ਨਾ ਕੋਈ ਐਲਾਨ … ਨਾ ਹੀ ਕੋਈ ਜ਼ਿਕਰ…ਵਿਰੋਧੀ ਬੋਲੇ -ਪੰਜਾਬ ਲਈ ਫਿੱਕਾ ਰਿਹਾ ਕੇਂਦਰੀ ਬਜਟ
ਹੁਣ ਇਸ ਬਜਟ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਜਿੱਥੇ ਪੰਜਾਬ ਭਾਜਪਾ ਦੇ ਲੀਡਰ ਬਜਟ ਨੂੰ ਸਮਾਵੇਸ਼ੀ ਅਤੇ ਲੋਕਹਤੈਸ਼ੀ ਦੱਸ ਰਹੇ ਹਨ ਤਾਂ ਉੱਥੇ ਹੀ ਵਿਰੋਧੀਧਿਰਾਂ ਦੇ ਲੀਡਰ ਇਸ ਬਜਟ ਨੂੰ ਪੰਜਾਬ ਨਾਲ ਭੇਦਭਾਵ ਦੱਸ ਰਹੇ ਹਨ। ਇਸ ਬਾਰੇ ਵੱਖ ਵੱਖ ਲੀਡਰਾਂ ਨੇ ਆਪਣੀ ਪ੍ਰਤੀਕ੍ਰਿਆ ਵੀ ਦਿੱਤੀ ਹੈ।

ਲੋਕ ਸਭਾ ਚੋਣਾਂ ਤੋਂ ਬਾਅਦ ਮੁੜ ਸੱਤਾ ਵਿੱਚ ਆਈ NDA ਸਰਕਾਰ ਨੇ ਆਪਣਾ ਪਹਿਲਾਂ ਬਜਟ ਮੰਗਲਵਾਰ ਨੂੰ ਪੇਸ਼ ਕਰ ਦਿੱਤਾ ਗਿਆ। ਬਜਟ ਵਿੱਚ ਜ਼ਿਆਦਾ ਧਿਆਨ 2 ਸੂਬਿਆਂ ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੇ ਕੇਂਦਰਿਤ ਰਿਹਾ ਅਤੇ ਪੰਜਾਬ ਸਮੇਤ ਕਈ ਸੂਬਿਆਂ ਦੇ ਹਿੱਸਿਆਂ ਵਿੱਚ ਇੱਕਾ- ਦੁੱਕਾ ਸਕੀਮਾਂ ਤੋਂ ਇਲਾਵਾ ਕੁੱਝ ਖਾਸ ਨਜ਼ਰ ਨਹੀਂ ਹੋਇਆ।
ਹੁਣ ਇਸ ਬਜਟ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਭਖ ਗਈ ਹੈ। ਜਿੱਥੇ ਪੰਜਾਬ ਭਾਜਪਾ ਦੇ ਲੀਡਰ ਬਜਟ ਨੂੰ ਸਮਾਵੇਸ਼ੀ ਅਤੇ ਲੋਕਹਤੈਸ਼ੀ ਦੱਸ ਰਹੇ ਹਨ ਤਾਂ ਉੱਥੇ ਹੀ ਵਿਰੋਧੀਧਿਰਾਂ ਦੇ ਲੀਡਰ ਇਸ ਬਜਟ ਨੂੰ ਪੰਜਾਬ ਨਾਲ ਭੇਦਭਾਵ ਦੱਸ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ ਲਈ ਸਬਸਿਡੀ ਘੱਟ ਕਰ ਦਿੱਤੀ ਗਈ। ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇਗਾ।
ਕਾਂਗਰਸੀ ਸਾਂਸਦਾਂ ਨੇ ਕੀਤੀ ਨਾਅਰੇਬਾਜ਼ੀ
ਬਜਟ ਵਿੱਚੋਂ ਪੰਜਾਬ ਨੂੰ ਕੁੱਝ ਜ਼ਿਆਦਾ ਨਾ ਮਿਲਦਾ ਦੇਖ ਕਾਂਗਰਸੀ ਸਾਂਸਦਾਂ ਨੇ ਪਾਰਲੀਮੈਂਟ ਦੇ ਬਾਹਰ ਨਾਅਰੇਬਾਜ਼ੀ ਕੀਤੀ। ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਰਾਜਾ ਵੜਿੰਗ, ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ, ਫ਼ਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਅਤੇ ਗੁਰਦਾਸਪੁਰ ਤੋਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਤੇ ਪੰਜਾਬ ਨਾਲ ਭੇਦਭਾਵ ਕਰਨ ਦਾ ਇਲਜ਼ਾਮ ਲਗਾਇਆ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਮੌਜੂਦ ਰਹੀ।
ਪੱਖਪਾਤੀ ਕੇਂਦਰੀ ਬਜਟ- ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਲਿਖਦਿਆਂ ਕਿਹਾ ਕਿ ਕੇਂਦਰੀ ਬਜਟ 2024-25 ਪੰਜਾਬ ਪ੍ਰਤੀ ਪੱਖਪਾਤੀ ਹੈ। ਕੇਂਦਰ ਸਰਕਾਰ ਨੇ ਪੰਜਾਬ ਦੀ ਕੋਈ ਵੀ ਮੰਗ ਨਹੀਂ ਮੰਨੀ। ਇਸ ਤੋਂ ਇਲਾਵਾ ਇਸ ਬਜਟ ਵਿੱਚ ਨਾ ਤਾਂ ਕਿਸਾਨਾਂ ਉੱਪਰ ਧਿਆਨ ਦਿੱਤਾ ਗਿਆ ਨਾ ਹੀ ਮਨਰੇਗਾ ਨੂੰ ਲੈਕੇ ਕੋਈ ਐਲਾਨ ਕੀਤਾ ਗਿਆ।
ਪੰਜਾਬ ਦਾ ਜ਼ਿਕਰ ਵੀ ਨਹੀਂ ਕੀਤਾ-AAP
ਬਜਟ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਾਲਵਿੰਦਰ ਕੰਗ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਕੇਂਦਰੀ ਖ਼ਜਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੇ ਪੂਰੇ ਡੇਢ ਘੰਟੇ ਦੌਰਾਨ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ।
ਇਹ ਵੀ ਪੜ੍ਹੋ
ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹੜ੍ਹਾਂ ਕਾਰਨ ਫਸਲਾਂ ਅਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਕੇਂਦਰ ਸਰਕਾਰ ਦੇ ਇਸ ਬਜਟ ਵਿੱਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਕੇਂਦਰ ਨਾਲ ਪੰਜਾਬ ਨਾਲ ਮਤਰੇਇਆ ਵਾਲਾ ਵਰਤਾਅ ਕੀਤਾ ਹੈ।
ਵਿਕਾਸ ਅਤੇ ਖੁਸ਼ਹਾਲੀ ਦੇ ਮਾਰਗ ਹੈ ਬਜਟ- ਜਾਖੜ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਜਟ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੇ ਨੌਜਵਾਨਾਂ ਦਾ ਰੁਜ਼ਗਾਰ ਅਤੇ ਹੁਨਰ ਅਤੇ ਬੁਨਿਆਦੀ ਢਾਂਚਾ ਸਿਰਜਣਾ ਮੁੱਖ ਖੇਤਰਾਂ ਵਿੱਚੋਂ ਇੱਕ ਹੈ ਅਤੇ ਬਜਟ 2024 ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਕੀਤੀਆਂ ਜਾਣ ਵਾਲੀਆਂ ਖਾਸ ਕਾਰਵਾਈਆਂ ਦਾ ਵੇਰਵਾ ਦਿੱਤਾ ਗਿਆ ਹੈ।
ਟੈਕਸਪੇਅਰ ਨਾਗਰਿਕਾਂ ਨੂੰ ਟੈਕਸ ਛੋਟਾਂ ਦੇ ਲਾਭ ਸਾਡੇ ਨਾਗਰਿਕਾਂ ਨੂੰ ਠੋਸ ਲਾਭ ਪ੍ਰਦਾਨ ਕਰਨਗੇ। ਸੁਨੀਲ ਜਾਖੜ ਨੇ ਕਿਹਾ ਕਿ ਕੈਂਸਰ ਦੀਆਂ 3 ਦਵਾਈਆਂ ‘ਤੇ ਕਸਟਮ ਡਿਊਟੀ ਤੋਂ ਛੋਟ ਇਕ ਹੋਰ ਕਦਮ ਹੈ ਜੋ ਪ੍ਰਭਾਵਿਤ ਲੋਕਾਂ ਲਈ ਰਾਹਤ ਭਰਿਆ ਹੋਵੇਗਾ।
ਕੈਪਟਨ ਨੇ ਵੀ ਬਜਟ ਦੀ ਕੀਤੀ ਤਾਰੀਫ਼
ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸ਼ੋਸਲ ਮੀਡੀਆ ਤੇ ਪੋਸਟ ਕਰਦਿਆਂ ਲਿਖਿਆ ਕਿ ਮਾਨਯੋਗ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਖਜਾਨਾ ਮੰਤਰੀ ਨਿਰਮਲਾ ਸੀਤਾਰਮਨ ਦਾ ਇੱਕ ਮਜ਼ਬੂਤ, ਵਧੇਰੇ ਲਚਕੀਲੇ ਭਾਰਤ ਲਈ ਵਿਜ਼ਨ ਵਾਕਈ ਸ਼ਲਾਘਾਯੋਗ ਹੈ। ਉਹਨਾਂ ਨੂੰ ਉਮੀਦ ਹੈ ਕਿ ਇਸ ਬਜਟ ਵਿੱਚ ਐਲਾਨੀਆਂ ਗਈਆਂ ਪਹਿਲਕਦਮੀਆਂ ਯਕੀਨੀ ਤੌਰ ‘ਤੇ ਸਾਰਿਆਂ ਲਈ ਵਿਕਾਸ, ਨਵੀਨਤਾ ਅਤੇ ਖੁਸ਼ਹਾਲੀ ਨੂੰ ਹੁਲਾਰਾ ਦੇਣਗੀਆਂ