Tarn Taran By Election Result: ‘ਆਪ’ ਦੇ ਹਰਮੀਤ ਸੰਧੂ ਦੀ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ
Tarn Taran By Election Result Live:ਤਰਨਤਾਰਨ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਚ ਹਨ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਤਰਨਤਾਰਨ ਜ਼ਿਮਨੀ ਚੋਣ ਨੂੰ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਖਿਰੀ ਜ਼ਿਮਨੀ ਚੋਣ ਹੋਵੇਗੀ। ਇਸ ਕਾਰਨ ਸਾਰੀਆਂ ਹੀ ਪਾਰਟੀਆਂ ਨੇ ਇਸ ਚੋਣ ਚ ਜਿੱਤ ਹਾਸਲ ਕਰਨ ਲਈ ਵਾਹ ਲਗਾ ਦਿੱਤੀ ਹੈ। ਇਹ ਜਿੱਤ ਕਿਸੇ ਵੀ ਪਾਰਟੀ ਲਈ ਵੱਡੀ ਸਾਬਤ ਹੋਵੇਗੀ।
ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਹਾਸਲ ਕੀਤੀ ਹੈ। ਕੁੱਲ 16 ਰਾਊਂਡ ਦੀ ਗਿਣਤੀ ਤੋਂ ਬਾਅਦ ਉਨ੍ਹਾਂ ਨੂੰ 42,649 ਵੋਟਾਂ ਮਿਲਿਆ ਤੇ ਉਨ੍ਹਾਂ ਨੇ 12,091 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਰਹੇ ਹਨ। ਉਨ੍ਹਾਂ ਨੂੰ 30,558 ਵੋਟਾਂ ਮਿਲੀਆਂ ਹਨ।
ਪਹਿਲੀ ਵਾਰ ਚੋਣ ਲੜ ਰਹੀ ‘ਵਾਰਿਸ ਪੰਜਾਬ ਦੇ’ ਨੇ ਕਾਂਗਰਸ ਤੇ ਭਾਜਪਾ ਨੂੰ ਪਛਾੜਿਆ
ਉੱਥੇ ਹੀ, ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ), ਜੋ ਪਹਿਲੀ ਵਾਰ ਚੋਣ ਲੜ ਰਹੀ ਸੀ, ਉਹ ਤੀਸਰੇ ਨੰਬਰ ‘ਤੇ ਰਹੀ ਹੈ। ‘ਵਾਰਿਸ ਪੰਜਾਬ ਦੇ’ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ 19,620 ਵੋਟਾਂ ਮਿਲੀਆਂ।
ਕਾਂਗਰਸ ਨੇ ਇਸ ਚੋਣ ਲਈ ਸਾਰੇ ਸਟਾਰ ਪ੍ਰਚਾਰਕ ਮੈਦਾਨ ‘ਚ ਉਤਾਰ ਦਿੱਤੇ ਤੇ ਪੂਰੀ ਵਾਹ ਲਗਾਈ, ਪਰ ਉਸ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ। ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ 15,078 ਵੋਟਾਂ ਹਾਸਲ ਕੀਤੀਆਂ। ਦੂਜੇ ਪਾਸੇ, ਭਾਜਪਾ ਅਜੇ ਵੀ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਦਿਲਾਂ ‘ਚ ਜਗ੍ਹਾ ਨਹੀਂ ਬਣਾ ਪਾਈ ਹੈ। ਉਨ੍ਹਾਂ ਦੇ ਉਮੀਦਵਾਰ ਨੂੰ ਹਰਜੀਤ ਸਿੰਘ ਸੰਧੂ ਨੂੰ 6, 239 ਵੋਟਾਂ ਹੀ ਹਾਸਲ ਹੋਈਆਂ।
ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਸੀਟ ਹੋਈ ਸੀ ਖਾਲੀ
ਦੱਸ ਦੇਈਏ ਕਿ ਤਰਨਤਾਰਨ ਜ਼ਿਮਨੀ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ‘ਚ ਸਨ। ਇਹ ਸੀਟ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। ਤਰਨਤਾਰਨ ਜ਼ਿਮਨੀ ਚੋਣ ਨੂੰ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ, ਕਿਉਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਆਖਿਰੀ ਜ਼ਿਮਨੀ ਚੋਣ ਹੋਵੇਗੀ। ਇਸ ਕਾਰਨ ਸਾਰੀਆਂ ਹੀ ਪਾਰਟੀਆਂ ਨੇ ਇਸ ਚੋਣ ‘ਚ ਜਿੱਤ ਹਾਸਲ ਕਰਨ ਲਈ ਵਾਹ ਲਗਾ ਦਿੱਤੀ ਸੀ।
ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਧੌਣ ‘ਚੋਂ ਕਿੱਲਾ ਕੱਢ ਦਿੱਤਾ- ਧਾਲੀਵਾਲ
ਆਪ ਦੀ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ ਹੈ। ਉੱਥੇ ਹੀ, ਜਿੱਤ ਤੋਂ ਬਾਅਦ ਪਾਰਟੀ ਆਗੂਆਂ ਦੇ ਬਿਆਨ ਆਉਣੇ ਵੀ ਸ਼ੁਰੂ ਹੋ ਗਏ ਹਨ। ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਮਨੀ ਚੋਣ ਦੀ ਜਿੱਤ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ 3.5 ਸਾਲ ਦੇ ਵਿਕਾਸ ਦੇ ਨਾਮ ਤੇ ਵੋਟ ਪਾਈ। ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਜ਼ਿਮਨੀ ਚੋਣ ਦੌਰਾਨ ਬਹੁਤ ਬੇਤੁਕੇ ਬਿਆਨ ਦਿੱਤੇ। ਲੋਕਾਂ ਨੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੀ ਧੌਣ ਚੋਂ ਕਿੱਲਾ ਕੱਢ ਦਿੱਤਾ ਹੈ। ਇਸ ਕਰਕੇ ਇਨ੍ਹਾਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਜੋ ਇਹ ਗੱਲਾ ਕਰਦੇ ਹਨ, ਉਹ ਨਹੀਂ ਹੋਣ ਵਾਲਾ ਤੇ ਲੋਕ ਸਿਰਫ਼ ਵਿਕਾਸ ਨੂੰ ਵੋਟ ਪਾਉਣਗੇ।
ਇਹ ਵੀ ਪੜ੍ਹੋ
2027 ਚ ਕਾਂਗਰਸ ਕਿਸੇ ਵੀ ਪਾਸੇ ਆਪ ਨੂੰ ਟੱਕਰ ਨਹੀਂ ਦੇ ਸਕਦੀ। ਵਿਰੋਧੀ ਕਹਿ ਰਹੇ ਸਨ ਕਿ ਇਹ ਸੈਮੀਫਾਈਨਲ ਹੈ ਤੇ ਹੁਣ ਉਹ ਫਾਈਨਲ ਦੀ ਤਿਆਰੀ ਵੀ ਹੋ ਗਈ ਹੈ। ਸੈਮੀਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਹੈ ਤੇ ਫਾਈਨਲ ਚ ਵੀ ਆਪ ਬਾਜ਼ੀ ਮਾਰੇਗੀ।
ਅਮਨ ਅਰੋੜਾ ਨੇ ਜਿੱਤ ‘ਤੇ ਕੀ ਕਿਹਾ?
ਜਿੱਤ ਤੋਂ ਬਾਅਦ ਪੰਜਾਬ ਆਪ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਲੋਕਾਂ ਦੇ ਫ਼ਤਵੇ ਦਾ ਸਵਾਗਤ ਕੀਤਾ ਤੇ ਪਾਰਟੀ ਦੇ ਵਰਕਰਾਂ ਨੂੰ ਦਿਨ-ਰਾਤ ਕੀਤੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਇੱਕ ਲੈਂਡਸਲਾਈਡ, ਇੱਕ ਪਾਸੜ ਜਿੱਤ ਹੈ। ਉਨ੍ਹਾਂ ਨੇ ਕਿਹਾ ਇਹ ਪੰਜਾਬ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 3.5 ਸਾਲਾਂ ਦੇ ਕੰਮਾਂ ਤੇ ਮੋਹਰ ਲਗਾਈ ਗਈ ਹੈ।
ਅਮਨ ਅਰੋੜਾ ਨੇ ਇਸ ਦੇ ਨਾਲ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜੋ ਦੂਜੀਆਂ ਪਾਰਟੀਆਂ ਕੂੜ-ਪ੍ਰਚਾਰ ਕਰ ਰਹੀਆਂ ਸਨ। ਚਾਹੇ ਉਹ ਕਾਂਗਰਸ ਹੋਵੇ ਜਾਂ ਭਾਜਪਾ, ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਇਸ ਤੋਂ ਸਪੱਸ਼ਟ ਜ਼ਾਹਰ ਹੋ ਗਿਆ ਹੈ ਕਿ ਲੋਕ ਇਨ੍ਹਾਂ ਨੂੰ ਨਕਾਰ ਚੁੱਕੇ ਹਨ। ਜਿਸ ਤਰ੍ਹਾਂ ਲੋਕਾਂ ਨੂੰ ਧਰਮਾਂ, ਮਜ਼ਬਾਂ ਤੇ ਫਿਰਕਿਆਂ ਦੇ ਆਧਾਰ ਤੇ ਵੰਡਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਤੇ ਉਨ੍ਹਾਂ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਦਲਿਤ ਭਾਈਚਾਰੇ ਲਈ ਵਰਤੀ, ਲੋਕਾਂ ਨੇ ਉਸ ਨੂੰ ਸਿਰੇ ਤੋਂ ਨਕਾਰ ਦਿੱਤਾ।
ਅਮਨ ਅਰੋੜਾ ਨੇ ਭਾਜਪਾ ਤੇ ਘੇਰਦੇ ਹੋਏ ਕਿਹਾ ਕਿ ਉਸ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਤੇ ਪੰਜਾਬੀਅਤ ਨੂੰ ਢਾਹ ਮਾਰੀ ਜਾਵੇ। ਲੋਕਾਂ ਨੇ ਭਾਜਪਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।


