ਵਿਰਾਟ ਕੋਹਲੀ ਲਈ ’18’ ਨੰਬਰ ਹੋਰ ਵੀ ਬਣ ਗਿਆ ਖਾਸ, ਖੁਦ ਇਸ ਦੇ ਪਿੱਛੇ ਦੀ ਕਹਾਣੀ ਕੀਤੀ ਸਾਂਝੀ
ਆਈਪੀਐਲ 2025 ਦੇ ਫਾਈਨਲ ਵਿੱਚ, ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ 18ਵੇਂ ਸੀਜ਼ਨ ਦਾ ਖਿਤਾਬ ਜਿੱਤਿਆ। ਵਿਰਾਟ ਕੋਹਲੀ ਦਾ ਜਰਸੀ ਨੰਬਰ 18 ਹੈ ਅਤੇ ਇਹ ਉਨ੍ਹਾਂ ਲਈ ਹੋਰ ਵੀ ਖਾਸ ਹੋ ਗਿਆ ਹੈ। ਉਹ ਇਸ ਸੰਬੰਧੀ ਪਹਿਲਾਂ ਹੀ ਕਈ ਬਿਆਨ ਦੇ ਚੁੱਕੇ ਹਨ।

ਆਈਪੀਐਲ 2025 ਦੇ ਫਾਈਨਲ ਵਿੱਚ, ਰਾਇਲ ਚੈਲੇਂਜਰਜ਼ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਦੀ ਟਰਾਫੀ ਜਿੱਤ ਲਈ। ਆਰਸੀਬੀ ਦੇ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਟਰਾਫੀ ਵਿਰਾਟ ਕੋਹਲੀ ਲਈ ਬਹੁਤ ਖਾਸ ਹੈ। ਇਹ ਇਸ ਲਈ ਹੈ ਕਿਉਂਕਿ ਵਿਰਾਟ ਕੋਹਲੀ ਆਈਪੀਐਲ ਦੇ 18 ਸੀਜ਼ਨਾਂ ਵਿੱਚ ਆਰਸੀਬੀ ਲਈ ਖੇਡੇ ਹਨ ਅਤੇ ਪਹਿਲੀ ਵਾਰ ਉਹਨਾਂ ਨੇ ਇਹ ਟਰਾਫੀ ਜਿੱਤੀ ਹੈ। ਵਿਰਾਟ ਕੋਹਲੀ ਦਾ ਜਰਸੀ ਨੰਬਰ ਵੀ 18 ਹੈ ਅਤੇ ਹੁਣ ਇਹ ਨੰਬਰ ਉਹਨਾਂ ਦੇ ਲਈ ਹੋਰ ਵੀ ਖਾਸ ਹੋ ਗਿਆ ਹੈ।
ਵਿਰਾਟ ਨੇ ਪਹਿਲਾਂ ਹੀ ਕਰ ਦਿੱਤਾ ਸੀ ਵੱਡਾ ਖੁਲਾਸਾ
ਵਿਰਾਟ ਕੋਹਲੀ ਪਹਿਲਾਂ ਹੀ ਖੁਲਾਸਾ ਕਰ ਚੁੱਕੇ ਸੀ ਕਿ, ‘ਮੇਰੇ ਪਿਤਾ ਦਾ 18 ਦਸੰਬਰ ਨੂੰ ਦੇਹਾਂਤ ਹੋ ਗਿਆ। ਜਦੋਂ ਮੈਂ ਅੰਡਰ-19 ਟੀਮ ਵਿੱਚ ਸ਼ਾਮਲ ਹੋਇਆ, ਤਾਂ ਉਨ੍ਹਾਂ ਨੇ ਮੈਨੂੰ ਜਰਸੀ ਨੰਬਰ 18 ਦਿੱਤਾ। ਮੈਂ 18 ਅਗਸਤ ਨੂੰ ਭਾਰਤ ਲਈ ਡੈਬਿਊ ਕੀਤਾ ਸੀ। ਮੈਨੂੰ ਨਹੀਂ ਪਤਾ ਪਰ 18 ਨੰਬਰ ਮੇਰੀ ਜ਼ਿੰਦਗੀ ਵਿੱਚ ਬਹੁਤ ਖਾਸ ਸਥਾਨ ਰੱਖਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਆਈਪੀਐਲ ਦਾ 18ਵਾਂ ਸੀਜ਼ਨ ਸੀ। ਭਾਵੇਂ ਵਿਰਾਟ ਕੋਹਲੀ ਆਰਸੀਬੀ ਲਈ ਫਾਈਨਲ ਵਿੱਚ ਵੱਡਾ ਸਕੋਰ ਨਹੀਂ ਬਣਾ ਸਕੇ, ਪਰ ਉਹਨਾਂ ਨੇ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਿਰਾਟ ਨੇ ਆਈਪੀਐਲ 2025 ਦੇ ਫਾਈਨਲ ਵਿੱਚ 43 ਦੌੜਾਂ ਦੀ ਪਾਰੀ ਖੇਡੀ। ਉਹਨਾਂ ਨੇ ਆਪਣੀ ਪਾਰੀ ਦੌਰਾਨ ਤਿੰਨ ਚੌਕੇ ਲਗਾਏ।
ਆਰਸੀਬੀ ਨੇ ਜਿੱਤਿਆ ਆਈਪੀਐਲ 2025 ਦਾ ਫਾਈਨਲ
ਫਾਈਨਲ ਮੈਚ ਦੀ ਗੱਲ ਕਰੀਏ ਤਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਰਾਇਲ ਚੈਲੇਂਜਰਜ਼ ਬੰਗਲੌਰ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਬਣਾਈਆਂ। ਵਿਰਾਟ ਕੋਹਲੀ ਤੋਂ ਇਲਾਵਾ, ਕਪਤਾਨ ਰਜਤ ਪਾਟੀਦਾਰ ਨੇ 26 ਦੌੜਾਂ ਬਣਾਈਆਂ ਜਦੋਂ ਕਿ ਲੀਅਮ ਲਿਵਿੰਗਸਟੋਨ ਨੇ 25 ਦੌੜਾਂ ਬਣਾਈਆਂ। ਜਿਤੇਸ਼ ਸ਼ਰਮਾ ਨੇ 24 ਦੌੜਾਂ ਦਾ ਯੋਗਦਾਨ ਪਾਇਆ ਜਦੋਂ ਕਿ ਮਯੰਕ ਅਗਰਵਾਲ ਨੇ ਵੀ 24 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਲਈ, ਅਰਸ਼ਦੀਪ ਸਿੰਘ ਨੇ ਚਾਰ ਓਵਰਾਂ ਵਿੱਚ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਇਸ ਦੇ ਨਾਲ ਹੀ ਕਾਇਲ ਜੈਮੀਸਨ ਨੇ ਚਾਰ ਓਵਰਾਂ ਵਿੱਚ 48 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਜਵਾਬ ਵਿੱਚ, ਪੰਜਾਬ ਕਿੰਗਜ਼ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 184 ਦੌੜਾਂ ਹੀ ਬਣਾ ਸਕੀ। ਪੰਜਾਬ ਦੇ ਸਭ ਤੋਂ ਵਧੀਆ ਬੱਲੇਬਾਜ਼ ਸ਼ਸ਼ਾਂਕ ਸਿੰਘ ਨੇ 61* ਦੌੜਾਂ ਦੀ ਤੂਫਾਨੀ ਪਾਰੀ ਖੇਡੀ ਪਰ ਉਹ ਆਪਣੀ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਸ਼ਸ਼ਾਂਕ ਸਿੰਘ ਤੋਂ ਇਲਾਵਾ, ਜੋਸ਼ ਇੰਗਲਿਸ ਨੇ 39 ਦੌੜਾਂ ਬਣਾਈਆਂ ਜਦੋਂ ਕਿ ਪ੍ਰਭਸਿਮਰਨ ਸਿੰਘ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਰਾਇਲ ਚੈਲੇਂਜਰਜ਼ ਬੰਗਲੌਰ ਲਈ, ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ਵਿੱਚ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਇਸ ਦੇ ਨਾਲ ਹੀ ਕਰੁਣਾਲ ਪੰਡਯਾ ਨੇ ਵੀ ਦੋ ਵਿਕਟਾਂ ਲਈਆਂ।