Paris Paralympics 2024: Shooting ਵਿੱਚ ਭਾਰਤ ਦਾ ਚੌਥਾ ਤਗਮਾ, ਮਨੀਸ਼ ਨਰਵਾਲ ਨੇ ਜਿੱਤਿਆ ਸਿਲਵਰ
ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੈਰਿਸ ਪੈਰਾਲੰਪਿਕਸ 2024 ਵਿੱਚ ਭਾਰਤ ਲਈ ਚੌਥਾ ਤਮਗਾ ਜਿੱਤਿਆ ਹੈ। ਮਨੀਸ਼ ਨਰਵਾਲ ਨੇ 10 ਮੀਟਰ ਏਅਰ ਪਿਸਟਲ SH1 ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਅਵਨੀ ਲੇਖਰਾ ਅਤੇ ਮੋਨਾ ਅਗਰਵਾਲ ਨੇ ਵੀ ਨਿਸ਼ਾਨੇਬਾਜ਼ੀ ਵਿੱਚ ਤਗਮੇ ਜਿੱਤੇ ਹਨ।
ਪੈਰਿਸ ਪੈਰਾਲੰਪਿਕ 2024 ਵਿੱਚ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਖੇਡਾਂ ਦੇ ਦੂਜੇ ਦਿਨ ਆਪਣਾ ਚੌਥਾ ਤਗਮਾ ਵੀ ਜਿੱਤ ਲਿਆ ਹੈ। ਇਹ ਮੈਡਲ ਸ਼ੂਟਿੰਗ ਵਿੱਚ ਆਇਆ ਹੈ। ਭਾਰਤੀ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ 10 ਮੀਟਰ ਏਅਰ ਪਿਸਟਲ ਐਸਐਚ1 ਦੇ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਮਨੀਸ਼ ਨਰਵਾਲ ਨੇ ਪਿਛਲੀਆਂ ਪੈਰਾਲੰਪਿਕ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਸੋਨ ਤਮਗਾ ਜਿੱਤਿਆ ਸੀ। ਮਨੀਸ਼ ਨੇ ਫਾਈਨਲ ਵਿੱਚ 234.9 ਦਾ ਸਕੋਰ ਕੀਤਾ।
ਮਨੀਸ਼ ਗੋਲਡ ਮੈਡਲ ਤੋਂ ਖੁੰਝ ਗਏ
10 ਮੀਟਰ ਏਅਰ ਪਿਸਟਲ ਐਸਐਚ1 ਦੇ ਫਾਈਨਲ ਵਿੱਚ ਮਨੀਸ਼ ਨਰਵਾਲ ਅਤੇ ਦੱਖਣੀ ਕੋਰੀਆ ਦੇ ਜੀਓਨ ਜੋਂਗਡੂ ਵਿਚਕਾਰ ਕਮਾਲ ਦੀ ਟੱਕਰ ਹੋਈ। ਕਦੇ ਮਨੀਸ਼ ਲੀਡ ਕਰ ਰਹੇ ਸਨ ਤੇ ਕਦੇ ਜਾਨ ਜੋਂਗਡੂ। ਪਰ ਅੰਤ ਵਿੱਚ, ਜੋਂਗਡੂ ਜਿੱਤਣ ਵਿੱਚ ਕਾਮਯਾਬ ਰਹੇ। ਉਨ੍ਹਾਂ ਨੇ ਇਸ ਈਵੈਂਟ ਵਿੱਚ 237.4 ਅੰਕ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਜਦੋਂ ਕਿ ਫਾਈਨਲ ਵਿੱਚ ਮਨੀਸ਼ ਨੇ ਕੁੱਲ 234.9 ਅੰਕ ਬਣਾਏ। ਦੂਜੇ ਪਾਸੇ ਚੀਨ ਦੀ ਯਾਂਗ ਚਾਓ ਨੇ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਕੁੱਲ 214.3 ਅੰਕ ਹਾਸਲ ਕੀਤੇ।
ਕੌਣ ਹੈ ਨਿਸ਼ਾਨੇਬਾਜ਼ ਮਨੀਸ਼ ਨਰਵਾਲ?
17 ਅਕਤੂਬਰ 2001 ਨੂੰ ਜਨਮੇ ਮਨੀਸ਼ ਨਰਵਾਲ ਇੱਕ ਭਾਰਤੀ ਪੈਰਾ ਪਿਸਟਲ ਨਿਸ਼ਾਨੇਬਾਜ਼ ਹੈ। ਵਿਸ਼ਵ ਸ਼ੂਟਿੰਗ ਪੈਰਾ ਸਪੋਰਟ ਰੈਂਕਿੰਗ ਦੇ ਅਨੁਸਾਰ, ਉਹ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ SH1 ਵਿੱਚ ਵਿਸ਼ਵ ਵਿੱਚ ਚੌਥੇ ਸਥਾਨ ‘ਤੇ ਹੈ। ਉਨ੍ਹਾਂ ਨੇ 2016 ਵਿੱਚ ਬੱਲਭਗੜ੍ਹ ਵਿੱਚ ਸ਼ੂਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਨੇ 2021 ਪੈਰਾ ਸ਼ੂਟਿੰਗ ਵਿਸ਼ਵ ਕੱਪ ਵਿੱਚ ਪੀ4 ਮਿਕਸਡ 50 ਮੀਟਰ ਪਿਸਟਲ ਐਸਐਚ1 ਈਵੈਂਟ ਵਿੱਚ ਸੋਨ ਤਗਮਾ ਜਿੱਤ ਕੇ ਵਿਸ਼ਵ ਰਿਕਾਰਡ ਬਣਾ ਕੇ ਇਤਿਹਾਸ ਰਚਿਆ। ਮਨੀਸ਼ ਨਰਵਾਲ ਨੇ ਟੋਕੀਓ ਪੈਰਾਲੰਪਿਕਸ ‘ਚ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਇਹ ਮੈਡਲ ਮਿਕਸਡ ਪੀ4-50 ਮੀਟਰ ਪਿਸਟਲ ਐਸਐਚ1 ਵਿੱਚ ਜਿੱਤਿਆ।
ਤੁਹਾਨੂੰ ਦੱਸ ਦੇਈਏ ਕਿ ਮਨੀਸ਼ ਨਰਵਾਲ ਦਾ ਸੱਜਾ ਹੱਥ ਬਚਪਨ ਤੋਂ ਹੀ ਕੰਮ ਨਹੀਂ ਕਰਦਾ ਸੀ। ਉਨ੍ਹਾਂ ਨੂੰ ਫੁੱਟਬਾਲ ਖੇਡਣਾ ਬਹੁਤ ਪਸੰਦ ਸੀ। ਪਰ ਇੱਕ ਵਾਰ ਜਦੋਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਤਾਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਫੁੱਟਬਾਲ ਖੇਡਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਪਿਤਾ ਦੇ ਇਕ ਦੋਸਤ ਦੀ ਸਲਾਹ ‘ਤੇ ਮਨੀਸ਼ ਨੇ ਸ਼ੂਟਿੰਗ ਜੀ ਸ਼ੁਰੂਆਤ ਕੀਤੀ। ਪਰ ਪਿਤਾ ਤੋਂ ਬਾਅਦ ਪਿਸਤੌਲ ਖਰੀਦਣ ਲਈ ਵੀ ਪੈਸੇ ਨਹੀਂ ਸਨ। ਅਜਿਹੇ ‘ਚ ਉਨ੍ਹਾਂ ਨੇ 7 ਲੱਖ ਰੁਪਏ ‘ਚ ਆਪਣਾ ਘਰ ਵੇਚ ਕੇ ਮਨੀਸ਼ ਨੂੰ ਪਿਸਤੌਲ ਲੈ ਕੇ ਦਿੱਤੀ। ਉਨ੍ਹਾਂ ਨੇ ਆਪਣੇ ਪਿਤਾ ਦੇ ਇਸ ਯੋਗਦਾਨ ਨੂੰ ਅਜਾਈਂ ਨਹੀਂ ਜਾਣ ਦਿੱਤਾ। ਅੱਜ ਉਹ ਆਪਣੇ ਪਿਤਾ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ।