ਲੁਧਿਆਣਾ ਬੱਸ ਸਟੈਂਡ ਦੀ ਪਾਰਕਿੰਗ ਤੋਂ PRTC ਦੀ ਬੱਸ ਚੋਰੀ; ਟਾਇਰ, ਕੈਮਰੇ ਤੇ ਬੈਟਰੀਆਂ ਲੈ ਗਏ ਚੋਰ
ਬੱਸ ਦੇ ਡਰਾਈਵਰ ਨੇ ਦੱਸਿਆ ਕਿ ਕੁਝ ਵਿਅਕਤੀ ਪਿਕਅਪ ਗੱਡੀ 'ਚ ਆਏ ਸਨ ਤੇ ਉਨ੍ਹਾਂ 'ਤੇ ਹੀ ਸਾਨੂੰ ਸ਼ੱਕ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਘਟਨਾ ਕਾਰਨ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਲੁਧਿਆਣਾ ‘ਚ ਚੋਰਾਂ ਨੇ ਪੰਜਾਬ ਦੀ ਸਰਕਾਰੀ ਬੱਸ ਨੂੰ ਵੀ ਨਹੀਂ ਬਖ਼ਸ਼ਿਆ। ਕਿਲੋਮੀਟਰ ਸਕੀਮ ਤਹਿਤ ਦਿੱਲੀ ਰੂਟ ‘ਤੇ ਚੱਲਣ ਵਾਲੀ ਪੀਆਰਟੀਸੀ ਦੀ ਬੱਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਲੁਧਿਆਣਾ ਬੱਸ ਸਟੈਂਡ ਦੀ ਪਾਰਕਿੰਗ ਤੋਂ ਬੱਸ ਚੋਰੀ ਕਰਨ ਤੋਂ ਬਾਅਦ ਚੋਰ ਇਸ ਨੂੰ ਚੌਂਕੀਮਾਨ ਟੋਲ ਪਲਾਜ਼ਾ ਤੋਂ ਕੁਝ ਦੂਰੀ ‘ਤੇ ਇੱਕ ਪਿੰਡ ਨੇੜੇ ਲੈ ਗਏ, ਜਿੱਥੇ ਬੱਸ ਦੇ ਟਾਇਰ, ਕੈਮਰੇ, ਬੈਟਰੀਆਂ ਤੇ ਹੋਰ ਪੁਰਜ਼ੇ ਖੋਲ੍ਹ ਕੇ ਚੋਰੀ ਕਰ ਲਏ ਗਏ।
ਇਸ ਪੂਰੇ ਮਾਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ‘ਚ ਦੇਖਿਆ ਜਾ ਸਕਦਾ ਹੈ ਕਿ ਬੱਸ ਨੂੰ ਕਿਸ ਤਰ੍ਹਾਂ ਚੋਰੀ ਕਰਕੇ ਲਿਜਾਇਆ ਗਿਆ।
ਬੱਸ ਦੇ ਡਰਾਈਵਰ ਨੇ ਦੱਸਿਆ ਕਿ ਕੁਝ ਵਿਅਕਤੀ ਪਿਕਅਪ ਗੱਡੀ ‘ਚ ਆਏ ਸਨ ਤੇ ਉਨ੍ਹਾਂ ‘ਤੇ ਹੀ ਸਾਨੂੰ ਸ਼ੱਕ ਹੈ। ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਇਸ ਘਟਨਾ ਕਾਰਨ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਡਰਾਈਵਰ ਮੁਤਾਬਕ ਇਹ ਬੱਸ ਕਿਲੋਮੀਟਰ ਸਕੀਮ ਤਹਿਤ ਦਿੱਲੀ ਰੂਟ ‘ਤੇ ਚੱਲਦੀ ਸੀ। ਰਾਤ ਨੂੰ ਬੱਸ ਨੂੰ ਪਾਰਕਿੰਗ ‘ਚ ਖੜ੍ਹਾ ਕੀਤਾ ਗਿਆ ਸੀ, ਜਿੱਥੋਂ ਚੋਰ ਇਸ ਨੂੰ ਸਿੱਧਾ ਸਟਾਰਟ ਕਰਕੇ ਲੈ ਗਏ। ਬਾਅਦ ‘ਚ ਬੱਸ ਨੂੰ ਇੱਕ ਸੁੰਨਸਾਨ ਥਾਂ ‘ਤੇ ਖੜ੍ਹਾ ਕਰਕੇ ਉਸ ਦੇ ਪੁਰਜ਼ੇ ਖੋਲ੍ਹੇ ਗਏ ਤੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ।
ਇਸ ਸਬੰਧੀ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਬੱਸ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਮਲੇ ‘ਚ ਜਲਦ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ।


