ICC World Cup: ਸ਼ੁਭਮਨ ਗਿੱਲ ਡੇਂਗੂ ਦੀ ਲਪੇਟ ‘ਚ, ਪਹਿਲਾ ਮੈਚ ਖੇਡਣਾ ਮੁਸ਼ਕਿਲ
ਭਾਰਤ ਨੂੰ ਵਨਡੇ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਐਤਵਾਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਭਾਰਤ ਨੂੰ ਝਟਕਾ ਲੱਗਾ ਹੈ ਕਿਉਂਕਿ ਉਸ ਦੇ ਇਨਫਾਰਮ 'ਚ ਚੱਲ ਰਹੇ ਬੱਲੇਬਾਜ਼ਾਂ 'ਚੋਂ ਸ਼ੁਭਮਨ ਗਿੱਲ ਡੇਂਗੂ ਤੋਂ ਪ੍ਰਭਾਵਿਤ ਹੋ ਗਏ ਹਨ ਅਤੇ ਉਨ੍ਹਾਂ ਦਾ ਪਹਿਲੇ ਮੈਚ 'ਚ ਖੇਡਣਾ ਮੁਸ਼ਕਿਲ ਹੈ।

(Photo Credit: BCCI)
ਭਾਰਤੀ ਕ੍ਰਿਕਟ ਟੀਮ ਵਨਡੇ ਵਿਸ਼ਵ ਕੱਪ ‘ਚ ਆਪਣਾ ਪਹਿਲਾ ਮੈਚ ਐਤਵਾਰ ਨੂੰ ਖੇਡੇਗੀ। ਚੇਨਈ ਦੇ ਚੇਪੌਕ ਸਟੇਡੀਅਮ ‘ਚ ਖੇਡੇ ਜਾਣ ਵਾਲੇ ਇਸ ਮੈਚ ‘ਚ ਆਸਟ੍ਰੇਲੀਆਈ ਟੀਮ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਪਰ ਇਸ ਮੈਚ ਤੋਂ ਪਹਿਲਾਂ ਹੀ ਭਾਰਤ ਨੂੰ ਝਟਕਾ ਲੱਗਾ ਹੈ। ਇਹ ਤੈਅ ਨਹੀਂ ਹੈ ਕਿ ਸ਼ੁਭਮਨ ਗਿੱਲ ਇਸ ਮੈਚ ‘ਚ ਖੇਡਣਗੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਮੈਚ ਦੇ ਦਿਨ ਤੱਕ ਉਨ੍ਹਾਂ ਦਾ ਠੀਕ ਹੋਣਾ ਮੁਸ਼ਕਲ ਹੈ।
ਗਿੱਲ ਨੇ ਵੀਰਵਾਰ ਨੂੰ ਟਰੇਨਿੰਗ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲਿਆ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਆਪਣੀ ਰਿਪੋਰਟ ‘ਚ ਅਖਬਾਰ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਟੀਮ ਪ੍ਰਬੰਧਨ ਗਿੱਲ ਦਾ ਖਿਆਲ ਰੱਖ ਰਿਹਾ ਹੈ ਅਤੇ ਪਹਿਲੇ ਮੈਚ ‘ਚ ਉਨ੍ਹਾਂ ਦੇ ਖੇਡਣ ਦਾ ਫੈਸਲਾ ਸ਼ੁੱਕਰਵਾਰ ਨੂੰ ਹੋਣ ਵਾਲੇ ਇੱਕ ਹੋਰ ਟੈਸਟ ਤੋਂ ਬਾਅਦ ਲਿਆ ਜਾਵੇਗਾ।