ਪੰਜਾਬ ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੁੜ ਆਰੰਭ
ਐਤਵਾਰ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਪੁੱਜੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਉਪਰੰਤ ਉਹ ਯਾਤਰਾ ਲਈ ਰਵਾਨਾ ਹੋ ਗਏ।

ਕਰੀਬ ਦੋ ਦਿਨਾਂ ਬਾਅਦ ਐਤਵਾਰ ਦੁਪਹਿਰ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਮੁੜ ਆਰੰਭ ਹੋ ਗਈ। ਯਾਤਰਾ ਦੇ ਆਖ਼ਰੀ ਸਮੇਂ ਤੱਕ ਦੇ ਪ੍ਰੋਗਰਾਮ ਵਿੱਚ ਬਦਲਾਅ ਕੀਤੇ ਗਏ। ਐੱਮ.ਪੀ. ਚੌਧਰੀ ਸੰਤੋਖ ਸਿੰਘ ਦੀ ਮੌਤ ਦੇ ਮੱਦੇਨਜ਼ਰ ਜਲੰਧਰ ਵਿੱਚ ਯਾਤਰਾ ਨੂੰ ਸ਼ਾਂਤੀਪੂਰਵਕ ਢੰਗ ਨਾਲ ਕੱਢਿਆ ਗਿਆ। ਯਾਤਰਾ ਦੌਰਾਨ ਕਿਸੇ ਵੀ ਪ੍ਰਕਾਰ ਦੇ ਡੀ.ਜੇ ਆਦਿ ਨਹੀਂ ਬਜਾਏ ਗਏ।
ਸ਼੍ਰੀ ਦੇਵੀ ਤਲਾਬ ਮੰਦਰ ਪੁੱਜੇ ਰਾਹੁਲ ਗਾਂਧੀ
ਐਤਵਾਰ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ ਪੁੱਜੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ ਅਤੇ ਉਪਰੰਤ ਉਹ ਯਾਤਰਾ ਲਈ ਰਵਾਨਾ ਹੋ ਗਏ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਜਲੰਧਰ ਪੁੱਜੇ ਅਤੇ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਸਬੰਧ ਵਿੱਚ ਜਾਰੀ ਪ੍ਰੋਗਰਾਮ ਅਨੁਸਾਰ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਵਾਰਤਾ ਕਰਨੀ ਸੀ, ਪ੍ਰੰਤੂ ਹੁਣ ਨਵੇਂ ਪ੍ਰੋਗਰਾਮ ਅਨੁਸਾਰ ਰਾਹੁਲ ਗਾਂਧੀ ਹੁਸ਼ਿਆਰਪੁਰ ਵਿਖੇ ਮੀਡੀਆ ਨੂੰ ਸੰਬੋਧਨ ਹੋਣਗੇ। ਰਾਹੁਲ ਗਾਂਧੀ ਦੀ ਯਾਤਰਾ ਐਤਵਾਰ ਨੂੰ ਆਦਮਪੁਰ ਵਿਖੇ ਰੁਕੇਗੀ।
ਲੋਹੜੀ ਅਤੇ ਸੰਤੋਖ ਚੌਧਰੀ ਦੀ ਮੌਤ ਕਾਰਨ ਨਹੀਂ ਚੱਲੀ ਯਾਤਰਾ
ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਪੰਜਾਬ ਵਿੱਚ ਦਾਖਲ ਹੋਈ ਸੀ। ਦੋ ਦਿਨ ਚੱਲਣ ਤੋਂ ਬਾਅਦ ਲੋਹੜੀ ਕਾਰਨ ਯਾਤਰਾ ਨੂੰ ਇੱਕ ਦਿਨ ਲਈ ਬੰਦ ਕੀਤਾ ਗਿਆ ਸੀ। ਅਗਲੇ ਦਿਨ ਜਦੋਂ ਯਾਤਰਾ ਸ਼ੁਰੂ ਹੋਈ ਤਾਂ ਰਾਹੁਲ ਗਾਂਧੀ ਨਾਲ ਤੁਰਦੇ ਹੋਏ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮੌਤ ਕਾਰਨ ਯਾਤਰਾ ਨੂੰ ਰੋਕ ਦਿੱਤਾ ਗਿਆ।