AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਨੰਦਪੁਰ ਸਾਹਿਬ ‘ਚ ਗਰਜੇ CM ਮਾਨ: ‘ਅਸੀਂ ਲੰਡਨ-ਪੈਰਿਸ ਨਹੀਂ, ਰੰਗਲਾ ਪੰਜਾਬ ਬਣਾ ਰਹੇ’; ਵਿਰੋਧੀਆਂ ‘ਤੇ ਤਿੱਖੇ ਹਮਲੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਪਿੰਡ ਜਿੰਦਵੜੀ ਸਥਿਤ ਸਮਾਰਟ ਸਕੂਲ ਵਿਖੇ ਲੋਕ ਮਿਲਣੀ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ 'ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ।

ਅਨੰਦਪੁਰ ਸਾਹਿਬ 'ਚ ਗਰਜੇ CM ਮਾਨ: 'ਅਸੀਂ ਲੰਡਨ-ਪੈਰਿਸ ਨਹੀਂ, ਰੰਗਲਾ ਪੰਜਾਬ ਬਣਾ ਰਹੇ'; ਵਿਰੋਧੀਆਂ 'ਤੇ ਤਿੱਖੇ ਹਮਲੇ
tv9-punjabi
| Published: 15 Sep 2026 18:44 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਪਿੰਡ ਜਿੰਦਵੜੀ ਸਥਿਤ ਸਮਾਰਟ ਸਕੂਲ ਵਿਖੇ ਲੋਕ ਮਿਲਣੀ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ‘ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਨੂੰ ਲੰਡਨ, ਕੈਲੀਫੋਰਨੀਆ ਜਾਂ ਪੈਰਿਸ ਬਣਾਉਣਾ ਨਹੀਂ, ਸਗੋਂ ਪੁਰਾਣਾ ਖ਼ੁਸ਼ਹਾਲ ਅਤੇ ਹੱਸਦਾ-ਖੇਡਦਾ ਰੰਗਲਾ ਪੰਜਾਬ ਮੁੜ ਬਹਾਲ ਕਰਨਾ ਹੈ, ਜਿਸ ਵਿੱਚ ਖੇਡਾਂ, ਮੇਲੇ, ਭੰਗੜੇ ਅਤੇ ਸੱਭਿਆਚਾਰਕ ਰੰਗ ਧੜਕਦੇ ਹੋਣ।

ਪਿੰਡਾਂ ਦੇ ਵਿਕਾਸ ਲਈ 1.20 ਕਰੋੜ ਰੁਪਏ ਦੇ ਚੈੱਕ ਸੌਂਪੇ

ਮੁੱਖ ਮੰਤਰੀ ਨੇ ਇਲਾਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਗ੍ਰਾਂਟਾਂ ਦੇਣ ਦਾ ਐਲਾਨ ਕਰਦਿਆਂ ਅਜੌਲੀ, ਦੜੌਲੀ ਅੱਪਰ, ਦੜੌਲੀ ਲੋਅਰ, ਬ੍ਰਹਮਪੁਰ, ਟੱਪਰੀਆਂ ਸਮੇਤ ਪਿੰਡ ਜਿੰਦਵੜੀ ਨੂੰ 20-20 ਲੱਖ ਰੁਪਏ (ਕੁੱਲ 1 ਕਰੋੜ 20 ਲੱਖ ਰੁਪਏ) ਦੇ ਵਿਕਾਸ ਚੈੱਕ ਸੌਂਪੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਹ ਇੱਕ ਮਸ਼ਹੂਰ ਕਲਾਕਾਰ ਵਜੋਂ ਕਰੋੜਾਂ ਰੁਪਏ ਕਮਾ ਸਕਦੇ ਸਨ, ਪਰ ਪ੍ਰਮਾਤਮਾ ਨੇ ਉਨ੍ਹਾਂ ਦੀ ਡਿਊਟੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲਗਾਈ ਹੈ।

ਬਿਨਾਂ ਰਿਸ਼ਵਤ ਮਿਲੀਆਂ ਨੌਕਰੀਆਂ ਤੇ ਔਰਤਾਂ ਨੂੰ ਵਿੱਤੀ ਮਦਦ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਨੌਕਰੀਆਂ ਦੇ ਨਾਂ ‘ਤੇ ਸਿਆਸੀ ਘਰਾਣਿਆਂ ਦੇ ਘਰਾਂ ਵਿੱਚ ਪੈਸਿਆਂ ਨਾਲ ਭਰੇ ਅਟੈਚੀ ਪਹੁੰਚਦੇ ਸਨ, ਜਦਕਿ ਮੌਜੂਦਾ ਸਰਕਾਰ ਵਿੱਚ ਇਕੱਲੇ ਜਿੰਦਵੜੀ ਪਿੰਡ ਦੇ ਹੀ 20 ਨੌਜਵਾਨ ਬਿਨਾਂ ਕਿਸੇ ਸਿਫ਼ਾਰਸ਼ ਅਤੇ ਬਿਨਾਂ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਹਾਸਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮਹਿਲਾਵਾਂ ਲਈ ਸ਼ੁਰੂ ਕੀਤੀ ਗਈ ਵਿੱਤੀ ਸਹਾਇਤਾ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ 1 ਅਕਤੂਬਰ ਨੂੰ ਅਗਲੀ ਕਿਸ਼ਤ ਜਾਰੀ ਕੀਤੀ ਜਾਵੇਗੀ, ਜਿਸ ਤਹਿਤ ਲੱਖਾਂ ਮਾਵਾਂ-ਭੈਣਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੀ ਵਿੱਤੀ ਮਦਦ ਟਰਾਂਸਫਰ ਕੀਤੀ ਜਾਵੇਗੀ।

ਸਿੱਖਿਆ ਖੇਤਰ ਵਿੱਚ ਪੰਜਾਬ ਦੇਸ਼ ਭਰ ‘ਚੋਂ ਮੋਹਰੀ

ਸਕੂਲੀ ਸਿੱਖਿਆ ਦੇ ਕਾਇਆ-ਕਲਪ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦਾ ਪੱਧਰ ਅੰਤਰਰਾਸ਼ਟਰੀ ਪੱਧਰ ਦਾ ਕੀਤਾ ਗਿਆ ਹੈ। ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਬੈਂਚ, ਆਧੁਨਿਕ ਲੈਬਾਂ ਅਤੇ ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਅਧਿਆਪਕਾਂ ਨੂੰ ਸਿੰਗਾਪੁਰ ਤੇ ਫ਼ਿਨਲੈਂਡ ਤੋਂ ਵਿਸ਼ੇਸ਼ ਸਿਖਲਾਈ ਦਿਵਾਈ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਪੰਜਾਬ 2021 ਵਿੱਚ 27ਵੇਂ ਸਥਾਨ ‘ਤੇ ਸੀ, ਜੋ ਹੁਣ ਕੇਰਲਾ ਵਰਗੇ ਸੂਬਿਆਂ ਨੂੰ ਪਛਾੜ ਕੇ ਦੇਸ਼ ਭਰ ਵਿੱਚੋਂ ਪਹਿਲੇ ਨੰਬਰ ‘ਤੇ ਪਹੁੰਚ ਚੁੱਕਾ ਹੈ।

ਖੇਤਾਂ ਤੱਕ ਪਹੁੰਚਾਇਆ ਨਹਿਰੀ ਪਾਣੀ ਤੇ ਮੁਫ਼ਤ ਬਿਜਲੀ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਬਣਨ ਵੇਲੇ ਸਿਰਫ਼ 21-22 ਫ਼ੀਸਦੀ ਨਹਿਰੀ ਪਾਣੀ ਹੀ ਖੇਤਾਂ ਤੱਕ ਪਹੁੰਚਦਾ ਸੀ, ਜੋ ਹੁਣ ਵਧ ਕੇ 80 ਫ਼ੀਸਦੀ ਤੋਂ ਵੀ ਪਾਰ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ 90-95 ਫ਼ੀਸਦੀ ਤੱਕ ਲਿਜਾਇਆ ਜਾਵੇਗਾ। ਪੰਜਾਬ ਦੇ ਖੇਤਾਂ ਨੂੰ ਪਾਣੀ ਪਹੁੰਚਾਉਣ ਲਈ 14,000 ਕਿਲੋਮੀਟਰ ਲੰਬੀਆਂ ਭੂਮੀਗਤ (ਅੰਡਰਗਰਾਊਂਡ) ਪਾਈਪਾਂ ਵਿਛਾਈਆਂ ਗਈਆਂ ਹਨ, ਜੋ ਕਿ ਕੈਨੇਡਾ ਦੀ ਦੂਰੀ ਦੇ ਬਰਾਬਰ ਬਣਦੀਆਂ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਝਾਰਖੰਡ ਦੀਆਂ ਕੋਲਾ ਖਾਣਾਂ ਵਿੱਚ ਮੀਂਹ ਦੇ ਪਾਣੀ ਕਾਰਨ ਸਪਲਾਈ ਪ੍ਰਭਾਵਿਤ ਹੋਣ ਕਰਕੇ ਦੋ ਦਿਨ ਬਿਜਲੀ ਵਿੱਚ ਮਾਮੂਲੀ ਦਿੱਕਤ ਆਈ ਸੀ, ਜਿਸ ਨੂੰ ਵਿਰੋਧੀਆਂ ਨੇ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ।

ਸੁਖਬੀਰ ਬਾਦਲ ਤੇ ਕਾਂਗਰਸ ‘ਤੇ ਤਨਜ਼

ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸੀ ਲੀਡਰਸ਼ਿਪ ‘ਤੇ ਤਿੱਖੇ ਹਮਲੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪਹਾੜਾਂ ਦੇ ਮਹਿੰਗੇ ਸਕੂਲਾਂ ਵਿੱਚ ਪੜ੍ਹਾਈ ਕੀਤੀ ਹੈ, ਉਨ੍ਹਾਂ ਨੂੰ ਜ਼ਮੀਨੀ ਪੰਜਾਬੀਆਂ ਦੇ ਦੁੱਖ-ਦਰਦ ਦਾ ਕੋਈ ਅਹਿਸਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਬੱਚਿਆਂ ਨੂੰ ਡਾਕਟਰ, ਇੰਜੀਨੀਅਰ, ਐੱਸਐੱਸਪੀ ਬਣਾਉਣ ਅਤੇ NEET/JEE ਪ੍ਰੀਖਿਆਵਾਂ ਦੀ ਤਿਆਰੀ ਕਰਵਾ ਰਹੀ ਹੈ, ਉੱਥੇ ਹੀ ਵਿਰੋਧੀ ਆਗੂ ਨੌਜਵਾਨਾਂ ਨੂੰ ਮੁੜ ਪੱਛੜੇਪਣ ਵੱਲ ਧੱਕਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਆਗੂ ਸਿਰਫ਼ ਕੁਰਸੀ ਖ਼ਾਤਰ ਆਪਸ ਵਿੱਚ ਲੜ ਰਹੇ ਹਨ ਅਤੇ ਗਿਰਝਾਂ ਵਾਂਗ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਰਹਿੰਦੇ ਹਨ।

ਲੋਕਾਂ ਨੂੰ ਕੀਤੀ ਅਪੀਲ: ਵੋਟ ਵੇਲੇ ਪੈਸੇ ਵੰਡਣ ਵਾਲਿਆਂ ਤੋਂ ਸੁਚੇਤ ਰਹੋ

ਆਪਣੇ ਭਾਸ਼ਣ ਦੇ ਅਖ਼ੀਰ ਵਿੱਚ ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਪੁਰਾਣੀਆਂ ਪਾਰਟੀਆਂ ਦੇ ਆਗੂ ਵੋਟਾਂ ਖ਼ਰੀਦਣ ਲਈ ਪੈਸੇ ਲੈ ਕੇ ਆਉਣਗੇ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜੇਕਰ ਉਹ ਪੈਸੇ ਦੇਣ ਆਉਣ ਤਾਂ ਲੈ ਲੈਣ, ਕਿਉਂਕਿ ਉਹ ਜਨਤਾ ਦਾ ਹੀ ਲੁੱਟਿਆ ਹੋਇਆ ਪੈਸਾ ਹੈ, ਪਰ ਵੋਟ ਪਾਉਣ ਵੇਲੇ ਈਮਾਨਦਾਰੀ ਅਤੇ ਪੰਜਾਬ ਦੇ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਹੀ ਫ਼ੈਸਲਾ ਲੈਣ।

Follow Us