ਪੰਜਾਬ ‘ਚ ਭਾਜਪਾ ਦਾ ਮਹਿਲਾ ਵੋਟਰਾਂ ‘ਤੇ ਫੋਕਸ, ਕਰ ਸਕਦੀ ਕੋਈ ਵੱਡੀ ਸਕੀਮ ਦਾ ਐਲਾਨ
BJP Planning in Punjab Election: ਸੂਤਰਾਂ ਮੁਤਾਬਕ, ਭਾਜਪਾ ਪੰਜਾਬ 'ਚ ਔਰਤਾਂ ਲਈ ਇੱਕ ਸਿੱਧੀ ਨਕਦੀ ਲਾਭ ਯੋਜਨਾ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਮਹਿਲਾਵਾਂ ਨੂੰ 2500 ਰੁਪਏ ਤੋਂ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਜਦੋਂਕਿ, ਮਾਨ ਸਰਕਾਰ ਦੀ ਅਗੁਵਾਈ ਹੇਠ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 1 ਜੁਲਾਈ ਤੋਂ ਔਰਤਾਂ ਦੇ ਖਾਤੇ ਵਿੱਚ ਪੈਸੇ ਭੇਜਣ ਦੀ ਪੂਰੀ ਤਿਆਰੀ ਕਰ ਲਈ ਹੈ।
ਮਹਿਲਾਵਾਂ ਲਈ ਨਕਦੀ ਲਾਭ ਯੋਜਨਾਵਾਂ ਕੇਂਦਰ ਤੇ ਸੂਬਿਆਂ ਦੀ ਰਾਜਨੀਤੀ ‘ਚ ਇੱਕ ਮੁੱਖ ਰਣਨੀਤੀ ਵਜੋਂ ਉਭਰੀਆਂ ਹਨ। ਇਸ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਕਈ ਸੂਬਿਆਂ ‘ਚ ਸੱਤਾ ਹਾਸਲ ਕਰਨ ‘ਚ ਮਦਦ ਮਿਲ ਰਹੀ ਹੈ। ਹੁਣ, ਭਾਰਤੀ ਜਨਤਾ ਪਾਰਟੀ (ਭਾਜਪਾ) 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਮਹਿਲਾ ਵੋਟਰਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਤਿਆਰੀ ਕਰ ਰਹੀ ਹੈ।
ਸੂਤਰਾਂ ਮੁਤਾਬਕ, ਭਾਜਪਾ ਪੰਜਾਬ ‘ਚ ਔਰਤਾਂ ਲਈ ਇੱਕ ਸਿੱਧਾ ਵਿੱਤੀ ਲਾਭ ਯੋਜਨਾ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਤਹਿਤ ਮਹਿਲਾਵਾਂ ਨੂੰ 2500 ਰੁਪਏ ਤੋਂ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।
ਆਪ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ
ਦੱਸ ਦੇਈਏ ਕਿ ਪੰਜਾਬ ਸਰਕਾਰ ਦੀ ਅਗਵਾਈ ਕਰਨ ਵਾਲ ਆਮ ਆਦਮੀ ਪਾਰਟੀ (ਆਪ) ਸੂਬੇ ‘ਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਕਰ ਚੁੱਕੀ ਹੈ। ‘ਆਪ’ ਸਰਕਾਰ ਦੀ ਯੋਜਨਾ ਦੇ ਤਹਿਤ, ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਮਿਲਣਗੇ, ਜਦੋਂ ਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1,500 ਰੁਪਏ ਮਿਲਣਗੇ। ਭਾਜਪਾ ਇਸ ਦੇ ਜਵਾਬ ‘ਚ ਮਹਿਲਾਵਾਂ ਲਈ ਕੋਈ ਐਲਾਨ ਕਰ ਸਕਦੀ ਹੈ।
ਵਿੱਤੀ ਸਹਾਇਤਾ ਨਾਲ ਮਹਿਲਾ ਵੋਟਰਾਂ ‘ਤੇ ਫੋਕਸ
ਭਾਜਪਾ ਦਾ ਮੰਨਣਾ ਹੈ ਕਿ ਇੱਕ ਉੱਚ ਵਿੱਤੀ ਸਹਾਇਤਾ ਯੋਜਨਾ ਪਾਰਟੀ ਦੀ ਮੌਜੂਦਗੀ ਨੂੰ ਸੂਬੇ ‘ਚ ਮਜ਼ਬੂਤ ਕਰ ਸਕਦੀ ਹੈ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਸੰਕੇਤ ਦੇ ਚੁੱਕੇ ਹਨ ਕਿ ਪਾਰਟੀ ਔਰਤਾਂ ਲਈ ਸਿੱਧੀ ਵਿੱਤੀ ਲਾਭ ਯੋਜਨਾ ਲੈ ਕੇ ਆਵੇਗੀ। ਉਨ੍ਹਾਂ ਨੇ ਜਨਤਕ ਸਮਾਗਮਾਂ ‘ਚ ਵਾਰ-ਵਾਰ ਕਿਹਾ ਹੈ ਕਿ ਭਾਜਪਾ ਸਰਕਾਰ ਪਹਿਲਾਂ ਹੀ ਅਜਿਹੀਆਂ ਯੋਜਨਾਵਾਂ ਰਾਹੀਂ ਔਰਤਾਂ ਨੂੰ ਲਾਭ ਦੇ ਰਹੀ ਹੈ।
ਹਾਲਾਂਕਿ, ਪੰਜਾਬ ਲਈ ਹੁਣ ਤੱਕ ਪਾਰਟੀ ਨੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਪਾਰਟੀ ਸਾਰੀਆਂ ਸੰਭਾਵਿਤ ਰਣਨੀਤੀਆਂ ਦੀ ਵਿਚਾਰ ਕਰ ਰਹੀ ਹੈ ਤੇ ਕਿਹਾ ਕਿ ਭਾਜਪਾ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਦੀ ਹੈ। ਸੂਤਰਾਂ ਮੁਤਾਬਕ, ਪਾਰਟੀ ਅਜਿਹੇ ਪ੍ਰਸਤਾਵ ‘ਤੇ ਕੰਮ ਕਰ ਰਹੀ ਹੈ, ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ
7 ਸੂਬਿਆਂ ‘ਚ ਭਾਜਪਾ ਨੇ ਔਰਤਾਂ ਲਈ ਕੀਤੇ ਸਨ ਵੱਡੇ ਐਲਾਨ
ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਸੱਤ ਰਾਜਾਂ ਵਿੱਚ ਔਰਤਾਂ ਨੂੰ ਡਾਇਰੈਕਟ ਬੈਨਿਫਿਟ ਸਕੀਮ ਦੇ ਕੇ ਚੋਣਾਂ ਵਿੱਚ ਜਿੱਤ ਹਾਸਿਲ ਕਰ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ, ਭਾਜਪਾ ਸਰਕਾਰ ਵਿਰੁੱਧ ਸੱਤਾ ਵਿਰੋਧੀ ਲਹਿਰ ਸੀ। ਪਰ, ਸ਼ਿਵਰਾਜ ਚੌਹਾਨ ਨੇ ਆਖਰੀ ਸਮੇਂ ‘ਤੇ ਲਾਡਲੀ ਬਹਿਣਾ ਯੋਜਨਾ ਲਾਗੂ ਕੀਤੀ, ਜਿਸ ਨਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਹੋਈ। ਮਹਾਰਾਸ਼ਟਰ ਵਿੱਚ, ਚੋਣਾਂ ਤੋਂ ਪਹਿਲਾਂ ਔਰਤਾਂ ਲਈ ਡਾਇਰੈਕਟ ਬੈਨਿਫਿਟ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਨਾਲ ਭਾਜਪਾ ਨੇ ਦੁਬਾਰਾ ਸਰਕਾਰ ਬਣਾਈ। ਇਸੇ ਤਰ੍ਹਾਂ, ਹਰਿਆਣਾ ਵਿੱਚ, ਲਾਡੋ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ ਗਿਆ ਅਤੇ ਭਾਜਪਾ ਸਰਕਾਰ ਆਪਣਾ ਕਾਰਜਕਾਲ ਦੁਹਰਾਉਣ ਵਿੱਚ ਸਫਲ ਰਹੀ। ਪੱਛਮੀ ਬੰਗਾਲ ਵਿੱਚ, ਮਮਤਾ ਬੈਨਰਜੀ ਸਰਕਾਰ ਪਹਿਲਾਂ ਹੀ ਇਸ ਯੋਜਨਾ ਨੂੰ ਚਲਾ ਰਹੀ ਸੀ, ਇਸ ਲਈ ਭਾਜਪਾ ਨੇ ਨਕਦੀ ਦੀ ਰਕਮ ਵਧਾ ਦਿੱਤੀ, ਜਿਸਦਾ ਭਾਜਪਾ ਨੂੰ ਸਿੱਧਾ ਫਾਇਦਾ ਹੋਇਆ। ਪੰਜਾਬ ਵਿੱਚ ‘ਆਪ’ ਸਰਕਾਰ ਵੀ ਇਸ ਯੋਜਨਾ ਨੂੰ ਲਾਗੂ ਕਰਨ ਜਾ ਰਹੀ ਹੈ, ਅਤੇ ਹੁਣ ਭਾਜਪਾ ਪੰਜਾਬ ਚੋਣਾਂ ਦੌਰਾਨ ਆਪਣੇ ਮੈਨੀਫੈਸਟੋ ਵਿੱਚ ਔਰਤਾਂ ਲਈ ਰਕਮ ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ।


