ਪੰਜਾਬ ‘ਚ ਬਿਜਲੀ ਸੰਕਟ: ਕੇਂਦਰ ਵੱਲੋਂ 1,051 ਮੈਗਾਵਾਟ ਘੱਟ ਬਿਜਲੀ ਮਿਲਣ ਦਾ ਮੰਤਰੀ ਤਰੁਣਪ੍ਰੀਤ ਸੌਂਦ ਦਾ ਦਾਅਵਾ, ਇੱਕ-ਦੋ ਦਿਨਾਂ ‘ਚ ਹੱਲ ਦਾ ਭਰੋਸਾ
ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨਾਂ ਲਈ ਨਿਰਵਿਘਨ ਬਿਜਲੀ ਸਪਲਾਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਕੇਂਦਰੀ ਪਾਵਰ ਪੂਲ 'ਚੋਂ ਉਸ ਦਾ ਪੂਰਾ ਤੇ ਬਣਦਾ ਹਿੱਸਾ ਮਿਲਦਾ ਹੈ ਤਾਂ ਮੌਜੂਦਾ ਬਿਜਲੀ ਸੰਕਟ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਪੰਜਾਬ ‘ਚ ਵਧਦੀ ਬਿਜਲੀ ਦੀ ਮੰਗ ਤੇ ਸਪਲਾਈ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸੂਬੇ ਦੀ ਮੌਜੂਦਾ ਬਿਜਲੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਕੇਂਦਰੀ ਪਾਵਰ ਪੂਲ ‘ਚੋਂ ਉਸਦੇ ਨਿਰਧਾਰਤ ਹਿੱਸੇ ਦੇ ਮੁਕਾਬਲੇ 1,051 ਮੈਗਾਵਾਟ ਘੱਟ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਪੰਜਾਬ ਦਾ ਬਣਦਾ ਹਿੱਸਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨਾਂ ਲਈ ਨਿਰਵਿਘਨ ਬਿਜਲੀ ਸਪਲਾਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਕੇਂਦਰੀ ਪਾਵਰ ਪੂਲ ‘ਚੋਂ ਉਸ ਦਾ ਪੂਰਾ ਤੇ ਬਣਦਾ ਹਿੱਸਾ ਮਿਲਦਾ ਹੈ ਤਾਂ ਮੌਜੂਦਾ ਬਿਜਲੀ ਸੰਕਟ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਕੋਲੇ ਦੀ ਕਮੀ ਨੂੰ ਮੰਤਰੀ ਨੇ ਨਕਾਰਿਆ
ਬਿਜਲੀ ਸੰਕਟ ਦਾ ਕਾਰਨ ਕੋਲੇ ਦੀ ਕਮੀ ਨੂੰ ਦੱਸੇ ਜਾਣ ਵਾਲੇ ਦਾਅਵਿਆਂ ਨੂੰ ਖਾਰਜ ਕਰਦਿਆਂ ਮੰਤਰੀ ਸੌਂਦ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਮਲਕੀਅਤ ਵਾਲੇ ਥਰਮਲ ਪਾਵਰ ਪਲਾਂਟਾਂ ‘ਚ ਕੋਲੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪਛਵਾੜਾ ਕੋਲਾ ਖਾਣ ਚਾਲੂ ਹੋ ਚੁੱਕੀ ਹੈ, ਜਿਸ ਕਾਰਨ ਸੂਬੇ ਦੇ ਆਪਣੇ ਬਿਜਲੀ ਉਤਪਾਦਨ ਕੇਂਦਰਾਂ ਲਈ ਕੋਲੇ ਦੀ ਉਪਲਬਧਤਾ ਯਕੀਨੀ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਸਮੱਸਿਆ ਨਿੱਜੀ ਥਰਮਲ ਪਾਵਰ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਨਾਲ ਸਬੰਧਤ ਹੈ, ਜਿਸ ਦੀ ਜ਼ਿੰਮੇਵਾਰੀ ਕੋਲ ਇੰਡੀਆ ਦੀ ਹੈ। ਤਲਵੰਡੀ ਸਾਬੋ ਤੇ ਰਾਜਪੁਰਾ ਸਥਿਤ ਨਿੱਜੀ ਥਰਮਲ ਪਾਵਰ ਪਲਾਂਟਾਂ ‘ਚ ਕੋਲੇ ਦੀ ਸਪਲਾਈ ਨਾਲ ਜੁੜੀਆਂ ਦਿੱਕਤਾਂ ਸਾਹਮਣੇ ਆ ਰਹੀਆਂ ਹਨ।
ਬਿਜਲੀ ਦੀ ਮੰਗ 15,000 ਮੈਗਾਵਾਟ ਤੋਂ ਪਾਰ
ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਦੇ ਰੀਅਲ-ਟਾਈਮ ਅੰਕੜਿਆਂ ਮੁਤਾਬਕ ਐਤਵਾਰ ਸਵੇਰੇ ਪੰਜਾਬ ਵਿੱਚ ਬਿਜਲੀ ਦੀ ਮੰਗ 15,762 ਮੈਗਾਵਾਟ ਤੱਕ ਪਹੁੰਚ ਗਈ। ਇਸ ਸਮੇਂ ਕੇਂਦਰੀ ਗ੍ਰਿਡ ਤੋਂ ਲਗਭਗ 11,138 ਮੈਗਾਵਾਟ ਬਿਜਲੀ ਲਈ ਜਾ ਰਹੀ ਸੀ, ਜਦਕਿ ਕਰੀਬ 11,244 ਮੈਗਾਵਾਟ ਬਿਜਲੀ ਸ਼ਡਿਊਲ ਕੀਤੀ ਜਾ ਰਹੀ ਸੀ। ਪੰਜਾਬ ਦਾ ਆਪਣਾ ਬਿਜਲੀ ਉਤਪਾਦਨ ਲਗਭਗ 4,626 ਮੈਗਾਵਾਟ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ
ਵਧਦੀ ਮੰਗ ਦੇ ਵਿਚਕਾਰ ਉਦਯੋਗਿਕ ਖੇਤਰਾਂ ‘ਚ ਵੀ ਬਿਜਲੀ ਕੱਟਾਂ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਲੁਧਿਆਣਾ, ਜਲੰਧਰ ਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਇਲਾਕਿਆਂ ‘ਚ ਬਿਜਲੀ ਕੱਟਾਂ ਦਾ ਅਸਰ ਉਦਯੋਗਾਂ ਦੇ ਕੰਮਕਾਜ ‘ਤੇ ਪੈ ਰਿਹਾ ਹੈ। ਪੇਂਡੂ ਖੇਤਰਾਂ ‘ਚ ਵੀ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਹਨ।
ਇੱਕ-ਦੋ ਦਿਨਾਂ ‘ਚ ਹੱਲ
ਮੰਤਰੀ ਸੌਂਦ ਨੇ ਦੱਸਿਆ ਕਿ ਪੰਜਾਬ ‘ਚ ਕੁੱਲ 10 ਸਰਕਾਰੀ ਥਰਮਲ ਪਾਵਰ ਜਨਰੇਟਿੰਗ ਯੂਨਿਟ ਹਨ। ਇਨ੍ਹਾਂ ‘ਚ ਲਹਿਰਾ ਮੁਹੱਬਤ ਤੇ ਰੋਪੜ ਵਿਖੇ ਚਾਰ-ਚਾਰ ਯੂਨਿਟ, ਜਦਕਿ ਗੋਇੰਦਵਾਲ ਸਾਹਿਬ ਵਿਖੇ ਦੋ ਯੂਨਿਟ ਸ਼ਾਮਲ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ ਤੇ ਰਾਜਪੁਰਾ ਦੇ ਥਰਮਲ ਪਲਾਂਟ ਨਿੱਜੀ ਕੰਪਨੀਆਂ ਵੱਲੋਂ ਚਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇੱਕ ਯੂਨਿਟ ‘ਚ ਆਈ ਤਕਨੀਕੀ ਖ਼ਰਾਬੀ ਨੂੰ ਪੀਐਸਪੀਸੀਐਲ ਦੇ ਅਧਿਕਾਰੀਆਂ ਨੇ ਦੂਰ ਕਰ ਦਿੱਤਾ ਹੈ। ਸਰਕਾਰ ਬਿਜਲੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਬਾਕੀ ਪ੍ਰਭਾਵਿਤ ਨਿੱਜੀ ਯੂਨਿਟਾਂ ਨੂੰ ਵੀ ਜਲਦ ਚਾਲੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਮੰਤਰੀ ਨੇ ਭਰੋਸਾ ਦਿੱਤਾ ਕਿ ਮੌਜੂਦਾ ਬਿਜਲੀ ਸੰਕਟ ਨੂੰ ਇੱਕ-ਦੋ ਦਿਨਾਂ ‘ਚ ਹੱਲ ਕਰਨ ਲਈ ਸਰਕਾਰ ਵੱਲੋਂ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ ਵੱਧ ਮੰਗ ਵਾਲੇ ਸਮੇਂ ਦੌਰਾਨ ਕਿਸਾਨਾਂ ਤੇ ਆਮ ਲੋਕਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।


