ਭਾਰਤ-ਨਿਊਜ਼ੀਲੈਂਡ ਮੈਚ ‘ਚ ਹੰਗਾਮਾ, ਸਟੇਡੀਅਮ ‘ਚ ਹੋ ਗਈ ਖਰਾਬੀ, MCA ਨੂੰ ਮੰਗਣੀ ਪਈ ਮਾਫੀ
ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਲਈ ਸਫਲ ਰਿਹਾ। ਪਰ ਇਸ ਮੈਚ ਦੌਰਾਨ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਗਰਾਊਂਡ 'ਤੇ ਵੀ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਪ੍ਰਸ਼ੰਸਕਾਂ ਨੇ ਹੰਗਾਮਾ ਕੀਤਾ, ਜਿਸ ਤੋਂ ਬਾਅਦ ਮਹਾਰਾਸ਼ਟਰ ਕ੍ਰਿਕਟ ਸੰਘ ਨੂੰ ਮੁਆਫੀ ਮੰਗਣੀ ਪਈ।
ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਣੇ ‘ਚ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੈਦਾਨ ‘ਤੇ ਭਿੜ ਰਹੀਆਂ ਹਨ। ਇਸ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਨਾਂ ਰਿਹਾ। ਟਾਸ ਹਾਰਨ ਤੋਂ ਬਾਅਦ ਵੀ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ‘ਚ 259 ਦੌੜਾਂ ‘ਤੇ ਢੇਰ ਕਰ ਦਿੱਤਾ। ਇਸ ਤੋਂ ਪਹਿਲੇ ਦਿਨ ਦੇ ਖੇਡ ਦੇ ਅੰਤ ਤੱਕ ਭਾਰਤ 1 ਵਿਕਟ ਦੇ ਨੁਕਸਾਨ ਤੇ 16 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲੇ ਹੀ ਚੱਲਦੇ ਬਣੇ। ਸ਼ੁਭਮਨ ਗਿੱਲ ਤੇ ਯਸ਼ਸਵੀ ਜੈਸਵਾਲ ਕਰੀਜ਼ ‘ਤੇ ਮੌਜ਼ੂਦ ਹਨ।
ਇਸ ਮੈਚ ਦੌਰਾਨ ਪੁਣੇ ਸਟੇਡਿਅਮ ‘ਚ ਹੰਗਾਮਾ ਵੀ ਦੇਖਣ ਨੂੰ ਮਿਲਿਆ। ਦਰਅਸਲ ਮਹਾਰਾਸ਼ਟਰ ਕ੍ਰਿਕਟ ਸੰਘ ਦੀ ਗਲਤੀ ਕਾਰਨ ਗਰਾਊਂਡ ‘ਚ ਮੌਜੂਦ ਪ੍ਰਸ਼ੰਸਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਭਾਰਤ-ਨਿਊਜ਼ੀਲੈਂਡ ਮੈਚ ‘ਚ ਵੱਡਾ ਹੰਗਾਮਾ
ਦਰਅਸਲ, ਇਸ ਮੈਚ ਦੌਰਾਨ ਪਾਣੀ ਦੀਆਂ ਬੋਤਲਾਂ ਦੇਰ ਨਾਲ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਗਰਾਊਂਡ ਵਿੱਚ ਪਹੁੰਚੀਆਂ ਸਨ, ਜਿਸ ਤੋਂ ਬਾਅਦ ਐਮਸੀਏ ਸਟੇਡੀਅਮ ਵਿੱਚ ਹਫੜਾ-ਦਫੜੀ ਮਚ ਗਈ ਅਤੇ ਕੁਝ ਪ੍ਰਸ਼ੰਸਕਾਂ ਨੇ ਐਮਸੀਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਸ ਕਾਰਨ ਮਹਾਰਾਸ਼ਟਰ ਕ੍ਰਿਕਟ ਸੰਘ ਨੂੰ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਣੀ ਪਈ। ਤੁਹਾਨੂੰ ਦੱਸ ਦੇਈਏ ਕਿ ਮੈਚ ਦੇ ਪਹਿਲੇ ਦਿਨ 18000 ਪ੍ਰਸ਼ੰਸਕ ਇਸ ਮੈਚ ਨੂੰ ਦੇਖਣ ਲਈ ਮੈਦਾਨ ‘ਤੇ ਪਹੁੰਚੇ ਸਨ ਅਤੇ ਇਹ ਘਟਨਾ ਮੈਚ ਦੇ ਪਹਿਲੇ ਹੀ ਸੈਸ਼ਨ ‘ਚ ਵਾਪਰੀ।
ਅਸਲ ਵਿੱਚ ਇਸ ਗਰਾਊਂਡ ਦੇ ਜ਼ਿਆਦਾਤਰ ਹਿੱਸੇ ਵਿੱਚ ਛੱਤ ਨਹੀਂ ਹੈ ਅਤੇ ਜਦੋਂ ਧੁੱਪ ਵਿੱਚ ਬੈਠੇ ਪ੍ਰਸ਼ੰਸਕ ਖੇਡ ਦੇ ਪਹਿਲੇ ਸੈਸ਼ਨ ਤੋਂ ਬਾਅਦ ਪਾਣੀ ਲੈਣ ਲਈ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਣੀ ਦੀਆਂ ਬੋਤਲਾਂ ਉਪਲਬਧ ਨਹੀਂ ਹਨ। ਅਜਿਹੇ ‘ਚ ਪਾਣੀ ਲਈ ਬੂਥ ‘ਤੇ ਭੀੜ ਵਧਦੀ ਗਈ ਅਤੇ ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਐੱਮਸੀਏ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਦੋਂ ਤੱਕ ਸੁਰੱਖਿਆ ਕਰਮੀਆਂ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਪਾਣੀ ਦੀਆਂ ਬੋਤਲਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਸਭ ਕੁਝ ਸਟੇਡੀਅਮ ਦੇ ਹਿੱਲ ਐਂਡ ਵਿੱਚ ਮੀਡੀਆ ਅਤੇ ਕਮੈਂਟਰੀ ਸੈਂਟਰ ਦੇ ਕੋਲ ਵਾਪਰਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਸ਼ਹਿਰ ਦੇ ਬਾਹਰਵਾਰ ਸਥਿਤ ਸਟੇਡੀਅਮ ਵਿੱਚ ਪਾਣੀ ਲਿਆਉਣ ਵਾਲੇ ਵਾਹਨ ਸਵੇਰੇ ਭਾਰੀ ਆਵਾਜਾਈ ਕਾਰਨ ਲੇਟ ਹੋ ਗਏ।
ਐਮਸੀਏ ਸਕੱਤਰ ਨੇ ਮੁਆਫੀ ਮੰਗੀ
ਐਮਸੀਏ ਦੇ ਸਕੱਤਰ ਕਮਲੇਸ਼ ਪਿਸਾਲ ਨੇ ਮੀਡੀਆ ਨੂੰ ਕਿਹਾ, ‘ਅਸੀਂ ਅਸੁਵਿਧਾ ਲਈ ਸਾਰੇ ਪ੍ਰਸ਼ੰਸਕਾਂ ਤੋਂ ਮੁਆਫੀ ਚਾਹੁੰਦੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅੱਗੇ ਜਾ ਕੇ ਸਭ ਕੁਝ ਠੀਕ ਰਹੇ। ਅਸੀਂ ਪਾਣੀ ਦੀ ਸਮੱਸਿਆ ਪਹਿਲਾਂ ਹੀ ਹੱਲ ਕਰ ਚੁੱਕੇ ਹਾਂ। ਇਸ ਵਾਰ ਅਸੀਂ ਫੈਨਜ਼ ਨੂੰ ਠੰਡਾ ਪਾਣੀ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ ਅਤੇ ਕੁਝ ਮੁਸ਼ਕਲਾਂ ਆਈਆਂ ਕਿਉਂਕਿ ਦੁਪਹਿਰ ਦੇ ਖਾਣੇ ਦੀ ਬਰੇਕ ਦੌਰਾਨ ਕੁਝ ਸਟਾਲਾਂ ‘ਤੇ ਪਾਣੀ ਖਤਮ ਹੋ ਗਿਆ ਕਿਉਂਕਿ ਬਹੁਤ ਭੀੜ ਸੀ। ਸਾਨੂੰ ਪਾਣੀ ਦੇ ਕੰਨਟੇਨਰਾਂ ਨੂੰ ਭਰਨ ਵਿੱਚ 15 ਤੋਂ 20 ਮਿੰਟ ਲੱਗ ਗਏ ਅਤੇ ਕੁਝ ਦੇਰੀ ਹੋਈ ਇਸ ਲਈ ਅਸੀਂ ਉਨ੍ਹਾਂ ਨੂੰ ਬੋਤਲਬੰਦ ਪਾਣੀ ਮੁਫਤ ਦੇਣ ਦਾ ਫੈਸਲਾ ਕੀਤਾ।