ਸ਼ੁਭਮਨ ਗਿੱਲ ਦੇ ਇਤਿਹਾਸਕ ਪ੍ਰਦਰਸ਼ਨ ‘ਤੇ ICC ਦਾ ਵੱਡਾ ਐਲਾਨ , ਚੌਥੀ ਵਾਰ ਇਹ ਐਵਾਰਡ ਜਿੱਤਣ ਦਾ ਮੌਕਾ
Shubman Gill: ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫੈਨਸ ਦਾ ਦਿਲ ਜਿੱਤ ਲਿਆ। ਹੁਣ ICC ਨੇ ਉਨ੍ਹਾਂ ਨੂੰ ਦੋ ਹੋਰ ਖਿਡਾਰੀਆਂ ਦੇ ਨਾਲ ਇੱਕ ਐਵਾਰਡ ਲਈ ਨਾਮਜ਼ਦ ਕੀਤਾ ਹੈ।
ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਇਸ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਹੁਣ ICC ਦੇ ਵਿਸ਼ੇਸ਼ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ICC ਨੇ ਇਸ ਨਾਮਜ਼ਦਗੀ ਦਾ ਖੁਲਾਸਾ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੀ ਗਈ ਟੈਸਟ ਸੀਰੀਜ਼ ਤੋਂ ਬਾਅਦ ਕੀਤਾ ਗਿਆ, ਜਿਸ ਵਿੱਚ ਤਿੰਨ ਖਿਡਾਰੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਤਿੰਨ ਖਿਡਾਰੀਆਂ ਵਿੱਚੋਂ ਇੱਕ ਸ਼ੁਭਮਨ ਗਿੱਲ ਵੀ ਹਨ।
ਸ਼ੁਭਮਨ ਗਿੱਲ ਹੋਏ ਨੌਮੀਨੇਟ
ICC ਨੇ ਜੁਲਾਈ 2025 ਦੇ ICC ਪੁਰਸ਼ ਖਿਡਾਰੀ ਆਫ਼ ਦ ਮੰਥ ਲਈ ਨਾਮਜ਼ਦਗੀਆਂ ਦਾ ਖੁਲਾਸਾ ਕੀਤਾ ਹੈ। ਇਸ ਸੂਚੀ ਵਿੱਚ ਤਿੰਨ ਖਿਡਾਰੀ ਸ਼ਾਮਲ ਕੀਤੇ ਗਏ ਹਨ। ਸ਼ੁਭਮਨ ਗਿੱਲ ਤੋਂ ਇਲਾਵਾ, ਇੰਗਲੈਂਡ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਅਤੇ ਦੱਖਣੀ ਅਫਰੀਕਾ ਦੇ ਡੈਸ਼ਿੰਗ ਆਲਰਾਊਂਡਰ ਵਿਆਨ ਮਲਡਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਸ਼ੁਭਮਨ ਗਿੱਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜੁਲਾਈ ਮਹੀਨੇ ਇੰਗਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਵਿੱਚ 94.50 ਦੀ ਔਸਤ ਨਾਲ 567 ਦੌੜਾਂ ਬਣਾਈਆਂ। ਉਨ੍ਹਾਂ ਨੇ ਐਜਬੈਸਟਨ ਵਿੱਚ ਇੰਗਲੈਂਡ ਵਿਰੁੱਧ ਖੇਡੇ ਗਏ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 269 ਦੌੜਾਂ ਬਣਾਈਆਂ ਜਦੋਂ ਕਿ ਦੂਜੀ ਪਾਰੀ ਵਿੱਚ ਉਨ੍ਹਾਂ ਨੇ 161 ਦੌੜਾਂ ਬਣਾਈਆਂ। ਇੰਨਾ ਹੀ ਨਹੀਂ, ਉਨ੍ਹਾਂ ਨੇ ਚੌਥੇ ਟੈਸਟ ਵਿੱਚ 103 ਦੌੜਾਂ ਬਣਾਈਆਂ ਜਿਸ ਕਾਰਨ ਟੀਮ ਇੰਡੀਆ ਨੇ ਇੰਗਲੈਂਡ ਵਿਰੁੱਧ ਮੈਚ ਡਰਾਅ ਕਰਵਾਇਆ। ਹੁਣ ਤੱਕ ਗਿੱਲ ਤਿੰਨ ਵਾਰ ਆਈਸੀਸੀ ਪਲੇਅਰ ਆਫ ਦਿ ਮੰਥ ਦਾ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂਨੇ ਇਸ ਤੋਂ ਪਹਿਲਾਂ ਜਨਵਰੀ 2023, ਸਤੰਬਰ 2023 ਅਤੇ ਫਰਵਰੀ 2025 ਵਿੱਚ ਇਹ ਪੁਰਸਕਾਰ ਜਿੱਤਿਆ ਸੀ। ਹੁਣ ਉਨ੍ਹਾਂਦੀ ਨਜ਼ਰ ਚੌਥੀ ਵਾਰ ਇਹ ਐਵਾਰਡ ਨੂੰ ਜਿੱਤਣ ‘ਤੇ ਹੋਵੇਗੀ।
ਦੱਖਣੀ ਅਫਰੀਕਾ ਦੇ ਵਿਆਨ ਮਲਡਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਜ਼ਿੰਬਾਬਵੇ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ ਵਿੱਚ ਧਮਾਕੇਦਾਰ ਬੱਲੇਬਾਜ਼ੀ ਨਾਲ 265.50 ਦੀ ਔਸਤ ਨਾਲ 531 ਦੌੜਾਂ ਬਣਾਈਆਂ। ਉਨ੍ਹਾਂਨੇ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿੱਚ 147 ਦੌੜਾਂ ਬਣਾਈਆਂ, ਜਦੋਂ ਕਿ ਦੂਜੇ ਟੈਸਟ ਮੈਚ ਵਿੱਚ, ਉਨ੍ਹਾਂ ਨੇ ਦੱਖਣੀ ਅਫਰੀਕਾ ਦੀ ਟੀਮ ਦੀ ਕਪਤਾਨੀ ਕਰਦੇ ਹੋਏ 367 ਦੌੜਾਂ ਦੀ ਅਜੇਤੂ ਪਾਰੀ ਖੇਡੀ। ਮੁਲਡਰ ਉਹ ਖਿਡਾਰੀ ਹਨ,ਜਿਨ੍ਹਾਂ ਨੇ ਦੱਖਣੀ ਅਫਰੀਕਾ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਇਆ ਹੈ। ਇਸ ਤੋਂ ਇਲਾਵਾ, ਉਨ੍ਹਾਂਨੇ ਗੇਂਦਬਾਜ਼ੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ 7 ਵਿਕਟਾਂ ਲਈਆਂ। ਉਨ੍ਹਾਂਨੇ ਪਹਿਲੇ ਟੈਸਟ ਮੈਚ ਵਿੱਚ ਚਾਰ ਵਿਕਟਾਂ ਲਈਆਂ। ਆਪਣੇ ਸ਼ਾਨਦਾਰ ਆਲਰਾਉਂਡ ਪ੍ਰਦਰਸ਼ਨ ਦੇ ਕਾਰਨ, ਮੁਲਡਰ ਨੇ ਪਲੇਅਰ ਆਫ ਦ ਸੀਰੀਜ਼ ਦਾ ਖਿਤਾਬ ਵੀ ਜਿੱਤਿਆ।
ਬੇਨ ਸਟੋਕਸ ਨੂੰ ਵੀ ਕੀਤਾ ਗਿਆ ਨੌਮਿਨੇਟ
ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਭਾਰਤ ਵਿਰੁੱਧ ਟੈਸਟ ਸੀਰੀਜ਼ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਜੁਲਾਈ ਦੇ ਮਹੀਨੇ ਵਿੱਚ ਤਿੰਨ ਟੈਸਟ ਮੈਚ ਖੇਡੇ ਜਿਸ ਵਿੱਚ ਤਜਰਬੇਕਾਰ ਖਿਡਾਰੀ ਨੇ 50.20 ਦੀ ਔਸਤ ਨਾਲ 251 ਦੌੜਾਂ ਬਣਾਈਆਂ ਅਤੇ 26.33 ਦੀ ਔਸਤ ਨਾਲ 12 ਵਿਕਟਾਂ ਲਈਆਂ। ਸਟੋਕਸ ਨੇ ਲਾਰਡਜ਼ ਅਤੇ ਮੈਨਚੈਸਟਰ ਟੈਸਟ ਵਿੱਚ ਪਲੇਅਰ ਆਫ ਦਿ ਮੈਚ ਦਾ ਐਵਾਰਡ ਵੀ ਜਿੱਤਿਆ।


