ਪੰਜਾਬ ‘ਚ ਬਿਜਲੀ ਸੰਕਟ ਦਾ ਵੱਡਾ ਖ਼ਤਰਾ, ਥਰਮਲ ਪਲਾਂਟਾਂ ‘ਚ ਸਿਰਫ਼ 3 ਦਿਨਾਂ ਦਾ ਕੋਲਾ ਬਾਕੀ; ਲੱਗ ਸਕਦੇ ਨੇ ਲੰਬੇ ਕੱਟ
ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋਣ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਸੂਬੇ ਅੰਦਰ ਚੱਲ ਰਹੇ ਨਿੱਜੀ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ ਅਤੇ ਹੁਣ ਸਿਰਫ਼ 3 ਦਿਨਾਂ ਦਾ ਕੋਲਾ ਹੀ ਬਾਕੀ ਬਚਿਆ ਹੈ। ਜੇਕਰ ਅਗਲੇ ਤਿੰਨ ਦਿਨਾਂ ਵਿੱਚ ਕੋਲੇ ਦੀਆਂ ਨਵੀਆਂ ਰੇਕਾਂ ਨਾ ਪਹੁੰਚੀਆਂ ਤਾਂ ਇਨ੍ਹਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ।
ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਦਾ ਵੱਡਾ ਸੰਕਟ ਖੜ੍ਹਾ ਹੋਣ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਸੂਬੇ ਅੰਦਰ ਚੱਲ ਰਹੇ ਨਿੱਜੀ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ ਅਤੇ ਹੁਣ ਸਿਰਫ਼ 3 ਦਿਨਾਂ ਦਾ ਕੋਲਾ ਹੀ ਬਾਕੀ ਬਚਿਆ ਹੈ। ਜੇਕਰ ਅਗਲੇ ਤਿੰਨ ਦਿਨਾਂ ਵਿੱਚ ਕੋਲੇ ਦੀਆਂ ਨਵੀਆਂ ਰੇਕਾਂ ਨਾ ਪਹੁੰਚੀਆਂ ਤਾਂ ਇਨ੍ਹਾਂ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਭਰ ਵਿੱਚ ਬਿਜਲੀ ਦੀ ਭਾਰੀ ਕਿੱਲਤ ਪੈਦਾ ਹੋ ਜਾਵੇਗੀ, ਜਿਸ ਕਾਰਨ ਲੋਕਾਂ ਨੂੰ ਲੰਬੇ-ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਂਦਰੀ ਕੋਲਾ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਲੋੜੀਂਦੀ ਮਾਤਰਾ ਵਿੱਚ ਕੋਲਾ ਮੁਹੱਈਆ ਕਰਵਾਇਆ ਗਿਆ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ, 4 ਸਤੰਬਰ ਤੱਕ ਪਾਵਰਕਾਮ (PSPCL) ਦੇ ਆਪਣੇ ਸਰਕਾਰੀ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ ਨਿਰਧਾਰਤ ਲੋੜ ਤੋਂ ਵੀ ਵੱਧ ਭਾਵ 117 ਫ਼ੀਸਦੀ ਮੌਜੂਦ ਸੀ। ਕੇਂਦਰ ਦਾ ਕਹਿਣਾ ਹੈ ਕਿ ਅਸਲ ਸਮੱਸਿਆ ਕੋਲੇ ਦੀ ਘਾਟ ਨਹੀਂ, ਸਗੋਂ ਪਲਾਂਟਾਂ ਦਾ ਘੱਟ ‘ਪਲਾਂਟ ਲੋਡ ਫੈਕਟਰ’ (PLF) ਹੈ, ਜਿਸ ਕਾਰਨ ਸਮਰੱਥਾ ਤੋਂ ਕਾਫ਼ੀ ਘੱਟ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕੋਲੇ ਦੀ ਸਪਲਾਈ ਦੇ ਮੁੱਦੇ ‘ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਆਹਮੋ-ਸਾਹਮਣੇ ਆ ਗਈਆਂ ਹਨ।
ਪੰਜਾਬ ਸਰਕਾਰ ਦਾ ਪੱਖ
ਇਸ ਸਮੇਂ ਸੂਬੇ ਅੰਦਰ ਬਿਜਲੀ ਦੀ ਕੁੱਲ ਮੰਗ ਲਗਭਗ 15,900 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ। ਇਸ ਦੇ ਮੁਕਾਬਲੇ ਪੰਜਾਬ ਦਾ ਆਪਣਾ ਕੁੱਲ ਉਤਪਾਦਨ ਮਹਿਜ਼ 4,862 ਮੈਗਾਵਾਟ ਰਹਿ ਗਿਆ ਹੈ। ਮੰਗ ਦੀ ਪੂਰਤੀ ਲਈ ਪਾਵਰਕਾਮ ਨੂੰ ਕੇਂਦਰੀ ਪੂਲ ਅਤੇ ਹੋਰ ਬਾਹਰੀ ਸਰੋਤਾਂ ਤੋਂ ਲਗਭਗ 11,100 ਮੈਗਾਵਾਟ ਬਿਜਲੀ ਖ਼ਰੀਦਣੀ ਪੈ ਰਹੀ ਹੈ। ਪੰਜਾਬ ਦੇ ਪੰਜ ਪ੍ਰਮੁੱਖ ਥਰਮਲ ਪਲਾਂਟਾਂ ਦੀ ਸਥਾਪਿਤ ਉਤਪਾਦਨ ਸਮਰੱਥਾ 5,680 ਮੈਗਾਵਾਟ ਹੈ, ਪਰ ਮੌਜੂਦਾ ਹਾਲਾਤ ਵਿੱਚ ਸਿਰਫ਼ 3,800 ਮੈਗਾਵਾਟ ਦੇ ਕਰੀਬ ਹੀ ਉਤਪਾਦਨ ਸੰਭਵ ਹੋ ਪਾ ਰਿਹਾ ਹੈ।
ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟਾਂ ਨੂੰ ਆਪਣੀ ਪੂਰੀ ਸਮਰੱਥਾ ਤੋਂ ਘੱਟ ਪੱਧਰ ‘ਤੇ ਚਲਾਉਣਾ ਪੈ ਰਿਹਾ ਹੈ। ਜਿੱਥੇ ਨਿੱਜੀ ਥਰਮਲ ਪਲਾਂਟਾਂ ਕੋਲ ਮਹਿਜ਼ 3 ਦਿਨਾਂ ਦਾ ਕੋਲਾ ਬਚਿਆ ਹੈ, ਉੱਥੇ ਹੀ ਸਰਕਾਰੀ ਥਰਮਲ ਪਲਾਂਟਾਂ ਕੋਲ 8 ਤੋਂ 10 ਦਿਨਾਂ ਦਾ ਭੰਡਾਰ ਦੱਸਿਆ ਜਾ ਰਿਹਾ ਹੈ। ਜੇਕਰ ਰੇਲਵੇ ਰਾਹੀਂ ਸਮੇਂ ਸਿਰ ਕੋਲੇ ਦੀਆਂ ਰੇਕਾਂ ਨਾ ਪੁੱਜੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਬੇਹੱਦ ਗੰਭੀਰ ਹੋ ਸਕਦੇ ਹਨ।
ਕੇਂਦਰ ਸਰਕਾਰ ਦਾ ਜਵਾਬ
ਕੇਂਦਰੀ ਕੋਲਾ ਮੰਤਰਾਲੇ ਨੇ ਪੰਜਾਬ ਦੇ ਦਾਅਵਿਆਂ ਨੂੰ ਝੁਠਲਾਉਂਦਿਆਂ ਵੱਖਰੇ ਅੰਕੜੇ ਜਨਤਕ ਕੀਤੇ ਹਨ। ਮੰਤਰਾਲੇ ਅਨੁਸਾਰ ਪਾਵਰਕਾਮ ਅਧੀਨ ਚੱਲਣ ਵਾਲੇ ਤਿੰਨ ਥਰਮਲ ਪਲਾਂਟਾਂ ਗੁਰੂ ਹਰਗੋਬਿੰਦ ਥਰਮਲ ਪਲਾਂਟ, ਗੋਇੰਦਵਾਲ ਸਾਹਿਬ ਅਤੇ ਰੋਪੜ ਥਰਮਲ ਪਲਾਂਟ ਦੀ ਸਾਂਝੀ ਸਮਰੱਥਾ 2,300 ਮੈਗਾਵਾਟ ਹੈ। 4 ਸਤੰਬਰ ਤੱਕ ਇਨ੍ਹਾਂ ਪਲਾਂਟਾਂ ਵਿੱਚ ਕੋਲੇ ਦਾ ਸਟਾਕ ਲੋੜ ਦੇ ਮੁਕਾਬਲੇ 117 ਫ਼ੀਸਦੀ ਮੌਜੂਦ ਸੀ। ਕੇਂਦਰ ਨੇ ਦੱਸਿਆ ਕਿ ਇਸ ਦੇ ਬਾਵਜੂਦ ਅਗਸਤ ਮਹੀਨੇ ਦੌਰਾਨ ਇਨ੍ਹਾਂ ਸਰਕਾਰੀ ਪਲਾਂਟਾਂ ਦਾ ਔਸਤ PLF ਲਗਭਗ 42 ਫ਼ੀਸਦੀ ਹੀ ਰਿਹਾ।
ਇਹ ਵੀ ਪੜ੍ਹੋ
ਇਸ ਦਾ ਸਿੱਧਾ ਅਰਥ ਇਹ ਹੈ ਕਿ ਇਹ ਪਲਾਂਟ ਆਪਣੀ ਸਮਰੱਥਾ ਦੇ ਮੁਕਾਬਲੇ ਔਸਤਨ ਸਿਰਫ਼ 42 ਫ਼ੀਸਦੀ ਸਮਰੱਥਾ ‘ਤੇ ਹੀ ਚਲਾਏ ਗਏ। ਇਸ ਲਈ ਘੱਟ ਉਤਪਾਦਨ ਦਾ ਦੋਸ਼ ਕੋਲੇ ਦੀ ਕਮੀ ‘ਤੇ ਨਹੀਂ ਲਗਾਇਆ ਜਾ ਸਕਦਾ। ਇਸ ਤੋਂ ਇਲਾਵਾ ਕੇਂਦਰ ਨੇ ਕਿਹਾ ਕਿ ਪਚਵਾੜਾ ਸੈਂਟਰਲ ਕੋਲ ਮਾਈਨ ਸ਼ੁਰੂ ਹੋਣ ਮਗਰੋਂ ਨਾਭਾ ਪਾਵਰ ਲਿਮਟਿਡ (NPL) ਅਤੇ ਤਲਵੰਡੀ ਸਾਬੋ ਪਾਵਰ ਲਿਮਟਿਡ (TSPL) ਵਰਗੇ ਨਿੱਜੀ ਪਲਾਂਟਾਂ ਨੂੰ ਇਸ ਖਾਣ ਦੇ ਸਾਲਾਨਾ ਉਤਪਾਦਨ ਵਿੱਚੋਂ 50 ਫ਼ੀਸਦੀ ਤੱਕ ਕੋਲਾ ਵਰਤਣ ਦੀ ਖੁੱਲ੍ਹ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਨਾਭਾ ਪਾਵਰ ਵੱਲੋਂ 93 ਫ਼ੀਸਦੀ ਸਮਰੱਥਾ ਨਾਲ ਉਤਪਾਦਨ
ਮੰਤਰਾਲੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਨੇ ਅਗਸਤ ਮਹੀਨੇ ਦੌਰਾਨ ਲਗਭਗ 93 ਫ਼ੀਸਦੀ PLF ਹਾਸਲ ਕੀਤਾ ਹੈ, ਕਿਉਂਕਿ ਇਸ ਨੂੰ ਕੋਲ ਇੰਡੀਆ ਲਿਮਟਿਡ (CIL) ਦੇ ਸਰੋਤਾਂ ਤੋਂ ਨਿਰੰਤਰ ਸਪਲਾਈ ਮਿਲ ਰਹੀ ਹੈ। ਕੇਂਦਰ ਮੁਤਾਬਕ ਸੈਂਟਰਲ ਕੋਲਫੀਲਡਜ਼ ਲਿਮਟਿਡ (CCL) ਨੇ 30 ਮਾਰਚ 2026 ਨੂੰ ਰੇਲ ਕੋਲ ਰੈਸ਼ਨਲਾਈਜ਼ੇਸ਼ਨ (RCR) ਮੋਡ ਤਹਿਤ NPL ਅਤੇ TSPL ਨੂੰ 5 ਲੱਖ ਟਨ ਕੋਲੇ ਦੀ ਪੇਸ਼ਕਸ਼ ਕੀਤੀ ਸੀ।
ਇਸ ਵਿੱਚੋਂ ਕਰੀਬ 4.1 ਲੱਖ ਟਨ ਦੀ ਬੁਕਿੰਗ ਕਰਵਾਈ ਗਈ ਅਤੇ 3.1 ਲੱਖ ਟਨ ਕੋਲੇ ਦੀ ਢੋਆ-ਢੁਆਈ ਵੀ ਹੋ ਚੁੱਕੀ ਹੈ। ਇਸੇ ਤਰ੍ਹਾਂ ਭਾਰਤ ਕੋਕਿੰਗ ਕੋਲ ਲਿਮਟਿਡ (BCCL) ਨੇ NPL ਨੂੰ 3.5 ਲੱਖ ਟਨ ਕੋਲੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਵਿੱਚੋਂ 1.3 ਲੱਖ ਟਨ ਦੀ ਬੁਕਿੰਗ ਅਤੇ 0.98 ਲੱਖ ਟਨ ਦੀ ਢੋਆ-ਢੁਆਈ ਮੁਕੰਮਲ ਹੋਈ। ਕੇਂਦਰ ਦਾ ਕਹਿਣਾ ਹੈ ਕਿ ਨਿੱਜੀ ਬਿਜਲੀ ਉਤਪਾਦਕਾਂ (IPPs) ਵੱਲੋਂ ਵੀ ਸਮੇਂ ਸਿਰ ਕੋਲੇ ਦੀ ਬੁਕਿੰਗ ਅਤੇ ਲਿਫ਼ਟਿੰਗ ਕੀਤੀ ਜਾਣੀ ਲਾਜ਼ਮੀ ਹੈ।
ਅੱਜ ਵੀ ਦੋ ਯੂਨਿਟ ਬੰਦ
ਇਸ ਸਮੁੱਚੀ ਸਥਿਤੀ ਦੌਰਾਨ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ। ਦੋ ਦਿਨ ਪਹਿਲਾਂ ਸਰਕਾਰੀ ਪਲਾਂਟਾਂ ਦੇ 8 ਵਿੱਚੋਂ 6 ਯੂਨਿਟ ਬੰਦ ਪਏ ਸਨ। ਅੱਜ ਵੀ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਅਤੇ ਰੋਪੜ ਦਾ ਯੂਨਿਟ ਨੰਬਰ-6 ਬੰਦ ਰਿਹਾ। ਤਲਵੰਡੀ ਸਾਬੋ ਵਿੱਚ ਬਾਕੀ ਪਲਾਂਟਾਂ ਦੇ ਮੁਕਾਬਲੇ ਉਤਪਾਦਨ ਕੁਝ ਠੀਕ ਹੈ, ਪਰ ਬਾਕੀ ਥਾਵਾਂ ‘ਤੇ ਸਮਰੱਥਾ ਨਾਲੋਂ ਲਗਭਗ ਅੱਧਾ ਉਤਪਾਦਨ ਹੀ ਹੋ ਰਿਹਾ ਹੈ।
ਦਿਨ ਦੇ ਸਮੇਂ ਸੂਰਜੀ ਊਰਜਾ (ਸੋਲਰ ਪਾਵਰ) ਤੋਂ ਮਿਲਣ ਵਾਲੀ ਬਿਜਲੀ ਕੁਝ ਰਾਹਤ ਜ਼ਰੂਰ ਦਿੰਦੀ ਹੈ, ਪਰ ਸ਼ਾਮ ਢਲਦੇ ਹੀ ਸੋਲਰ ਉਤਪਾਦਨ ਜ਼ੀਰੋ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਸ਼ਾਮ ਦੇ ਪੀਕ ਆਵਰਜ਼ ਦੌਰਾਨ ਜਦੋਂ ਥਰਮਲ ਪਲਾਂਟਾਂ ਤੋਂ ਬਿਜਲੀ ਘੱਟ ਮਿਲਦੀ ਹੈ ਤਾਂ ਸਾਰਾ ਬੋਝ ਗਰਿੱਡ ‘ਤੇ ਪੈ ਜਾਂਦਾ ਹੈ। ਜੇਕਰ ਅਗਲੇ 3 ਦਿਨਾਂ ਦੇ ਅੰਦਰ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਲੋੜੀਂਦਾ ਕੋਲਾ ਨਾ ਮਿਲਿਆ ਤਾਂ ਉਤਪਾਦਨ ਹੋਰ ਡਿੱਗ ਜਾਵੇਗਾ ਅਤੇ ਪੰਜਾਬ ਵਾਸੀਆਂ ਨੂੰ ਭਾਰੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


