ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਰੌਣਕਾਂ, ਦੇਸ਼-ਵਿਦੇਸ਼ ਤੋਂ ਜੁਟੀ ਸੰਗਤ, CM ਭਗਵੰਤ ਮਾਨ ਨੇ ਦਿੱਤੀ ਵਧਾਈ
Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਵਿਆਹ ਪੁਰਬ ਨੂੰ ਲੈ ਕੇ ਸਮੂਹ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਬਟਾਲਾ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਵਿਖੇ ਸੰਗਤਾਂ ਦਾ ਹੜ੍ਹ ਆਇਆ ਹੋਇਆ ਹੈ। ਵਿਸ਼ਾਲ ਨਗਰ ਕੀਰਤਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉੱਧਰ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਪਵਿੱਤਰ ਮੌਕੇ ਦੀਆਂ ਵਧਾਈਆਂ ਦਿੱਤੀਆਂ ਹਨ।
ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਪਵਿੱਤਰ ਵਿਆਹ ਪੁਰਬ ਦੇ ਸ਼ੁਭ ਮੌਕੇ ‘ਤੇ, ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਬਟਾਲਾ ਵਿੱਚ ਪੂਰੀ ਧਾਰਮਿਕ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਚੱਲ ਰਿਹਾ ਹੈ। ਇਸ ਅਸਾਧਾਰਨ ਤਿਉਹਾਰ ਨੂੰ ਮਨਾਉਣ ਲਈ ਬਟਾਲਾ ਸ਼ਹਿਰ ਦੀ ਸੰਗਤ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਵਿਆਹ ਪੁਰਬ ਤੋਂ ਪਹਿਲਾਂ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰੁਦੁਆਰਾ ਡੇਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕੀਤੇ ਗਏ ਸਨ, ਜਿਨ੍ਹਾਂ ਦਾ ਅੱਜ ਭੋਗ ਪਾਇਆ ਗਿਆ।
18 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ, ਬਟਾਲਾ ਸ਼ਹਿਰ ਵਿੱਚ ਵਿਸ਼ਾਲ ਅਤੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਰਸਤਿਆਂ ਵਿੱਚੋਂ ਲੰਘੇਗਾ, ਜਿੱਥੇ ਸੰਗਤ ਵੱਖ-ਵੱਖ ਥਾਵਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਅਤੇ ਕਈ ਤਰ੍ਹਾਂ ਦੇ ਲੰਗਰ ਲਗਾ ਕੇ ਇਸਦਾ ਸਵਾਗਤ ਕਰੇਗੀ। ਇਸ ਵਿਸ਼ਾਲ ਨਗਰ ਕੀਰਤਨ ਵਿੱਚ ਲੱਖਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ, ਸਥਾਨਕ ਪ੍ਰਸ਼ਾਸਨ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ।
CM ਮਾਨ ਨੇ ਦਿੱਤੀ ਵਧਾਈ
ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ ਹਨ। ਅੱਜ ਦੇ ਦਿਨ 18 ਸਤੰਬਰ ਨੂੰ ਇਹ ਪੋਸਟ X ‘ਤੇ ਪਾਈ , ਜਿਸ ਵਿਚ ਗੁਰਦੁਆਰਾ ਸਾਹਿਬ ਦੀ ਤਸਵੀਰ ਨਾਲ ਲਿਖਿਆ ਹੈ ” ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ”। ਨਾਲ ਹੀ ਉਨ੍ਹਾਂ ਨੇ ਏਕਤਾ ਤੇ ਸਰਬਤ ਦੇ ਭਲੇ ਦਾ ਸੰਦੇਸ਼ ਵੀ ਦਿੱਤਾ ਹੈ।
ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਪਾਵਨ ਵਿਆਹ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਗੁਰੂ ਸਾਹਿਬ ਸਭ ਦੇ ਘਰ-ਪਰਿਵਾਰ ਵਿੱਚ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਬਖ਼ਸ਼ਣ। pic.twitter.com/sd5O7unfQJ
— Bhagwant Mann (@BhagwantMann) September 18, 2026
ਛੋਟੇ-ਵੱਡੇ ਦੇ ਭੇਦਭਾਵ ਦਾ ਵਿਰੋਧ
ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇਹ ਸਿੱਖਿਆ ਦਿੱਤੀ ਕਿ ਪਰਮਾਤਮਾ ਨੂੰ ਮਿਲਣ ਲਈ ਗ੍ਰਹਿਸਥ ਜੀਵਨ ਛੱਡਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੇ ਖੁਦ ਪਰਿਵਾਰਿਕ ਜੀਵਨ ਬਤੀਤ ਕਰਦਿਆਂ ਮਨੁੱਖ ਨੂੰ ਸੱਚੀ ਕਿਰਤ, ਨਾਮ ਸਿਮਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਸਮਾਜ ਵਿੱਚ ਫੈਲੀਆਂ ਜਾਤਿ-ਪਾਤਿ, ਭੇਦਭਾਵ ਅਤੇ ਊਚ-ਨੀਚ ਦੀਆਂ ਬੁਰਾਈਆਂ ਨੂੰ ਨਕਾਰਿਆ ਅਤੇ ਹਰ ਮਨੁੱਖ ਨੂੰ ਬਰਾਬਰ ਸਮਝਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਉਨ੍ਹੀਆਂ ਹੀ ਪ੍ਰਾਸੰਗਿਕ ਹਨ।ਮਾਤਾ ਸੁਲੱਖਣੀ ਜੀ ਦਾ ਜੀਵਨ ਵੀ ਸਿੱਖ ਇਤਿਹਾਸ ਵਿੱਚ ਬਹੁਤ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਸ੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਦੋ ਪੁੱਤਰਾਂ ਦਾ ਜਨਮ ਹੋਇਆ।
ਇਹ ਵੀ ਪੜ੍ਹੋ
ਗੁਰੂ ਸਾਹਿਬ ਦੀਆਂ ਸਿੱਖਿਆਵਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿਸੇ ਇੱਕ ਸਮਾਜ ਜਾਂ ਵਰਗ ਤੱਕ ਸੀਮਤ ਨਹੀਂ ਸੀ। ਉਨ੍ਹਾਂ ਨੇ ‘ਏਕ ਓਂਕਾਰ’ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਨੂੰ ਇੱਕ ਪਰਮਾਤਮਾ ਦੀ ਸੰਤਾਨ ਦੱਸਿਆ। ਉਨ੍ਹਾਂ ਦੀ ਬਾਣੀ ਸਾਨੂੰ ਸੱਚ ਬੋਲਣ, ਹੱਕ-ਹਲਾਲ ਦੀ ਕਮਾਈ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਹਰ ਮਨੁੱਖ ਨਾਲ ਪਿਆਰ ‘ਤੇ ਸਤਿਕਾਰ ਨਾਲ ਪੇਸ਼ ਆਉਣ ਦੀ ਪ੍ਰੇਰਣਾ ਦਿੰਦੀ ਹੈ। ਇਸ ਪਾਵਨ ਵਿਆਹ ਪੁਰਬ ਦੇ ਮੌਕੇ ‘ਤੇ ਸਾਨੂੰ ਸਿਰਫ਼ ਵਧਾਈਆਂ ਦੇਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਵੀ ਕਰਨਾ ਚਾਹੀਦਾ ਹੈ।
ਗੁਰਦਾਸਪੁਰ ਜਿਲ੍ਹੇ ਚ ਅੱਜ ਛੁੱਟੀ ਦਾ ਐਲਾਨ
ਗੁਰਦਾਸਪੁਰ ਜ਼ਿਲ੍ਹੇ ਵਿੱਚ ਅੱਜ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵੱਲੋਂ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਜ਼ਿਲ੍ਹੇ ਭਰ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ, ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਗੈਰ-ਵਿਦਿਅਕ ਸੰਸਥਾਵਾਂ 18 ਸਤੰਬਰ ਨੂੰ ਬੰਦ ਰਹਿਣਗੀਆਂ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ 18 ਸਤੰਬਰ ਨੂੰ ਪਹਿਲਾਂ ਤੋਂ ਨਿਰਧਾਰਤ ਬੋਰਡਾਂ ਜਾਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਉਨ੍ਹਾਂ ਦੇ ਪਹਿਲਾਂ ਤੋਂ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਕਰਵਾਈਆਂ ਜਾਣਗੀਆਂ।


