ਗੈਂਗਸਟਰ ਜਸਮੀਤ ਲੱਕੀ ਦੇ ਦੋ ਸਾਥੀ ਗ੍ਰਿਫਤਾਰ, ਅੰਮ੍ਰਿਤਸਰ ਪੁਲਿਸ ਨੇ 42 ਕਰੋੜ ਦੀ ਹੈਰੋਇਨ ਕੀਤੀ ਜ਼ਬਤ
ਪੰਜਾਬ ਦੀ ਅੰਮ੍ਰਿਤਸਰ ਸਿਟੀ ਪੁਲਿਸ ਨੇ ਅਮਰੀਕਾ ਸਥਿਤ ਤਸਕਰ ਅਤੇ ਗੈਂਗਸਟਰ ਜਸਮੀਤ ਸਿੰਘ ਉਰਫ ਲੱਕੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਸਾਥੀ ਲੱਕੀ ਤੋਂ ਇਸ਼ਾਰੇ 'ਤੇ ਸਰਹੱਦ ਤੋਂ ਹੈਰੋਇਨ ਦੀ ਖੇਪ ਲੈ ਕੇ ਵਾਪਸ ਆ ਰਹੇ ਸਨ। ਪੁਲਿਸ ਅਜੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਖੇਪ ਸਰਹੱਦ ਪਾਰ ਤੋਂ ਕਿਵੇਂ ਆਈ। ਫਿਲਹਾਲ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਨਿਊਜ। ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਗੈਂਗਸਟਰ ਲੱਕੀ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ ਕਰੀਬ 42 ਕਰੋੜ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ (Amritsar Police Commissioner) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਨਪੁਟ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮਹਿੰਦਰ ਪਾਲ ਅਤੇ ਸੌਰਭ ਸ਼ਰਮਾ ਵਾਸੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਦੋਵੇਂ ਸਰਹੱਦ ਤੋਂ ਹੈਰੋਇਨ (Heroin) ਦੀ ਖੇਪ ਲੈ ਕੇ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ। ਇਨ੍ਹਾਂ ਕੋਲੋਂ ਛੇ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਦੇ ਅਮਰੀਕਾ ਸਥਿਤ ਤਸਕਰ ਅਤੇ ਗੈਂਗਸਟਰ ਜਸਮੀਤ ਸਿੰਘ ਉਰਫ ਲੱਕੀ ਜੋ ਕਿ ਖੁਦ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਨਾਲ ਸਬੰਧ ਹਨ।
ਗੈਂਗਸਟਰ ਲੱਕੀ ਖ਼ਿਲਾਫ਼ ਕੁੱਲ 11 ਕੇਸ ਦਰਜ ਹਨ
ਸੀਪੀ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਮੇਂ ਗੈਂਗਸਟਰ (Gangster) ਲੱਕੀ ਖ਼ਿਲਾਫ਼ ਕੁੱਲ 11 ਕੇਸ ਦਰਜ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਫਿਰੌਤੀ, ਐਨਡੀਪੀਐਸ, ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਹਨ। ਉਹ ਵਿਦੇਸ਼ ਕਿਵੇਂ ਗਿਆ, ਇਸ ਦੀ ਜਾਂਚ ਕੀਤੀ ਜਾਵੇਗੀ। ਇਹ ਬਰਾਮਦਗੀ ਨਾਰਕੋ-ਅੱਤਵਾਦ ਨਾਲ ਸਬੰਧਤ ਹੈ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
3 ਤੋਂ 4 ਖੇਪਾਂ ਹੁਸ਼ਿਆਰਪੁਰ ਪਹੁੰਚਾਈਆਂ ਗਈਆਂ ਹਨ
ਮੁਢਲੀ ਜਾਂਚ ਵਿੱਚ ਮੁਲਜ਼ਮਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਬਾਰਡਰ ਤੋਂ ਖੇਪ ਲੈਣ ਲਈ 3 ਤੋਂ 4 ਵਾਰ ਆ ਚੁੱਕੇ ਹਨ। ਇਹ ਸਾਰੀਆਂ ਖੇਪਾਂ ਗੈਂਗਸਟਰ ਲੱਕੀ ਦੇ ਇਸ਼ਾਰੇ ‘ਤੇ ਹੀ ਮਿਲਦੀਆਂ ਸਨ। ਮੁਲਜ਼ਮਾਂ ਤੋਂ ਇਹ ਵੀ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਇਹ ਖੇਪ ਕਿੱਥੇ ਪਹੁੰਚਾਈ ਗਈ ਅਤੇ ਕਿਸ ਨੂੰ ਵੰਡੀ ਗਈ। ਇਸ ਦੇ ਨਾਲ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਅੰਮ੍ਰਿਤਸਰ ਪੁਲਿਸ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਵਾਲੀ ਪੁਲਿਸ ਟੀਮ ਲਈ ਯੋਗ ਇਨਾਮ ਦਾ ਐਲਾਨ ਵੀ ਕੀਤਾ ਹੈ।