IND vs PAK: ਕੀ ਪਾਕਿਸਤਾਨ ਖਿਲਾਫ਼ ਵਾਪਸੀ ਕਰਨਗੇ ਸ਼ੁਭਮਨ ਗਿੱਲ? ਰੋਹਿਤ ਸ਼ਰਮਾ ਨੇ ਦਿੱਤੀ ਜਾਣਕਾਰੀ
ਸ਼ੁਭਮਨ ਗਿੱਲ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਡੇਂਗੂ ਹੋ ਗਿਆ ਸੀ। ਜਿਸ ਕਾਰਨ ਉਹ ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਖਿਲਾਫ਼ ਹੋਣ ਵਾਲੇ ਮੈਚਾਂ 'ਚ ਨਹੀਂ ਖੇਡ ਸਕੇ ਸਨ। ਸ਼ੁਭਮਨ ਦੀ ਜਗ੍ਹਾ ਇਸ਼ਾਨ ਕਿਸ਼ਨ ਨੇ ਦੋਵੇਂ ਮੈਚਾਂ 'ਚ ਟੀਮ ਲਈ ਓਪਨਿੰਗ ਕੀਤੀ ਸੀ। ਜਿਸ 'ਚ ਉਹ ਪਹਿਲੇ ਮੈਚ 'ਚ ਅਸਫਲ ਰਹੇ ਅਤੇ ਅਗਲੇ ਮੈਚ 'ਚ 47 ਦੌੜਾਂ ਬਣਾ ਕੇ ਆਊਟ ਹੋ ਗਏ।
ਸਪੋਰਟਸ ਨਿਊਜ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ 2023 ਦੇ ਮੈਚ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਦੋਵੇਂ ਟੀਮਾਂ ਸ਼ਨੀਵਾਰ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਸਭ ਮੁਸ਼ਕਲ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubhman Gill) ਦੀ ਫਿਟਨੈੱਸ ਹੈ, ਜੋ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੇਂਗੂ ਨਾਲ ਪ੍ਰਭਾਵਿਤ ਹੋ ਗਏ ਸਨ। ਹੁਣ ਪਾਕਿਸਤਾਨ ਦੇ ਖਿਲਾਫ਼ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਗਿੱਲ ਇਸ ਮੈਚ ਤੋਂ ਪਹਿਲਾਂ ਲਗਭਗ ਫਿੱਟ ਹਨ। ਅਹਿਮਦਾਬਾਦ ‘ਚ ਪ੍ਰੈੱਸ ਕਾਨਫਰੰਸ ‘ਚ ਰੋਹਿਤ ਨੇ ਕਿਹਾ ਕਿ ਗਿੱਲ 99 ਫੀਸਦ ਉਪਲਬਧ ਹਨ।
ਟੀਮ ਇੰਡੀਆ ਦੀ ਵਿਸ਼ਵ ਕੱਪ (World Cup) ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਚੇਨਈ ਦੇ ਹਸਪਤਾਲ ‘ਚ ਵੀ ਭਰਤੀ ਕਰਵਾਇਆ ਗਿਆ ਸੀ। ਗਿੱਲ ਦੂਜੇ ਮੈਚ ਲਈ ਟੀਮ ਇੰਡੀਆ ਨਾਲ ਦਿੱਲੀ ਨਹੀਂ ਆਏ ਅਤੇ ਫਿਰ ਸਿੱਧੇ ਅਹਿਮਦਾਬਾਦ ਪਹੁੰਚ ਗਏ। ਹੁਣ ਗਿੱਲ ਦੀ ਫਿਟਨੈਸ ਵਿੱਚ ਸੁਧਾਰ ਹੋ ਰਿਹਾ ਹੈ। ਟੀਮ ਇੰਡੀਆ ਦੇ ਅਹਿਮਦਾਬਾਦ ਪਹੁੰਚਣ ਤੋਂ ਪਹਿਲਾਂ ਹੀ ਗਿੱਲ ਨੇ 12 ਅਕਤੂਬਰ ਵੀਰਵਾਰ ਨੂੰ ਕਰੀਬ ਇੱਕ ਘੰਟੇ ਤੱਕ ਨੈੱਟ ‘ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ ਸੀ। ਉਦੋਂ ਤੋਂ ਹੀ ਟੀਮ ਇੰਡੀਆ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਵੱਧ ਗਈਆਂ ਸਨ।


