ਬਠਿੰਡਾ ‘ਚ ਭਿਆਨਕ ਸੜਕ ਹਾਦਸਾ, ਤਿੰਨ ਗੱਡੀਆਂ ਆਪਸ ਵਿੱਚ ਭਿੜੀਆਂ
Bathinda Accident: ਥਾਣਾ ਕੈਂਟ ਦੇ ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕੀਆ ਕਾਰ ਸਲਿੱਪ ਰੋਡ ਰਾਹੀਂ ਨੈਸ਼ਨਲ ਹਾਈਵੇ ਤੇ ਚੜ੍ਹ ਰਹੀ ਸੀ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਥਾਰ ਗੱਡੀ ਨੇ ਕੀਆ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਥਾਰ ਦੀ ਟੱਕਰ ਇੰਨੀ ਭਿਆਨਕ ਸੀ ਕਿ ਕੀਆ ਕਾਰ ਬੇਕਾਬੂ ਹੋ ਕੇ ਫੁੱਟਪਾਥ ਦੇ ਦੂਜੇ ਪਾਸੇ ਖੜ੍ਹੀ ਇੱਕ ਹੋਂਡਾ ਸਿਟੀ ਕਾਰ ਨਾਲ ਜਾ ਟਕਰਾਈ।
ਬਠਿੰਡਾਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਭੁੱਚੋ ਰੋਡ ਸਥਿਤ ਸਲਿੱਪ ਰੋਡ ਤੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਕੁੱਲ ਪੰਜ ਲੋਕ ਜਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਕਿਵੇਂ ਵਾਪਰਿਆ ਹਾਦਸਾ
ਥਾਣਾ ਕੈਂਟ ਦੇ ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕੀਆ ਕਾਰ ਸਲਿੱਪ ਰੋਡ ਰਾਹੀਂ ਨੈਸ਼ਨਲ ਹਾਈਵੇ ਤੇ ਚੜ੍ਹ ਰਹੀ ਸੀ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਥਾਰ ਗੱਡੀ ਨੇ ਕੀਆ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਥਾਰ ਦੀ ਟੱਕਰ ਇੰਨੀ ਭਿਆਨਕ ਸੀ ਕਿ ਕੀਆ ਕਾਰ ਬੇਕਾਬੂ ਹੋ ਕੇ ਫੁੱਟਪਾਥ ਦੇ ਦੂਜੇ ਪਾਸੇ ਖੜ੍ਹੀ ਇੱਕ ਹੋਂਡਾ ਸਿਟੀ ਕਾਰ ਨਾਲ ਜਾ ਟਕਰਾਈ।
ਇਸ ਹਾਦਸੇ ਵਿੱਚ ਤਿੰਨ ਵਾਹਨ ਨੁਕਸਾਨੀ ਹੋਏ। ਕੀਆ ਕਾਰ ਵਿੱਚ ਬਰਨਾਲਾ ਜ਼ਿਲ੍ਹੇ ਦੇ ਤਪਾ ਪਿੰਡ ਦੇ ਦੋ ਵਿਅਕਤੀ ਸਵਾਰ ਸਨ, ਜਦਕਿ ਥਾਰ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਪਿੰਡ ਦੇ ਦੋ ਨੌਜਵਾਨ ਮੌਜੂਦ ਸਨ। ਹੋਂਡਾ ਸਿਟੀ ਵਿੱਚ ਤਲਵੰਡੀ ਸਾਬੋ ਦੇ ਮਲਕਾਣਾ ਪਿੰਡ ਦਾ ਇੱਕ ਵਿਅਕਤੀ ਸਵਾਰ ਸੀ, ਜੋ ਟੱਕਰ ਦੌਰਾਨ ਜਖ਼ਮੀ ਹੋ ਗਿਆ।
ਇੱਕ ਦੀ ਹਾਲਤ ਗੰਭੀਰ
ਹਾਦਸੇ ਵਿੱਚ ਜਖ਼ਮੀ ਹੋਏ ਪੰਜ ਲੋਕਾਂ ਵਿੱਚੋਂ ਚਾਰ ਨੂੰ ਮਾਮੂਲੀ ਸੱਟਾਂ ਆਈਆਂ ਹਨ, ਜਦਕਿ ਇੱਕ ਕਾਰ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੰਭੀਰ ਜਖ਼ਮੀ ਦੀ ਪਹਿਚਾਣ ਰਾਜਨਪ੍ਰੀਤ ਸਿੰਘ (22), ਵਾਸੀ ਮਣੀ ਵਾਲਾ, ਮਲੋਟ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ, ਸੰਦੀਪ ਗਿੱਲ ਦੀ ਅਗਵਾਈ ਹੇਠ, ਮੌਕੇ ਤੇ ਪਹੁੰਚੀ।
ਟੀਮ ਨੇ ਗੰਭੀਰ ਜਖ਼ਮੀ ਡਰਾਈਵਰ ਨੂੰ ਗੱਡੀ ਵਿੱਚੋਂ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਅਤੇ ਉਸਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ। ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਕਿਸੇ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਣ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


