ਦਫ਼ਤਰ ਪਹੁੰਚਣ ਦੇ ਮਾਮਲੇ ‘ਚ ਪੰਜਾਬ ਮੋਹਰੀ, ਮੁਲਾਜ਼ਮਾਂ ਨੂੰ ਲੱਗਦਾ ਹੈ ਸਿਰਫ਼ 20 ਮਿੰਟ ਦਾ ਸਮਾਂ; ਹਰਿਆਣਾ ਨਾਲੋਂ ਘੱਟ
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਰੋਜ਼ਗਾਰ ਲਈ ਘਰੋਂ ਨਿਕਲਣ ਵਾਲੇ ਕਾਮਿਆਂ ਨੂੰ ਆਪਣੇ ਕੰਮ ਵਾਲੀ ਥਾਂ ਤੱਕ ਪਹੁੰਚਣ ਵਿੱਚ ਔਸਤਨ ਸਿਰਫ਼ 20 ਮਿੰਟ ਦਾ ਸਮਾਂ ਲੱਗਦਾ ਹੈ। ਇਹ ਸਮਾਂ ਦੇਸ਼ ਦੀ ਰਾਸ਼ਟਰੀ ਔਸਤ 27 ਮਿੰਟ ਅਤੇ ਹੋਰ ਗੁਆਂਢੀ ਸੂਬਿਆਂ ਦੇ ਮੁਕਾਬਲੇ ਕਾਫ਼ੀ ਬਿਹਤਰ ਅਤੇ ਘੱਟ ਹੈ। ਇਹ ਅਹਿਮ ਤੱਥ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਕਰਵਾਏ ਗਏ ਹਾਊਸਹੋਲਡ ਟਰੈਵਲ ਸਰਵੇ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਏ ਹਨ।
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਰੋਜ਼ਗਾਰ ਲਈ ਘਰੋਂ ਨਿਕਲਣ ਵਾਲੇ ਕਾਮਿਆਂ ਨੂੰ ਆਪਣੇ ਕੰਮ ਵਾਲੀ ਥਾਂ ਤੱਕ ਪਹੁੰਚਣ ਵਿੱਚ ਔਸਤਨ ਸਿਰਫ਼ 20 ਮਿੰਟ ਦਾ ਸਮਾਂ ਲੱਗਦਾ ਹੈ। ਇਹ ਸਮਾਂ ਦੇਸ਼ ਦੀ ਰਾਸ਼ਟਰੀ ਔਸਤ 27 ਮਿੰਟ ਅਤੇ ਹੋਰ ਗੁਆਂਢੀ ਸੂਬਿਆਂ ਦੇ ਮੁਕਾਬਲੇ ਕਾਫ਼ੀ ਬਿਹਤਰ ਅਤੇ ਘੱਟ ਹੈ। ਇਹ ਅਹਿਮ ਤੱਥ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਵੱਲੋਂ ਕਰਵਾਏ ਗਏ ਹਾਊਸਹੋਲਡ ਟਰੈਵਲ ਸਰਵੇ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਏ ਹਨ।
ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਨੌਕਰੀਪੇਸ਼ਾ ਵਰਗ ਲਈ ਦੋਪਹੀਆ ਵਾਹਨ (ਸਕੂਟਰ, ਮੋਟਰਸਾਈਕਲ) ਸਭ ਤੋਂ ਪ੍ਰਮੁੱਖ ਅਤੇ ਪਸੰਦੀਦਾ ਆਵਾਜਾਈ ਸਾਧਨ ਬਣੇ ਹੋਏ ਹਨ। ਕੁੱਲ ਮੁਲਾਜ਼ਮਾਂ ਵਿੱਚੋਂ 42.6 ਫ਼ੀਸਦੀ ਲੋਕ ਰੋਜ਼ਾਨਾ ਦਫ਼ਤਰ ਆਉਣ-ਜਾਣ ਲਈ ਦੋਪਹੀਆ ਵਾਹਨਾਂ ਦੀ ਹੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚ ਦਿਹਾਤੀ ਖੇਤਰਾਂ ਦੇ 37.1 ਫ਼ੀਸਦੀ ਅਤੇ ਸ਼ਹਿਰੀ ਖੇਤਰਾਂ ਦੇ 52.3 ਫ਼ੀਸਦੀ ਕਰਮਚਾਰੀ ਸ਼ਾਮਲ ਹਨ।
ਜੇਕਰ ਗੁਆਂਢੀ ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਸ਼ਹਿਰਾਂ ਵਿੱਚ ਲੋਕਾਂ ਨੂੰ ਦਫ਼ਤਰ ਪੁੱਜਣ ਲਈ ਔਸਤਨ 27 ਮਿੰਟ ਦਾ ਸਮਾਂ ਲੱਗਦਾ ਹੈ, ਜਦਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਇਹ ਔਸਤ 25-25 ਮਿੰਟ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਆਵਾਜਾਈ ਦੇ ਸੁਚੱਜੇ ਬਦਲ ਮੌਜੂਦ ਹਨ ਅਤੇ ਕਈ ਵੱਡੇ ਸੂਬਿਆਂ ਦੇ ਮੁਕਾਬਲੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘੱਟ ਹੈ। ਹਾਲਾਂਕਿ ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਰਗੇ ਵੱਡੇ ਸ਼ਹਿਰਾਂ ਵਿੱਚ ਵਾਹਨਾਂ ਦਾ ਦਬਾਅ ਵਧਿਆ ਹੈ, ਫਿਰ ਵੀ ਸਮੁੱਚੇ ਤੌਰ ਤੇ ਪੰਜਾਬ ਦੀ ਸਥਿਤੀ ਕਈ ਹੋਰ ਸੂਬਿਆਂ ਨਾਲੋਂ ਕਾਫ਼ੀ ਬਿਹਤਰ ਬਣੀ ਹੋਈ ਹੈ।
ਪੇਂਡੂ ਖੇਤਰਾਂ ਵਿੱਚ ਵੀ ਸਮੇਂ ਦੀ ਹੋ ਰਹੀ ਬੱਚਤ
ਦਿਹਾਤੀ ਪੰਜਾਬ ਵਿੱਚ ਕੰਮ ਵਾਲੀ ਥਾਂ ਤੇ ਪਹੁੰਚਣ ਦਾ ਔਸਤ ਸਮਾਂ 22 ਮਿੰਟ ਦਰਜ ਕੀਤਾ ਗਿਆ ਹੈ, ਜੋ ਕਿ ਦੇਸ਼ ਦੀ ਰਾਸ਼ਟਰੀ ਔਸਤ (23 ਮਿੰਟ) ਨਾਲੋਂ ਵੀ ਘੱਟ ਹੈ। ਇਸ ਦੇ ਉਲਟ ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਮੁਲਾਜ਼ਮਾਂ ਨੂੰ ਕੰਮ ਵਾਲੀ ਥਾਂ ਪਹੁੰਚਣ ਲਈ ਔਸਤਨ 28 ਮਿੰਟ ਲੱਗ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚ ਇਹ ਸਮਾਂ 31 ਮਿੰਟ ਅਤੇ ਉੱਤਰਾਖੰਡ ਵਿੱਚ 27 ਮਿੰਟ ਦਰਜ ਕੀਤਾ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦਾ ਦਿਹਾਤੀ ਸੜਕੀ ਨੈੱਟਵਰਕ ਵੀ ਆਵਾਜਾਈ ਲਈ ਕਾਫ਼ੀ ਸੁਗਮ ਸਾਬਤ ਹੋ ਰਿਹਾ ਹੈ।
ਦਫ਼ਤਰ ਆਉਣ-ਜਾਣ ਦੇ ਮਾਸਿਕ ਖ਼ਰਚੇ ਚ ਵੀ ਵੱਡੀ ਰਾਹਤ
ਰਿਪੋਰਟ ਵਿੱਚ ਕੰਮ ਤੇ ਆਉਣ-ਜਾਣ ਦੌਰਾਨ ਹੋਣ ਵਾਲੇ ਮਾਸਿਕ ਖ਼ਰਚੇ ਦਾ ਅੰਕੜਾ ਵੀ ਪੇਸ਼ ਕੀਤਾ ਗਿਆ ਹੈ। ਪੰਜਾਬ ਵਿੱਚ ਪੁਰਸ਼ ਕਰਮਚਾਰੀ ਦਫ਼ਤਰ ਆਉਣ-ਜਾਣ ‘ਤੇ ਹਰ ਮਹੀਨੇ ਔਸਤਨ 975 ਰੁਪਏ ਅਤੇ ਮਹਿਲਾ ਕਰਮਚਾਰੀ 809 ਰੁਪਏ ਖ਼ਰਚ ਕਰਦੀਆਂ ਹਨ। ਗੁਆਂਢੀ ਸੂਬੇ ਹਰਿਆਣਾ ਵਿੱਚ ਇਹ ਖ਼ਰਚਾ ਕਾਫ਼ੀ ਜ਼ਿਆਦਾ ਹੈ, ਜਿੱਥੇ ਪੁਰਸ਼ਾਂ ਦਾ ਔਸਤ ਖ਼ਰਚਾ 1221 ਰੁਪਏ ਅਤੇ ਮਹਿਲਾਵਾਂ ਦਾ 1129 ਰੁਪਏ ਮਹੀਨਾਵਾਰ ਬਣਦਾ ਹੈ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਵਿੱਚ ਪੁਰਸ਼ਾਂ ਦਾ ਔਸਤ ਮਾਸਿਕ ਖ਼ਰਚਾ 1216 ਰੁਪਏ ਅਤੇ ਮਹਿਲਾਵਾਂ ਦਾ 855 ਰੁਪਏ ਦਰਜ ਕੀਤਾ ਗਿਆ ਹੈ। ਇਸ ਲਿਹਾਜ਼ ਨਾਲ ਪੰਜਾਬ ਵਿੱਚ ਸਫ਼ਰ ਕਰਨਾ ਗੁਆਂਢੀ ਸੂਬਿਆਂ ਨਾਲੋਂ ਕਿਫ਼ਾਇਤੀ ਸਾਬਤ ਹੁੰਦਾ ਹੈ।
ਇਹ ਵੀ ਪੜ੍ਹੋ
23 ਮਿੰਟਾਂ ਵਿੱਚ ਸਕੂਲ-ਕਾਲਜ ਪਹੁੰਚ ਰਹੇ ਨੇ ਪੰਜਾਬ ਦੇ ਵਿਦਿਆਰਥੀ
ਇਸ ਸਰਵੇਖਣ ਦੌਰਾਨ ਛੇ ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਵੱਲੋਂ ਆਪਣੇ ਵਿੱਦਿਅਕ ਅਦਾਰਿਆਂ ਤੱਕ ਪਹੁੰਚਣ ਵਿੱਚ ਲੱਗਣ ਵਾਲੇ ਸਮੇਂ ਦਾ ਮੁਲਾਂਕਣ ਵੀ ਕੀਤਾ ਗਿਆ। ਅੰਕੜਿਆਂ ਮੁਤਾਬਕ ਪੰਜਾਬ ਦੇ ਵਿਦਿਆਰਥੀ ਔਸਤਨ 23 ਮਿੰਟਾਂ ਵਿੱਚ ਆਪਣੇ ਸਕੂਲ, ਕਾਲਜ ਜਾਂ ਹੋਰ ਵਿੱਦਿਅਕ ਅਦਾਰਿਆਂ ਵਿੱਚ ਪਹੁੰਚ ਜਾਂਦੇ ਹਨ। ਇਸ ਵਰਗ ਲਈ ਦੇਸ਼ ਦੀ ਰਾਸ਼ਟਰੀ ਔਸਤ 22 ਮਿੰਟ ਹੈ। ਗੁਆਂਢੀ ਸੂਬਿਆਂ ਵਿੱਚ ਹਰਿਆਣਾ ਦੇ ਵਿਦਿਆਰਥੀਆਂ ਨੂੰ ਔਸਤਨ 24 ਮਿੰਟ, ਉੱਤਰਾਖੰਡ ਵਿੱਚ 23 ਮਿੰਟ ਅਤੇ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ 31 ਮਿੰਟ ਦਾ ਸਮਾਂ ਲੱਗਦਾ ਹੈ। ਮਾਹਿਰਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪਹਾੜੀ ਅਤੇ ਦੁਰਗਮ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਦੂਰ-ਦੁਰਾਡੇ ਸਥਿਤ ਹੋਣ ਕਾਰਨ ਵਿਦਿਆਰਥੀਆਂ ਨੂੰ ਸਫ਼ਰ ਕਰਨ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।


