ਜਿੰਮ ਟ੍ਰੇਨਰ ਵੀਡੀਓ ਵਿਵਾਦ: ਟੀ-ਸ਼ਰਟ ਨਿਚੋੜ ਕੇ ਪਿਆਇਆ ਪਸੀਨਾ, ਆਲੋਚਨਾ ਹੋਣ ਤੋਂ ਬਾਅਦ ਹੁਣ ਮੰਗ ਮੁਆਫ਼ੀ
ਮੁਆਫ਼ੀ ਮੰਗਦਿਆਂ ਰਾਣਾ ਰੌਕ ਨੇ ਕਿਹਾ ਕਿ ਉਸ ਨੇ ਆਪਣੇ ਸਾਥੀ ਰਾਜਨ ਨੂੰ ਪਹਿਲਾਂ ਹੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਅਪਲੋਡ ਨਾ ਕਰਨ ਲਈ ਕਿਹਾ ਸੀ। ਉਸ ਦੇ ਮੁਤਾਬਕ ਉਸ ਦਿਨ ਐਤਵਾਰ ਦੀ ਛੁੱਟੀ ਸੀ ਤੇ ਉਹ ਹੋਰ ਕੰਮਾਂ 'ਚ ਰੁੱਝਿਆ ਹੋਇਆ ਸੀ। ਇੰਸਟਾਗ੍ਰਾਮ ਦਾ ਪਾਸਵਰਡ ਤੇ ਰੀਲ ਅਪਲੋਡ ਕਰਨ ਦੀ ਜ਼ਿੰਮੇਵਾਰੀ ਰਾਜਨ ਕੋਲ ਸੀ, ਜਿਸ ਨੇ ਇਹ ਵੀਡੀਓ ਪੋਸਟ ਕਰ ਦਿੱਤੀ।
ਅੰਮ੍ਰਿਤਸਰ ਦੇ ਤਰਨਤਾਰਨ ਰੋਡ ਸਥਿਤ ਦਿ ਰਾਕ ਜਿੰਮ ਦੇ ਟ੍ਰੇਨਰ ਤੇਜਬੀਰ ਸਿੰਘ ਰਾਣਾ ਉਰਫ਼ ਰਾਣਾ ਰੌਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਵਾਇਰਲ ਹੋਈ 8 ਸਕਿੰਟ ਦੀ ਵੀਡੀਓ ‘ਚ ਜਿੰਮ ਟ੍ਰੇਨਰ ਆਪਣੇ ਚੇਲੇ ਨੂੰ ਟੀ-ਸ਼ਰਟ ਨਿਚੋੜ ਕੇ ਆਪਣਾ ਪਸੀਨਾ ਪਿਆਉਂਦੇ ਹੋਏ ਦਿਖਾਈ ਦਿੰਦਾ ਹੈ। ਵੀਡੀਓ ‘ਚ ਉਹ ਕਹਿੰਦਾ ਹੈ ਕਿ ਜੇ ਤੂੰ ਇਹ ਪੀ ਲਿਆ ਤਾਂ ਤੂੰ ਤਗੜਾ ਹੋ ਜਾਵੇਂਗਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਜਿੰਮ ਟ੍ਰੇਨਰ ਦੀ ਤਿੱਖੀ ਆਲੋਚਨਾ ਕੀਤੀ ਗਈ। ਵਿਵਾਦ ਵਧਣ ਮਗਰੋਂ ਰਾਣਾ ਰੌਕ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ।
“ਵੀਡੀਓ ਅਪਲੋਡ ਨਾ ਕਰਨ ਲਈ ਕਿਹਾ ਸੀ”
ਮੁਆਫ਼ੀ ਮੰਗਦਿਆਂ ਰਾਣਾ ਰੌਕ ਨੇ ਕਿਹਾ ਕਿ ਉਸ ਨੇ ਆਪਣੇ ਸਾਥੀ ਰਾਜਨ ਨੂੰ ਪਹਿਲਾਂ ਹੀ ਇਹ ਵੀਡੀਓ ਇੰਸਟਾਗ੍ਰਾਮ ‘ਤੇ ਅਪਲੋਡ ਨਾ ਕਰਨ ਲਈ ਕਿਹਾ ਸੀ। ਉਸ ਦੇ ਮੁਤਾਬਕ ਉਸ ਦਿਨ ਐਤਵਾਰ ਦੀ ਛੁੱਟੀ ਸੀ ਤੇ ਉਹ ਹੋਰ ਕੰਮਾਂ ‘ਚ ਰੁੱਝਿਆ ਹੋਇਆ ਸੀ। ਇੰਸਟਾਗ੍ਰਾਮ ਦਾ ਪਾਸਵਰਡ ਤੇ ਰੀਲ ਅਪਲੋਡ ਕਰਨ ਦੀ ਜ਼ਿੰਮੇਵਾਰੀ ਰਾਜਨ ਕੋਲ ਸੀ, ਜਿਸ ਨੇ ਇਹ ਵੀਡੀਓ ਪੋਸਟ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਟ੍ਰੋਲਿੰਗ ਦੇਖੀ ਤਾਂ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਇਸ ਵੀਡੀਓ ਕਾਰਨ ਆਹਤ ਹੋਈਆਂ ਹਨ, ਉਹ ਉਨ੍ਹਾਂ ਤੋਂ ਦਿਲੋਂ ਮੁਆਫ਼ੀ ਮੰਗਦੇ ਹਨ ਤੇ ਭਵਿੱਖ ‘ਚ ਅਜਿਹਾ ਕੰਟੈਂਟ ਸਾਂਝਾ ਨਹੀਂ ਕਰਨਗੇ।
“ਗਲਤੀ ਇਨਸਾਨ ਤੋਂ ਹੀ ਹੁੰਦੀ ਹੈ”
ਰਾਣਾ ਰੌਕ ਨੇ ਕਿਹਾ ਕਿ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ ਤੇ ਕੋਈ ਵੀ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਖ਼ੁਦ ਇਹ ਵੀਡੀਓ ਦੁਬਾਰਾ ਦੇਖੀ ਤਾਂ ਉਨ੍ਹਾਂ ਨੂੰ ਵੀ ਇਹ ਠੀਕ ਨਹੀਂ ਲੱਗੀ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਰਮਾਤਮਾ ਤੇ ਸਾਧ ਸੰਗਤ ਹੀ ਮਨੁੱਖ ਨੂੰ ਬਖ਼ਸ਼ਣ ਵਾਲੇ ਹਨ।
ਇਹ ਵੀ ਪੜ੍ਹੋ
View this post on Instagram
ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰੇਰਣਾਦਾਇਕ ਵੀਡੀਓ ਬਣਾਉਂਦੇ ਹਨ ਤੇ ਲੋਕਾਂ ਵੱਲੋਂ ਮਿਲਣ ਵਾਲੇ ਪਿਆਰ ਦੀ ਕਦਰ ਕਰਦੇ ਹਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲੋਕਾਂ ਨੂੰ ਇਹ ਵੀਡੀਓ ਬਿਲਕੁਲ ਪਸੰਦ ਨਹੀਂ ਆਈ।
ਰਾਜਨ ਨੇ ਮੰਨੀ ਆਪਣੀ ਗਲਤੀ
ਰਾਣਾ ਰੌਕ ਦੇ ਨਾਲ ਵੀਡੀਓ ‘ਚ ਮੌਜੂਦ ਰਾਜਨ ਨੇ ਵੀ ਮੰਨਿਆ ਕਿ ਟ੍ਰੇਨਰ ਨੇ ਉਸ ਨੂੰ ਵੀਡੀਓ ਅਪਲੋਡ ਨਾ ਕਰਨ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਇੰਸਟਾਗ੍ਰਾਮ ਦਾ ਪਾਸਵਰਡ ਉਸ ਕੋਲ ਸੀ ਤੇ ਉਸ ਨੇ ਹੀ ਇਹ ਵੀਡੀਓ ਪੋਸਟ ਕੀਤੀ। ਰਾਜਨ ਨੇ ਕਿਹਾ ਕਿ ਉਸ ਸਮੇਂ ਉਸ ਨੂੰ ਇਹ ਇੱਕ ਆਮ ਵੀਡੀਓ ਲੱਗੀ ਸੀ।
ਭਵਿੱਖ ‘ਚ ਸੋਚ-ਸਮਝ ਕੇ ਬਣਾਇਆ ਜਾਵੇਗਾ ਕੰਟੈਂਟ
ਰਾਣਾ ਰੌਕ ਨੇ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਵੀਡੀਓ ਹਟਾ ਦੇਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ‘ਚ ਹਰ ਵੀਡੀਓ ਤੇ ਕੰਟੈਂਟ ਨੂੰ ਪੂਰੀ ਜ਼ਿੰਮੇਵਾਰੀ ਤੇ ਸੋਚ-ਸਮਝ ਨਾਲ ਤਿਆਰ ਕਰਕੇ ਹੀ ਸਾਂਝਾ ਕੀਤਾ ਜਾਵੇਗਾ ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਲੋਕਾਂ ਨੂੰ ਆਪਣੇ ਮਨ ‘ਚੋਂ ਨਫ਼ਰਤ, ਗੁੱਸਾ, ਲੋਭ, ਅਹੰਕਾਰ ਤੇ ਹੋਰ ਵਿਕਾਰ ਦੂਰ ਕਰਨ ਦੀ ਅਪੀਲ ਵੀ ਕੀਤੀ।


