ਮਿਆਂਮਾਰ ਭੂਚਾਲ ਵਿੱਚ ਹੁਣ ਤੱਕ ਦੱਬੇ ਲੋਕਾਂ ਨੂੰ ਲੱਭਣ ਨਿਕਲੇ ‘ਕਾਕਰੋਚ’, ਇਸ ਦੇਸ਼ ਨੇ ਭੇਜੀ ਹਾਈਟੈਕ ਮਦਦ
ਮਿਆਂਮਾਰ ਵਿੱਚ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ, ਸਿੰਗਾਪੁਰ ਦੀ ਹੋਮ ਟੀਮ ਸਾਇੰਸ ਐਂਡ ਟੈਕਨਾਲੋਜੀ ਨੇ ਸਾਈਬਰਗ ਕਾਕਰੋਚ ਬਣਾਉਣ ਲਈ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਨਾਲ ਭਾਈਵਾਲੀ ਕੀਤੀ ਹੈ। ਇਹ ਕੀੜੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਵਿੱਚ ਮਦਦ ਕਰਨਗੇ ਅਤੇ ਬਚਾਅ ਟੀਮ ਨੂੰ ਸਹੂਲਤ ਪ੍ਰਦਾਨ ਕਰਨਗੇ। ਇਹ ਕਈ ਸੈਂਸਰਾਂ ਨਾਲ ਲੈਸ ਹੋਵੇਗਾ।

ਹਾਲ ਹੀ ਵਿੱਚ ਆਏ 7.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਮਿਆਂਮਾਰ ਵਿੱਚ ਰਾਹਤ ਕਾਰਜ ਜਾਰੀ ਹਨ। ਹੁਣ ਸਾਈਬਰਗ ਕਾਕਰੋਚ ਵੀ ਇਸ ਰਾਹਤ ਕਾਰਜ ਦਾ ਹਿੱਸਾ ਬਣਨ ਜਾ ਰਹੇ ਹਨ। ਸਿੰਗਾਪੁਰ ਦੀ ਹੋਮ ਟੀਮ ਸਾਇੰਸ ਐਂਡ ਟੈਕਨਾਲੋਜੀ (HTX) ਨੇ ਭੂਚਾਲ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਮਦਦ ਕਰਨ ਲਈ ਇਹ ਰੋਬੋਟਿਕ ਕਾਕਰੋਚ ਬਣਾਉਣ ਲਈ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਅਤੇ ਕਲਾਸ ਇੰਜੀਨੀਅਰਿੰਗ ਐਂਡ ਸਲਿਊਸ਼ਨਜ਼ ਨਾਲ ਸਾਂਝੇਦਾਰੀ ਕੀਤੀ ਹੈ। ਇਹ ਕਾਕਰੋਚ ਕੈਮਰੇ ਅਤੇ ਇਨਫਰਾਰੈੱਡ ਸੈਂਸਰਾਂ ਨਾਲ ਲੈਸ ਹੋਣਗੇ। ਇਸ ਨਾਲ ਭੂਚਾਲ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਵਿੱਚ ਮਦਦ ਮਿਲ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੁਆਰਾ 10 ਰੋਬੋਟ ਹਾਈਬ੍ਰਿਡ ਤਿਆਰ ਕੀਤੇ ਗਏ ਹਨ। ਇਨ੍ਹਾਂ ਸਾਈਬਰਗ ਕੀੜਿਆਂ ਨੂੰ ਨੇਪੀਡਾਅ ਅਤੇ ਮੰਡਲੇ ਵਿੱਚ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਲਈ ਤਾਇਨਾਤ ਕੀਤਾ ਜਾਵੇਗਾ।
ਕਿੰਨੇ ਕਾਰਗਰ ਸਾਬਤ ਹੋਣਗੇ ਸਾਈਬਰਗ ਕਾਕਰੋਚ?
ਇਨ੍ਹਾਂ ਕੀੜਿਆਂ ਦੀ ਵਰਤੋਂ ਉਨ੍ਹਾਂ ਥਾਵਾਂ ਨੂੰ ਸਕੈਨ ਕਰਨ ਲਈ ਕੀਤੀ ਜਾਵੇਗੀ ਜਿੱਥੇ ਬਚਾਅ ਟੀਮਾਂ ਲਈ ਪਹੁੰਚਣਾ ਮੁਸ਼ਕਲ ਹੈ। ਇਹ ਕੀੜੇ ਮਲਬੇ ਵਿੱਚੋਂ ਜਾਂ ਤੰਗ ਥਾਵਾਂ ‘ਤੇ ਆਸਾਨੀ ਨਾਲ ਘੁੰਮ ਸਕਣਗੇ ਅਤੇ ਇਨ੍ਹਾਂ ‘ਤੇ ਲੱਗੇ ਕੈਮਰਿਆਂ ਅਤੇ ਸੈਂਸਰਾਂ ਦੀ ਮਦਦ ਨਾਲ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। HTX ਦੇ ਰੋਬੋਟਿਕਸ ਸੈਂਟਰ ਤੋਂ ਓਂਗ ਕਾ ਹਿੰਗ ਕਹਿੰਦੇ ਹਨ “ਇਹ ਪਹਿਲੀ ਵਾਰ ਹੈ ਜਦੋਂ ਇਸ ਖੇਤਰ ਵਿੱਚ ਰੋਬੋਟਿਕ ਹਾਈਬ੍ਰਿਡ ਕੀੜਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਸੀਂ ਬਹੁਤ ਸਾਰੀਆਂ ਤਕਨੀਕੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਅਤੇ ਸਾਡੇ ਕੋਲ ਉਨ੍ਹਾਂ ਨਾਲ ਨਜਿੱਠਣ ਲਈ ਜ਼ਿਆਦਾ ਸਮਾਂ ਨਹੀਂ ਹੈ,” ।
ਪੇਸ਼ ਆ ਰਹੀਆਂ ਕਈ ਚੁਣੌਤੀਆਂ
HTX ਦੇ ਯਾਪ ਕਿਆਨ ਯਾਦ ਕਰਦੇ ਹੋਏ ਦੱਸਦੇ ਹਨ -“ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਜੋ ਲੰਬੇ ਸਮੇਂ ਤੋਂ ਮਲਬੇ ਹੇਠ ਫਸੇ ਹੋਏ ਸਨ। ਇਸ ਚੀਜ ਨੇ HTX ਨੂੰ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ,” । ਉੱਚ ਤਾਪਮਾਨ, ਬਿਜਲੀ ਕੱਟਾਂ ਅਤੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ, ਇਹ ਟੀਮ ਲੋਕਾਂ ਦੀ ਮਦਦ ਲਈ ਡਟ ਕੇ ਖੜ੍ਹੀ ਹੈ। ਉਹ ਕਹਿੰਦੇ ਹਨ ਕਿ ਜਿੰਨਾ ਚਿਰ ਲੋਕਾਂ ਨੂੰ ਮਦਦ ਦੀ ਲੋੜ ਹੈ, ਅਸੀਂ ਇੱਥੇ ਹੀ ਰਹਾਂਗੇ। ਇੰਜੀਨੀਅਰਾਂ ਦਾ ਇਹ ਵੀ ਕਹਿਣਾ ਹੈ ਕਿ ਹਾਲੇ ਤੱਕ ਇਨ੍ਹਾਂ ਰੋਬੋਟਸ ਨੇ ਲੋਕਾਂ ਨੂੰ ਨਹੀਂ ਲੱਭਿਆ ਹੈ ਪਰ ਇਹ ਤੰਗ ਥਾਵਾਂ ਨੂੰ ਸਕੈਨ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਏ ਹਨ।
ਸਮੇਂ ਤੋਂ ਪਹਿਲਾਂ ਲਿਆਂਦਾ ਗਿਆ ਮੈਦਾਨ ‘ਚ
ਇੰਜੀਨੀਅਰਾਂ ਨੇ ਦੱਸਿਆ ਹੈ ਕਿ ਇਹ ਸਾਈਬੌਰਗ ਕੀੜੇ ਅਸਲ ਵਿੱਚ 2026 ਤੋਂ ਵਰਤੇ ਜਾਣੇ ਸਨ, ਪਰ ਹਾਲਾਤਾਂ ਦੇ ਕਾਰਨ, ਇਨ੍ਹਾਂ ਨੂੰ ਜਲਦੀ ਤਾਇਨਾਤ ਕਰਨਾ ਪਿਆ। ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਸਾਨੂੰ ਮਿਲਣ ਵਾਲੀ ਫੀਡਬੈਕ ਇਨ੍ਹਾਂ ਰੋਬੋਟਾਂ ਦੇ ਵਿਕਾਸ ਨੂੰ ਤੇਜ਼ ਕਰੇਗੀ।