2027 ਦੀਆਂ ਚੋਣਾਂ ਲਈ ਸਿਆਸੀ ਮੈਦਾਨ ਤਿਆਰ, AAP-BJP-SAD ਦੀ ਮੁਹਿੰਮ ਸ਼ੁਰੂ, ਕਾਂਗਰਸੀ ਅਜੇ ਵੀ ਕੱਟ ਰਹੇ ਦਿੱਲੀ ਦੇ ਚੱਕਰ…
ਹਾਈਕਮਾਨ ਵੱਲੋਂ ਹੁਣ ਸੰਗਠਨ 'ਚ ਵੱਡੇ ਬਦਲਾਅ ਕਰਕੇ ਹਾਲਾਤ ਨੂੰ ਸੰਭਾਲਣ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮੁੜ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਵਿੱਚ ਬਦਲਾਅ ਕੀਤਾ ਗਿਆ ਅਤੇ ਹੁਣ ਸੂਬਾ ਪ੍ਰਧਾਨ ਦੀ ਕੁਰਸੀ 'ਤੇ ਵੀ ਨਵਾਂ ਚਿਹਰਾ ਬਿਠਾਇਆ ਗਿਆ ਹੈ।
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਮ ਆਦਮੀ ਪਾਰਟੀ ਤੇ ਭਾਜਪਾ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਵੀ ਵੱਡੇ ਪੱਧਰ ‘ਤੇ ਜਨਸੰਪਰਕ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਚੋਣੀ ਮੁਹਿੰਮ ਤੋਂ ਪਹਿਲਾਂ ਆਪਣੇ ਸੰਗਠਨ ਨੂੰ ਮਜ਼ਬੂਤ ਤੇ ਇਕਜੁੱਟ ਕਰਨਾ ਬਣੀ ਹੋਈ ਹੈ।
ਹਾਈਕਮਾਨ ਵੱਲੋਂ ਹੁਣ ਸੰਗਠਨ ‘ਚ ਵੱਡੇ ਬਦਲਾਅ ਕਰਕੇ ਹਾਲਾਤ ਨੂੰ ਸੰਭਾਲਣ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮੁੜ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਬਦਲਿਆ ਗਿਆ ਤੇ ਹੁਣ ਸੂਬਾ ਪ੍ਰਧਾਨ ਦੀ ਕੁਰਸੀ ‘ਤੇ ਵੀ ਨਵਾਂ ਚਿਹਰਾ ਬਿਠਾਇਆ ਗਿਆ ਹੈ।
ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਦਿੱਲੀ ਦੌਰੇ ਲਗਾਤਾਰ ਜਾਰੀ ਹਨ। ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਵੀ ਦਿੱਲੀ ‘ਚ ਹਨ। ਹਾਈਕਮਾਨ ਨਾਲ ਮੁਲਾਕਾਤਾਂ, ਸੰਗਠਨਾਤਮਕ ਮਾਮਲਿਆਂ ‘ਤੇ ਚਰਚਾ ਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਨੂੰ ਲੈ ਕੇ ਦਿੱਲੀ ‘ਚ ਹੋ ਰਹੀਆਂ ਸਰਗਰਮੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਪਾਰਟੀ ਵੱਲੋਂ ਇਕਜੁੱਟਤਾ ਨਾਲ ਚੋਣ ਮੁਹਿੰਮ ਸ਼ੁਰੂ ਕਰਨ ਦਾ ਇੰਤਜ਼ਾਰ ਹੈ।
ਅਕਾਲੀ ਦਲ ਦਾ 117 ਹਲਕਿਆਂ ‘ਚ ਡੋਰ-ਟੂ-ਡੋਰ ਪਲਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਅਕਤੂਬਰ ਤੋਂ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਡੋਰ-ਟੂ-ਡੋਰ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਪਾਰਟੀ ਮੁਤਾਬਕ ਇਸ ਦੌਰਾਨ ਲੋਕਾਂ ਤੋਂ ਸਿੱਧਾ ਫੀਡਬੈਕ ਲੈ ਕੇ ਚੋਣ ਮੈਨੀਫੈਸਟੋ ਲਈ ਸੁਝਾਅ ਇਕੱਠੇ ਕੀਤੇ ਜਾਣਗੇ। ਅਕਾਲੀ ਦਲ ਨੇ 1 ਨਵੰਬਰ ਨੂੰ ਚੋਣ ਮੈਨੀਫੈਸਟੋ ਜਾਰੀ ਕਰਨ ਤੇ 10 ਨਵੰਬਰ ਤੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬਾ ਪੱਧਰੀ ਬੱਸ ਯਾਤਰਾ ਸ਼ੁਰੂ ਕਰਨ ਦਾ ਵੀ ਪ੍ਰੋਗਰਾਮ ਬਣਾਇਆ ਹੈ। ਇਸ ਤੋਂ ਪਹਿਲਾਂ ਪਾਰਟੀ ਵੱਲੋਂ ‘ਪੰਜਾਬ ਬਚਾਓ ਯਾਤਰਾ’ ਰਾਹੀਂ ਵੀ ਜਨਸੰਪਰਕ ਕੀਤਾ ਜਾ ਰਿਹਾ ਹੈ।
ਪਹਿਲੇ ਹੀ ਮੈਦਾਨ ‘ਚ ‘ਆਪ’ ਤੇ ਭਾਜਪਾ
ਅਕਾਲੀ ਦਲ ਦੀ ਮੁਹਿੰਮ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਭਾਜਪਾ ਵੀ ਪੰਜਾਬ ‘ਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਚੁੱਕੀਆਂ ਹਨ। ‘ਆਪ’ ਵੱਲੋਂ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਲਈ ‘ਲੋਕ ਮਿਲਣੀ’ ਵਰਗੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਦਕਿ ਭਾਜਪਾ ਵੱਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਸੂਬੇ ਦੇ ਵੱਖ-ਵੱਖ ਹਲਕਿਆਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਤਿੰਨੋਂ ਪਾਰਟੀਆਂ ਦੀ ਗ੍ਰਾਊਂਡ ਪੱਧਰ ‘ਤੇ ਐਕਟਿਵ ਹਨ। ਇਸ ਵਿਚਕਾਰ ਹੁਣ ਕਾਂਗਰਸ ਦੀ ਚੋਣਾਂ ਲਈ ਤਿਆਰੀ ਵੱਲ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ
ਕਾਂਗਰਸ ‘ਚ ਨਵੀਂ ਲੀਡਰਸ਼ਿਪ, ਪਰ ਪੁਰਾਣੀਆਂ ਚੁਣੌਤੀਆਂ ਬਰਕਰਾਰ
ਪੰਜਾਬ ਕਾਂਗਰਸ ਨੇ ਹਾਲ ਹੀ ‘ਚ ਵੱਡਾ ਸੰਗਠਨਾਤਮਕ ਬਦਲਾਅ ਕੀਤਾ ਹੈ। ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਬਣਾਇਆ ਗਿਆ ਸੀ। ਇਹ ਬਦਲਾਅ ਪਾਰਟੀ ਅੰਦਰ ਚੱਲ ਰਹੇ ਮਤਭੇਦਾਂ ਤੇ ਸੰਗਠਨ ਨੂੰ ਮੁੜ ਇਕਜੁੱਟ ਕਰਨ ਦੀ ਕੋਸ਼ਿਸ਼ ਵਜੋਂ ਅਹਿਮ ਹਨ।
ਹੁਣ ਪਰਗਟ ਸਿੰਘ ਤੇ ਸਚਿਨ ਪਾਇਲਟ ਦੇ ਸਾਹਮਣੇ ਵੱਖ-ਵੱਖ ਧੜਿਆਂ ਵਿਚਕਾਰ ਤਾਲਮੇਲ ਬਣਾਉਣ ਦੇ ਨਾਲ-ਨਾਲ ਜ਼ਿਲ੍ਹਾ ਤੇ ਬੂਥ ਪੱਧਰ ‘ਤੇ ਸੰਗਠਨ ਨੂੰ ਐਕਟਿਵ ਕਰਨ ਦੀ ਚੁਣੌਤੀ ਹੈ। ਪਾਇਲਟ ਵੱਲੋਂ ਨੌਜਵਾਨਾਂ ਤੇ ਜ਼ਮੀਨੀ ਪੱਧਰ ਦੇ ਸੰਗਠਨ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਧੜਿਆਂ ਨੂੰ ਨਾਲ ਲੈ ਕੇ ਚੱਲਣਾ, ਪਰਗਟ ਸਿੰਘ ਲਈ ਸਭ ਤੋਂ ਪਹਿਲਾ ਟੈਸਟ
ਨਵੇਂ ਪ੍ਰਧਾਨ ਪਰਗਟ ਸਿੰਘ ਲਈ ਸਭ ਤੋਂ ਵੱਡਾ ਸਿਆਸੀ ਟੈਸਟ ਇਹ ਹੋਵੇਗਾ ਕਿ ਉਹ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇੱਕ ਮੰਚ ‘ਤੇ ਕਿਵੇਂ ਲਿਆਉਂਦੇ ਹਨ। ਉਨ੍ਹਾਂ ਨੇ ਖ਼ੁਦ ਵੀ ਕਿਹਾ ਹੈ ਕਿ ਸਾਰੇ ਕਾਂਗਰਸੀ ਉਨ੍ਹਾਂ ਦੀ ਟੀਮ ਦਾ ਹਿੱਸਾ ਹਨ। ਉਨ੍ਹਾਂ ਮੁਤਾਬਕ ਚੋਣਾਂ ਲਈ ਰਣਨੀਤੀ ਸਚਿਨ ਪਾਇਲਟ ਸਮੇਤ ਸੀਨੀਅਰ ਆਗੂ ਮਿਲ ਕੇ ਤੈਅ ਕਰਨਗੇ। ਦੂਜੇ ਪਾਸੇ, ਪਾਰਟੀ ਦੇ ਅੰਦਰ ਪਹਿਲਾਂ ਰਹੇ ਮਤਭੇਦਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਵੀ ਇੱਕ ਅਹਿਮ ਚੁਣੌਤੀ ਰਹੇਗੀ।
ਲੋਕ ਸਭਾ ਪ੍ਰਦਰਸ਼ਨ ਨੂੰ ਵਿਧਾਨ ਸਭਾ ਚੋਣਾਂ ‘ਚ ਬਦਲਣ ਦੀ ਚੁਣੌਤੀ
2022 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੂੰ 18 ਸੀਟਾਂ ਮਿਲੀਆਂ ਸਨ, ਜਦਕਿ 2024 ਦੀਆਂ ਲੋਕ ਸਭਾ ਚੋਣਾਂ’ਚ ਪਾਰਟੀ ਨੇ ਪੰਜਾਬ ਦੀਆਂ 13 ‘ਚੋਂ 7 ਸੀਟਾਂ ਜਿੱਤੀਆਂ। ਹੁਣ ਕਾਂਗਰਸ ਲਈ ਚੁਣੌਤੀ ਇਹ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਮਿਲੇ ਸਮਰਥਨ ਨੂੰ ਵਿਧਾਨ ਸਭਾ ਪੱਧਰ ‘ਤੇ ਕਿਵੇਂ ਬਦਲਿਆ ਜਾਵੇ। ਆਉਣ ਵਾਲੇ ਦਿਨਾਂ ‘ਚ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ, ‘ਆਪ’ ਦੀਆਂ ਜਨਸੰਪਰਕ ਗਤੀਵਿਧੀਆਂ ਤੇ ਭਾਜਪਾ ਦੀਆਂ ਸੂਬਾ ਪੱਧਰੀ ਮੁਹਿੰਮਾਂ ਦੇ ਮੁਕਾਬਲੇ ਕਾਂਗਰਸ ਆਪਣੀ ਜ਼ਮੀਨੀ ਮੁਹਿੰਮ ਕਦੋਂ ਤੇ ਕਿਸ ਰੂਪ ‘ਚ ਸ਼ੁਰੂ ਕਰਦੀ ਹੈ, ਇਸ ਦਾ ਇੰਤਜ਼ਾਰ ਜਾਰੀ ਹੈ।


