ਸੁਖਬੀਰ ਬਾਦਲ ਦਾ ਰੌਕ ਸਟਾਰ ਲੁੱਕ, ਪੀਜ਼ਾ-ਪਾਸਤਾ ਦੀਆਂ ਗੱਲਾਂ ਤੇ ਸੈਲਫ਼ੀਆਂ; 2027 ਚੋਣਾਂ ਤੋਂ ਪਹਿਲਾ Gen-Z ‘ਤੇ ਫੋਕਸ
ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਪੀੜ੍ਹੀ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਵਿਸ਼ੇਸ਼ ਵਾਈਬ ਪੰਜਾਬ ਦੀ (Vibe Punjab Di) ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੰਦਾਜ਼ ਬਿਲਕੁਲ ਇੱਕ ਰੌਕ ਸਟਾਰ ਵਰਗਾ ਦਿਖਾਈ ਦੇ ਰਿਹਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਪੀੜ੍ਹੀ ਦੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਵਿਸ਼ੇਸ਼ ਵਾਈਬ ਪੰਜਾਬ ਦੀ (Vibe Punjab Di) ਮੁਹਿੰਮ ਦਾ ਆਗਾਜ਼ ਕੀਤਾ ਹੈ। ਇਸ ਮੁਹਿੰਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੰਦਾਜ਼ ਬਿਲਕੁਲ ਇੱਕ ਰੌਕ ਸਟਾਰ ਵਰਗਾ ਦਿਖਾਈ ਦੇ ਰਿਹਾ ਹੈ। ਉਹ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਵਿਚਕਾਰ ਬਿਲਕੁਲ ਨਵੇਂ ਲੁੱਕ, ਆਧੁਨਿਕ ਪਹਿਰਾਵੇ ਅਤੇ ਬਦਲੇ ਹੋਏ ਗੱਲਬਾਤ ਦੇ ਤਰੀਕੇ ਨਾਲ ਦਸਤਕ ਦੇ ਰਹੇ ਹਨ।
ਦੋ ਪ੍ਰਮੁੱਖ ਕਾਲਜਾਂ ਵਿੱਚ ਆਯੋਜਿਤ ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਨੇ ਉਨ੍ਹਾਂ ਕੋਲੋਂ ਸਿਰਫ਼ ਸਿਆਸੀ ਮੁੱਦਿਆਂ ਤੇ ਹੀ ਨਹੀਂ, ਬਲਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ, ਪਰਿਵਾਰ ਅਤੇ ਖਾਣ-ਪੀਣ ਦੀਆਂ ਪਸੰਦਾਂ ਨਾਲ ਜੁੜੇ ਕਈ ਦਿਲਚਸਪ ਸਵਾਲ ਵੀ ਪੁੱਛੇ। ਸੁਖਬੀਰ ਬਾਦਲ ਨੇ ਖੁੱਲ੍ਹ ਕੇ ਜਵਾਬ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪੀਜ਼ਾ, ਪਾਸਤਾ ਅਤੇ ਡਾਈਟ ਕੋਕ ਬਹੁਤ ਪਸੰਦ ਹੈ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨਾਲ ਹਲਕੇ-ਫੁਲਕੇ ਮਾਹੌਲ ਵਿੱਚ ਗੱਲਾਂ ਕੀਤੀਆਂ ਅਤੇ ਖ਼ੁਦ ਸੈਲਫ਼ੀਆਂ ਵੀ ਲਈਆਂ।
Gen-Z ਅਤੇ ਨੌਜਵਾਨ ਵੋਟਰਾਂ ਨੂੰ ਖਿੱਚਣ ਦੀ ਵੱਡੀ ਰਣਨੀਤੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿੱਢੀ ਗਈ ਇਹ ਮੁਹਿੰਮ 2027 ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ‘ਜੈਨ-ਜ਼ੈੱਡ’ (Gen-Z) ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਤੱਕ ਪਹੁੰਚ ਬਣਾਉਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਮੰਨੀ ਜਾ ਰਹੀ ਹੈ। ਇਸੇ ਲੜੀ ਤਹਿਤ ਇੱਕ ਅਕਤੂਬਰ ਨੂੰ ਪਟਿਆਲਾ ਦੇ ਖ਼ਾਲਸਾ ਕਾਲਜ ਵਿਖੇ ਹੋਏ ਪ੍ਰੋਗਰਾਮ ਵਿੱਚ ਸੁਖਬੀਰ ਬਾਦਲ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਸਨ। ਇੱਥੇ ਮੰਚ ਤੋਂ ਲੰਮੇ-ਚੌੜੇ ਰਵਾਇਤੀ ਸਿਆਸੀ ਭਾਸ਼ਣ ਦੇਣ ਦੀ ਬਜਾਏ ਉਨ੍ਹਾਂ ਨੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਰਚਾਇਆ। ਪ੍ਰੋਗਰਾਮ ਦਾ ਮਾਹੌਲ ਕਿਸੇ ਸਿਆਸੀ ਰੈਲੀ ਵਰਗਾ ਘੱਟ ਅਤੇ ਇੱਕ ਨਿੱਜੀ ਯੂਥ-ਕਨੈਕਟ ਈਵੈਂਟ ਵਰਗਾ ਜ਼ਿਆਦਾ ਨਜ਼ਰ ਆਇਆ। ਮੀਡੀਆ ਰਿਪੋਰਟਾਂ ਵਿੱਚ ਉਨ੍ਹਾਂ ਦੇ ਇਸ ਬਦਲੇ ਹੋਏ ਢੰਗ-ਤਰੀਕੇ ਨੂੰ ਕੂਲ ਡੈੱਡ (Cool Dad) ਅਕਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਜਦੋਂ ਤੁਸੀਂ ਨੌਜਵਾਨਾਂ ਨਾਲ ਮਿਲਦੇ ਹੋ, ਉਨ੍ਹਾਂ ਦੇ ਆਸਮਾਨ ਛੂੰਹਦੇ ਹੌਂਸਲੇ ਦੀ ਥਿਰਕਣ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹੋ ਤਾਂ ਤੁਸੀਂ ਵੀ ਚੜ੍ਹਦੀ ਕਲਾ ਨਾਲ ਭਰ ਜਾਂਦੇ ਹੋ।
ਅੱਜ ਮੋਗਾ ਦੇ ਗੁਰੂ ਨਾਨਕ ਕਾਲਜ ਵਿਖੇ ਮੇਰੀ ਧਰਤੀ ਦੇ ਭਵਿੱਖ ਨਾਲ ਮਿਲਕੇ ਮੈਨੂੰ ਇਵੇਂ ਹੀ ਮਹਿਸੂਸ ਹੋਇਆ। ਪੰਜਾਬ ਦੀ VIBE ਹਮੇਸ਼ਾ ਚੜ੍ਹਦੀ ਕਲਾ ਵਿੱਚ ਸੀ ਹੈ ਅਤੇ ਹਮੇਸ਼ਾ ਰਹੇਗੀ! ਧੰਨਵਾਦ ਮੇਰੇ ਸ਼ੇਰ ਬੱਚਿਓ! — Sukhbir Singh Badal (@officeofssbadal) October 7, 2026
ਅਕਾਲੀ ਦਲ ਦੇ ਪੁਰਾਣੇ ਅਕਸ ਨਾਲੋਂ ਕਿੰਨਾ ਵੱਖਰਾ ਹੈ ਇਹ ਕਦਮ?
ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਲੰਮੇ ਸਮੇਂ ਤੋਂ ਪੰਥਕ ਮੁੱਦਿਆਂ, ਪੇਂਡੂ ਕਿਸਾਨੀ ਅਤੇ ਆਪਣੇ ਰਵਾਇਤੀ ਵੋਟ ਬੈਂਕ ਦੇ ਆਲੇ-ਦੁਆਲੇ ਹੀ ਘੁੰਮਦੀ ਰਹੀ ਹੈ। ਸੁਖਬੀਰ ਸਿੰਘ ਬਾਦਲ ਵੀ ਹਮੇਸ਼ਾ ਇਸੇ ਰਵਾਇਤੀ ਸਿਆਸੀ ਪਛਾਣ ਦੇ ਪ੍ਰਮੁੱਖ ਚਿਹਰੇ ਵਜੋਂ ਜਾਣੇ ਜਾਂਦੇ ਰਹੇ ਹਨ। ਪਰ ਹੁਣ ਪਾਰਟੀ ਆਪਣਾ ਧਿਆਨ ਉਸ ਨੌਜਵਾਨ ਪੀੜ੍ਹੀ ਵੱਲ ਕੇਂਦਰਿਤ ਕਰ ਰਹੀ ਹੈ, ਜੋ ਸੋਸ਼ਲ ਮੀਡੀਆ ਅਤੇ ਕਾਲਜ ਕੈਂਪਸ ਦੀ ਆਧੁਨਿਕ ਸੋਚ ਦੇ ਮਾਹੌਲ ਵਿੱਚ ਵੱਡੀ ਹੋਈ ਹੈ। ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਦਾ ਇਹ ਨਵਾਂ ਅੰਦਾਜ਼ ਸਿਰਫ਼ ਪਹਿਰਾਵਾ ਬਦਲਣ ਤੱਕ ਹੀ ਸੀਮਤ ਨਹੀਂ ਹੈ; ਬਲਕਿ ਗੱਲਬਾਤ ਦੀ ਸ਼ੈਲੀ, ਮੰਚ ਦੀ ਚੋਣ ਅਤੇ ਨਿਸ਼ਾਨਾ ਵੀ ਪੂਰੀ ਤਰ੍ਹਾਂ ਬਦਲ ਚੁੱਕਾ ਹੈ।
ਇਹ ਵੀ ਪੜ੍ਹੋ
ਪਹਿਲਾਂ 43 ਰੈਲੀਆਂ, ਹੁਣ Gen-Z ਵੋਟਰਾਂ ਤੇ ਫ਼ੋਕਸ
ਅਕਾਲੀ ਦਲ ਨੇ ਇਸ ਤੋਂ ਪਹਿਲਾਂ ਆਪਣੇ ਰਵਾਇਤੀ ਵੋਟਰਾਂ ਅਤੇ ਜ਼ਮੀਨੀ ਕਾਡਰ ਨੂੰ ਲਾਮਬੰਦ ਕਰਨ ਲਈ ਸੂਬੇ ਭਰ ਵਿੱਚ 43 ਵੱਡੀਆਂ ਰੈਲੀਆਂ ਕੀਤੀਆਂ ਸਨ। ਹੁਣ ਪਾਰਟੀ ਨਵੀਂ ਉਮਰ ਦੇ ਨੌਜਵਾਨਾਂ ਨੂੰ ਆਪਣੇ ਨਾਲ ਤੋਰਨ ਤੇ ਪੂਰਾ ਜ਼ੋਰ ਲਗਾ ਰਹੀ ਹੈ ਅਤੇ ਵਾਈਬ ਪੰਜਾਬ ਦੀ ਇਸੇ ਵੱਡੀ ਸਕੀਮ ਦਾ ਅਹਿਮ ਹਿੱਸਾ ਹੈ।
ਇਸੇ ਤਰ੍ਹਾਂ 7 ਅਕਤੂਬਰ ਨੂੰ ਮੋਗਾ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਇਸੇ ਬਦਲੇ ਹੋਏ ਰੂਪ ਵਿੱਚ ਨੌਜਵਾਨਾਂ ਵਿਚਕਾਰ ਪਹੁੰਚੇ। ਉੱਥੇ ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਮੁਫ਼ਤ ਤੇ ਮਿਆਰੀ ਸਿੱਖਿਆ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਅਹਿਮ ਵਾਅਦੇ ਵੀ ਕੀਤੇ।


