਇੰਡੋਨੇਸ਼ੀਆ ‘ਚ ਜੁਆਲਾਮੁਖੀ ਫਟਿਆ, 50 ਹਜ਼ਾਰ ਫੁੱਟ ਤੱਕ ਪਹੁੰਚੀ ਸੁਆਹ; 209 ਉਡਾਣਾਂ ਹੋਈਆਂ ਪ੍ਰਭਾਵਿਤ
ਇੰਡੋਨੇਸ਼ੀਆ ਦੇ ਪ੍ਰਸਿੱਧ ਅਨਾਕ ਕ੍ਰਾਕਾਟੋਆ ਜੁਆਲਾਮੁਖੀ ਵਿੱਚ ਐਤਵਾਰ ਤੜਕੇ ਅਚਾਨਕ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜੁਆਲਾਮੁਖੀ ਫਟਣ ਕਾਰਨ ਨਿਕਲੀ ਸੁਆਹ ਅਤੇ ਗ਼ੁਬਾਰ ਪੱਛਮੀ ਇੰਡੋਨੇਸ਼ੀਆ ਦੇ ਕਈ ਇਲਾਕਿਆਂ ਵਿੱਚ ਫੈਲ ਗਿਆ, ਜਿਸ ਦੇ ਮੱਦੇਨਜ਼ਰ ਰਾਜਧਾਨੀ ਜਕਾਰਤਾ ਦੇ ਸੂਕਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ 'ਤੇ ਰੱਦ ਕਰਨਾ ਪਿਆ।
ਇੰਡੋਨੇਸ਼ੀਆ ਦੇ ਪ੍ਰਸਿੱਧ ਅਨਾਕ ਕ੍ਰਾਕਾਟੋਆ ਜੁਆਲਾਮੁਖੀ ਵਿੱਚ ਐਤਵਾਰ ਤੜਕੇ ਅਚਾਨਕ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜੁਆਲਾਮੁਖੀ ਫਟਣ ਕਾਰਨ ਨਿਕਲੀ ਸੁਆਹ ਅਤੇ ਗ਼ੁਬਾਰ ਪੱਛਮੀ ਇੰਡੋਨੇਸ਼ੀਆ ਦੇ ਕਈ ਇਲਾਕਿਆਂ ਵਿੱਚ ਫੈਲ ਗਿਆ, ਜਿਸ ਦੇ ਮੱਦੇਨਜ਼ਰ ਰਾਜਧਾਨੀ ਜਕਾਰਤਾ ਦੇ ਸੂਕਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰਨਾ ਪਿਆ। ਇੰਡੋਨੇਸ਼ੀਆ ਦੀ ਭੂ-ਵਿਗਿਆਨਕ ਏਜੰਸੀ ਮੁਤਾਬਕ, ਜਾਵਾ ਅਤੇ ਸੁਮਾਤਰਾ ਦੇ ਪ੍ਰਮੁੱਖ ਟਾਪੂਆਂ ਵਿਚਕਾਰ ਸੁੰਡਾ ਜਲਡਮਰੂਮੱਧ ਵਿੱਚ ਸਥਿਤ ਇਸ ਜੁਆਲਾਮੁਖੀ ਟਾਪੂ ‘ਤੇ ਸ਼ਨੀਵਾਰ ਤੋਂ ਹੀ ਗਤੀਵਿਧੀਆਂ ਤੇਜ਼ ਹੋਣ ਦੇ ਸੰਕੇਤ ਮਿਲ ਰਹੇ ਸਨ। ਐਤਵਾਰ ਤੜਕੇ ਕਰੀਬ 3 ਵੱਜ ਕੇ 53 ਮਿੰਟ ‘ਤੇ ਇਹ ਜੁਆਲਾਮੁਖੀ ਲਗਭਗ 30 ਸੈਕਿੰਡ ਤੱਕ ਜ਼ੋਰਦਾਰ ਢੰਗ ਨਾਲ ਫਟਿਆ।
ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਫ਼ਿਲਹਾਲ ਆਸ-ਪਾਸ ਦੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੋਈ ਹੁਕਮ ਜਾਰੀ ਕੀਤਾ ਗਿਆ ਹੈ। ਜੁਆਲਾਮੁਖੀ ਦੇ ਸਭ ਤੋਂ ਨੇੜੇ ਵੱਸਿਆ ਰਿਹਾਇਸ਼ੀ ਖੇਤਰ ਲਗਭਗ 16 ਕਿਲੋਮੀਟਰ ਦੂਰ ਹੈ। ਹਾਲਾਂਕਿ, ਭੂ-ਵਿਗਿਆਨਕ ਏਜੰਸੀ ਨੇ ਸਾਵਧਾਨੀ ਵਜੋਂ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਜੁਆਲਾਮੁਖੀ ਦੇ ਸਰਗਰਮ ਕੇਂਦਰ ਤੋਂ ਘੱਟੋ-ਘੱਟ ਤਿੰਨ ਕਿਲੋਮੀਟਰ ਦੂਰ ਰਹਿਣ ਦੀ ਸਖ਼ਤ ਚਿਤਾਵਨੀ ਦਿੱਤੀ ਹੈ। ਏਅਰਪੋਰਟ ਬੰਦ ਹੋਣ ਕਾਰਨ ਐਤਵਾਰ ਨੂੰ ਕੁੱਲ 209 ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ, ਜਿਸ ਨਾਲ ਲਗਭਗ 22,800 ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਭਾਵਿਤ ਉਡਾਣਾਂ ਵਿੱਚ ਦੱਖਣੀ ਸੁਲਾਵੇਸੀ ਦੇ ਮਕਾਸਰ ਵਿਚਕਾਰ ਚੱਲਣ ਵਾਲੀਆਂ ਰੁਝੇਵੇਂ ਭਰੀਆਂ ਘਰੇਲੂ ਉਡਾਣਾਂ ਅਤੇ ਸਿੰਗਾਪੁਰ ਜਾਣ ਵਾਲੀਆਂ ਪ੍ਰਮੁੱਖ ਅੰਤਰਰਾਸ਼ਟਰੀ ਫਲਾਈਟਾਂ ਸ਼ਾਮਲ ਹਨ।
ਸੂਕਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਮੁਅੱਤਲ
ਜੁਆਲਾਮੁਖੀ ਫਟਣ ਕਾਰਨ ਨਿਕਲੀ ਸੁਆਹ ਦੀ ਸੰਘਣੀ ਪਰਤ ਰਾਜਧਾਨੀ ਜਕਾਰਤਾ, ਸੁਮਾਤਰਾ ਟਾਪੂ ਅਤੇ ਦੱਖਣੀ ਸਿਰੇ ‘ਤੇ ਸਥਿਤ ਲਾਮਪੁੰਗ ਸੂਬੇ ਦੇ ਕਈ ਹਿੱਸਿਆਂ ਵਿੱਚ ਫੈਲ ਗਈ। ਹਵਾਈ ਅੱਡਾ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਊਂਟ ਅਨਾਕ ਕ੍ਰਾਕਾਟੋਆ ਦੀ ਵਧੀ ਹੋਈ ਜੁਆਲਾਮੁਖੀ ਗਤੀਵਿਧੀ ਅਤੇ ਅਸਮਾਨ ਵਿੱਚ ਫੈਲੀ ਸੁਆਹ ਕਾਰਨ ਸੂਕਰਨੋ-ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਵੇਰੇ 5:30 ਵਜੇ ਤੋਂ ਲੈ ਕੇ 9:30 ਵਜੇ ਤੱਕ ਉਡਾਣਾਂ ਦੇ ਸੰਚਾਲਨ ‘ਤੇ ਅਸਥਾਈ ਤੌਰ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਸੀ।
ਯਾਤਰੀਆਂ ਨੇ ਕੀਤੀ ਟਿਕਟਾਂ ਦੇ ਰਿਫੰਡ ਦੀ ਮੰਗ
ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡੇ ‘ਤੇ ਉਡਾਣਾਂ ਰੱਦ ਹੋਣ ਦੀ ਗਿਣਤੀ ਲਗਾਤਾਰ ਵਧਣ ਕਾਰਨ ਯਾਤਰੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ‘ਚ ਯਾਤਰੀਆਂ ਨੇ ਕਾਊਂਟਰਾਂ ‘ਤੇ ਪਹੁੰਚ ਕੇ ਟਿਕਟਾਂ ਦੇ ਪੈਸੇ ਵਾਪਸ (ਰਿਫੰਡ) ਕਰਨ ਦੀ ਮੰਗ ਕੀਤੀ ਅਤੇ ਆਪਣਾ ਚੈੱਕ-ਇਨ ਕੀਤਾ ਸਾਮਾਨ ਵਾਪਸ ਲੈਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇੰਡੋਨੇਸ਼ੀਆ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਹ ਜੁਆਲਾਮੁਖੀ ਦੇ ਧਮਾਕੇ ਨਾਲ ਹਵਾਈ ਆਵਾਜਾਈ ‘ਤੇ ਪੈ ਰਹੇ ਅਸਰ ‘ਤੇ ਲਗਾਤਾਰ ਤਿੱਖੀ ਨਜ਼ਰ ਰੱਖ ਰਿਹਾ ਹੈ। ਵਿਭਾਗ ਵੱਲੋਂ ਹਵਾਈ ਅੱਡਾ ਸੰਚਾਲਕਾਂ, ਏਅਰਲਾਈਨ ਸੇਵਾਵਾਂ ਅਤੇ ਮੌਸਮ ਵਿਗਿਆਨ ਏਜੰਸੀ ਨਾਲ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਕਰਨੋ-ਹੱਟਾ ਹਵਾਈ ਅੱਡੇ ‘ਤੇ ਰਾਤ ਵੇਲੇ ਖੜ੍ਹੇ ਕੀਤੇ ਗਏ 170 ਜਹਾਜ਼ ਅਜੇ ਵੀ ਉੱਥੇ ਹੀ ਮੌਜੂਦ ਹਨ।
ਕਈ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਰੱਦ ਤੇ ਡਾਇਵਰਟ
ਇਸ ਕੁਦਰਤੀ ਆਫ਼ਤ ਕਾਰਨ ਦੁਨੀਆ ਦੇ ਕਈ ਵੱਡੇ ਸ਼ਹਿਰਾਂ ਲਈ ਚੱਲਣ ਵਾਲੀਆਂ ਉਡਾਣਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚ ਹਾਂਗਕਾਂਗ, ਸਿਡਨੀ ਅਤੇ ਐਮਸਟਰਡਮ ਤੋਂ ਇਲਾਵਾ ਦੱਖਣੀ ਕੋਰੀਆ ਦੇ ਸਿਓਲ, ਕਤਰ ਦੇ ਦੋਹਾ ਅਤੇ ਮਲੇਸ਼ੀਆ ਦੇ ਕੁਆਲਾਲੰਪੁਰ ਦੀਆਂ ਅਹਿਮ ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ, ਜਿਨ੍ਹਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਦੇ ਸਮੇਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ। ਇਸ ਦੇ ਨਾਲ ਹੀ ਲਾਮਪੁੰਗ, ਬਾਲੀ ਅਤੇ ਸੁਰਾਬਾਇਆ ਜਾਣ ਵਾਲੀਆਂ ਕਈ ਘਰੇਲੂ ਉਡਾਣਾਂ ਨੂੰ ਵੀ ਰੱਦ ਕਰਨਾ ਪਿਆ ਜਾਂ ਦੂਜੇ ਹਵਾਈ ਅੱਡਿਆਂ ਵੱਲ ਡਾਇਵਰਟ ਕਰ ਦਿੱਤਾ ਗਿਆ। ਪ੍ਰਸ਼ਾਸਨ ਮੁਤਾਬਕ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੋਣ ਅਤੇ ਅਸਮਾਨ ਸਾਫ਼ ਹੋਣ ਤੋਂ ਬਾਅਦ ਹੀ ਹਵਾਈ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ।


