ਤਰਨਤਾਰਨ ‘ਚ ਦਹਿਸ਼ਤ ਫੈਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ, ISI ਨਾਲ ਜੁੜੇ 2 ਗ੍ਰਿਫ਼ਤਾਰ; 4 ਹੈਂਡ ਗ੍ਰਨੇਡ ਬਰਾਮਦ
ਤਰਨਤਾਰਨ ਪੁਲਿਸ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੂਬੇ ਅੰਦਰ ਹਿੰਸਾ ਅਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਰਚੀ ਗਈ ਇੱਕ ਖ਼ਤਰਨਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਵੱਲੋਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. (ISI) ਦੇ ਨੈੱਟਵਰਕ ਨਾਲ ਜੁੜੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ।
ਤਰਨਤਾਰਨ ਪੁਲਿਸ ਨੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੂਬੇ ਅੰਦਰ ਹਿੰਸਾ ਅਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਰਚੀ ਗਈ ਇੱਕ ਖ਼ਤਰਨਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਵੱਲੋਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. (ISI) ਦੇ ਨੈੱਟਵਰਕ ਨਾਲ ਜੁੜੇ ਦੋ ਸ਼ੱਕੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚਾਰ ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਹੋਏ ਹਨ। ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਹਿਰਾਸਤ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
ਇਹ ਸਫ਼ਲ ਕਾਰਵਾਈ ਸੀ.ਆਈ.ਏ. (CIA) ਸਟਾਫ਼ ਦੇ ਇੰਸਪੈਕਟਰ ਰੁਪਿੰਦਰਪਾਲ ਸਿੰਘ ਨੂੰ ਮਿਲੀ ਪੁਖ਼ਤਾ ਖ਼ੁਫ਼ੀਆ ਸੂਚਨਾ ਦੇ ਆਧਾਰ ਤੇ ਸੋਮਵਾਰ ਦੇਰ ਰਾਤ ਅਮਲ ਵਿੱਚ ਲਿਆਂਦੀ ਗਈ। ਥਾਣਾ ਖਾਲੜਾ ਦੇ ਮੁਖੀ ਦਿਲਬਾਗ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਸਰਹੱਦੀ ਹਲਕੇ ਖੇਮਕਰਨ ਦੇ ਇਲਾਕੇ ਵਿੱਚ ਛਾਪੇਮਾਰੀ ਕਰਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਸਿੰਘ ਅਤੇ ਪ੍ਰਿੰਸਪਾਲ ਸਿੰਘ ਵਜੋਂ ਹੋਈ ਹੈ।
ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੇ ਗਏ ਸੀ ਗ੍ਰਨੇਡ
ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਵਿਸਫੋਟਕ ਸਮੱਗਰੀ (ਗ੍ਰਨੇਡ) ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਭਾਰਤੀ ਸਰਹੱਦ ਅੰਦਰ ਭੇਜੀ ਗਈ ਸੀ। ਮੁੱਢਲੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਤਿਉਹਾਰਾਂ ਦੌਰਾਨ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਵੱਡੀਆਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸੀ।
ਇਸ ਮਾਮਲੇ ਸਬੰਧੀ ਥਾਣਾ ਖਾਲੜਾ ਵਿਖੇ ਧਮਾਕਾਖੇਜ਼ ਸਮੱਗਰੀ ਰੋਕਥਾਮ ਕਾਨੂੰਨ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪ੍ਰਸ਼ਾਸਨ ਹੁਣ ਇਸ ਗੱਲ ਦੀ ਗੰਭੀਰਤਾ ਨਾਲ ਪੜਤਾਲ ਕਰ ਰਿਹਾ ਹੈ ਕਿ ਇਸ ਨੈੱਟਵਰਕ ਵਿੱਚ ਇਨ੍ਹਾਂ ਮੁਲਜ਼ਮਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸਾਥੀ ਸ਼ਾਮਲ ਹਨ ਅਤੇ ਇਨ੍ਹਾਂ ਦੇ ਸਬੰਧ ਕਿਸੇ ਅੱਤਵਾਦੀ ਜਥੇਬੰਦੀ ਨਾਲ ਕਿਸ ਹੱਦ ਤੱਕ ਜੁੜੇ ਹੋਏ ਹਨ।
ਤਿਉਹਾਰਾਂ ਦੇ ਮੱਦੇਨਜ਼ਰ ਪੰਜਾਬ ਭਰ ਚ ਚੌਕਸੀ ਵਧੀ
ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਪੂਰੇ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਅਤੇ ਚੌਕਸ ਕਰ ਦਿੱਤਾ ਗਿਆ ਹੈ। ਸਾਰੇ ਸੰਵੇਦਨਸ਼ੀਲ ਇਲਾਕਿਆਂ, ਧਾਰਮਿਕ ਅਸਥਾਨਾਂ ਅਤੇ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ੱਕੀ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਹਿਰਾਂ ਤੇ ਸਰਹੱਦੀ ਖੇਤਰਾਂ ਵਿੱਚ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਅਤੇ ਵਿਸ਼ੇਸ਼ ਤਲਾਸ਼ੀ ਮੁਹਿੰਮਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ।


