IND vs NZ: ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ ਤੋਂ ਪਹਿਲਾਂ ਰਾਤੋ-ਰਾਤ ਵਾਨਖੇੜੇ ਦੀ ਪਿੱਚ ਬਦਲਣ ਦੇ ਆਰੋਪ ਤੇ BCCI ਦਾ ਜਵਾਬ
ICC World Cup 2023: ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਤੋਂ ਪਹਿਲਾਂ ਇਹ ਖਬਰ ਵੱਡੀ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਇਸ ਨਾਕਆਊਟ ਮੈਚ ਤੋਂ ਪਹਿਲਾਂ ਖਬਰ ਹੈ ਕਿ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਪਿੱਚ ਦਾ ਮਿਜਾਜ਼ ਬਦਲ ਦਿੱਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਅਜਿਹਾ ਭਾਰਤੀ ਟੀਮ ਦੇ ਕਹਿਣ 'ਤੇ ਹੋਇਆ ਹੈ।

ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ‘ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਦਾ ਹੈ, ਜਿੱਥੇ ਪਹਿਲੀ ਗੇਂਦ ਸੁੱਟੇ ਜਾਣ ਤੋਂ ਪਹਿਲਾਂ ਹੀ ਪਿੱਚ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਖਬਰਾਂ ਹਨ ਕਿ ਵਾਨਖੇੜੇ ਦੀ ਪਿੱਚ ਦਾ ਸੁਭਾਅ ਰਾਤੋ-ਰਾਤ ਬਦਲ ਦਿੱਤਾ ਗਿਆ ਹੈ ਅਤੇ ਅਜਿਹਾ ਭਾਰਤੀ ਟੀਮ ਪ੍ਰਬੰਧਨ ਦੇ ਕਹਿਣ ‘ਤੇ ਹੋਇਆ ਹੈ। ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ ‘ਚ ਲਿਖਿਆ ਹੈ ਕਿ ਬੈਂਗਲੁਰੂ ‘ਚ ਨੀਦਰਲੈਂਡ ਦੇ ਖਿਲਾਫ ਮੈਚ ਖੇਡਣ ਤੋਂ ਬਾਅਦ ਟੀਮ ਇੰਡੀਆ ਨੇ ਵਾਨਖੇੜੇ ਦੇ ਪਿਚ ਕਿਊਰੇਟਰ ਨੂੰ ਸਲੋ ਟ੍ਰੈਕ ਤਿਆਰ ਕਰਨ ਲਈ ਕਿਹਾ ਸੀ। ਮੁੰਬਈ ਦੇ ਕਿਊਰੇਟਰ ਨੂੰ ਭਾਰਤੀ ਪ੍ਰਬੰਧਨ ਨੇ ਪਿੱਚ ਤੋਂ ਘਾਹ ਹਟਾਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਮੁੰਬਈ ਕ੍ਰਿਕਟ ਸੰਘ ਦੇ ਅਧਿਕਾਰੀਆਂ ਨੇ ਵੀ ਦਿੱਤੀ ਹੈ। ਉਨ੍ਹਾਂ ਮੁਤਾਬਕ ਮੁੰਬਈ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਭਾਰਤੀ ਟੀਮ ਵੱਲੋਂ ਸਲੋ ਪਿੱਚ ਤਿਆਰ ਕਰਨ ਦਾ ਸੁਨੇਹਾ ਮਿਲ ਚੁੱਕਿਆ ਸੀ। ਐਮਸੀਏ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਸੰਦੇਸ਼ ਸਾਫ਼ ਸੀ ਕਿ ਪਿੱਚ ਸਲੋ ਹੋਵੇ ਅਤੇ ਇਹੀ ਵਜ੍ਹਾ ਹੈ ਸਾਨੂੰ ਘਾਹ ਹਟਾਉਣਾ ਪਿਆ।
ਕੀ ਰਾਤੋ-ਰਾਤ ਬਦਲ ਗਈ ਮੁੰਬਈ ਦੀ ਪਿੱਚ ?
ਹੋਮ ਟੀਮ ਅਮੂਮਨ ਅਜਿਹਾ ਕਰਦੀਆਂ ਹਨ। ਉਹ ਆਪਣੀ ਇੱਛਾ ਅਨੁਸਾਰ ਪਿੱਚ ਤਿਆਰ ਕਰਵਾਉਂਦੀਆਂ ਹਨ। ਪਰ, ਅਜਿਹਾ ਉਦੋਂ ਹੁੰਦਾ ਹੈ ਜਦੋਂ ਉਹ ਲੜੀ ਦੁਵੱਲੀ ਹੁੰਦੀ ਹੈ। ਇੱਥੇ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ, ਜੋ ਕਿ ਆਈਸੀਸੀ ਟੂਰਨਾਮੈਂਟ ਹੈ ਨਾ ਕਿ ਬੀਸੀਸੀਆਈ ਟੂਰਨਾਮੈਂਟ। ਵਿਸ਼ਵ ਕੱਪ ਦੌਰਾਨ ਆਈਸੀਸੀ ਦਾ ਆਪਣਾ ਪਿੱਚ ਕਿਊਰੇਟਰ ਹੈ। ਹੁਣ ਅਜਿਹੇ ‘ਚ ਭਾਰਤੀ ਟੀਮ ਪ੍ਰਬੰਧਨ ਦੇ ਕਹਿਣ ‘ਤੇ ਮੁੰਬਈ ਦੀ ਵਾਨਖੇੜੇ ਦੀ ਪਿੱਚ ਦਾ ਮਿਜਾਜ਼ ਬਦਲ ਦਿੱਤਾ ਗਿਆ ਹੈ। ਜੇਕਰ ਪਿੱਚ ਨੂੰ ਉੱਥੋਂ ਘਾਹ ਹਟਾ ਕੇ ਸਲੋ ਬਣਾਇਆ ਗਿਆ ਹੈ ਤਾਂ ਅਜਿਹਾ ਕਰਨਾ ਕਿਸ ਹੱਦ ਤੱਕ ਜਾਇਜ਼ ਹੈ, ਇਹ ਕਹਿਣਾ ਮੁਸ਼ਕਿਲ ਹੈ। ਸਵਾਲ ਇਹ ਵੀ ਹੈ ਕਿ ਕੀ ਆਈਸੀਸੀ ਨੂੰ ਇਸ ਗੱਲ ਦੀ ਜਾਣਕਾਰੀ ਹੈ?
ਆਰੋਪਾਂ ‘ਤੇ ਬੀਸੀਸੀਆਈ ਦਾ ਜਵਾਬ
ਭਾਰਤ ਅਤੇ ਨਿਊਜ਼ੀਲੈਂਡ ਦੇ ਮੈਚ ਨੂੰ ਲੈ ਕੇ ਬੀਸੀਸੀਆਈ ‘ਤੇ ਸਵਾਲ ਉਠਾਏ ਜਾ ਰਹੇ ਸਨ ਕਿ ਬੋਰਡ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਪਿੱਚ ਨੂੰ ਬਦਲ ਦਿੱਤਾ ਹੈ ਅਤੇ ਮੈਚ ਉਸ ਪਿੱਚ ‘ਤੇ ਕਰਵਾਇਆ ਜਾ ਰਿਹਾ ਹੈ ਜੋ ਭਾਰਤੀ ਟੀਮ ਦੇ ਮੁਤਾਬਕ ਹੈ ਪਰ ਹੁਣ ਬੀਸੀਸੀਆਈ ਨੇ ਇਸ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਭਾਰਤੀ ਬੋਰਡ ਨੇ ਕਿਹਾ ਹੈ ਕਿ ਆਈਸੀਸੀ ਪਿੱਚ ਸਲਾਹਕਾਰ ਇਕੱਠੇ ਰਹਿੰਦੇ ਹਨ ਅਤੇ ਭਾਰਤੀ ਪਿੱਚ ਕਿਊਰੇਟਰਾਂ ਨਾਲ ਮਿਲ ਕੇ ਕੰਮ ਕਰਦੇ ਹਨ। ਇਸ ਲਈ ਜੋ ਵੀ ਦੋਸ਼ ਲਾਏ ਗਏ ਹਨ ਉਹ ਬੇਬੁਨਿਆਦ ਹਨ।
ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਨੇ ਕੀਤੀ ਸੀ ਬੇਨਤੀ
ਖ਼ਬਰ ਇਹ ਵੀ ਹੈ ਕਿ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੇ ਮੈਚ ਹੌਲੀ ਪਿੱਚਾਂ ‘ਤੇ ਕਰਵਾਉਣ ਦੀ ਬੇਨਤੀ ਕੀਤੀ ਸੀ। ਅਜਿਹਾ ਇਸ ਲਈ ਹੈ ਕਿਉਂਕਿ ਘਰੇਲੂ ਮੈਦਾਨਾਂ ‘ਤੇ ਹੌਲੀ ਪਿੱਚਾਂ ‘ਤੇ ਉਨ੍ਹਾਂ ਦਾ ਰਿਕਾਰਡ ਚੰਗਾ ਰਿਹਾ ਹੈ। ਇਸ ਤੋਂ ਪਹਿਲਾਂ ਮੁੰਬਈ ਪਹੁੰਚਣ ਤੋਂ ਬਾਅਦ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਸਭ ਤੋਂ ਪਹਿਲਾਂ ਪਿੱਚ ਦੇਖਣ ਪਹੁੰਚੇ ਸਨ। ਖਬਰ ਇਹ ਵੀ ਹੈ ਕਿ ਅਭਿਆਸ ਸੈਸ਼ਨ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ ਨੇ ਕਿਊਰੇਟਰ ਨੂੰ ਉਸ ‘ਤੇ ਐਂਟੀ ਡਿਊ ਕੈਮੀਕਲ ਛਿੜਕਣ ਲਈ ਵੀ ਕਿਹਾ ਸੀ।