ਅੰਮ੍ਰਿਤਸਰ: ਪਿੰਡ ਭੱਗੂਪੁਰ ਛੰਨਾ ਵਿਖੇ ਰਸਤੇ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਕਈ ਜ਼ਖਮੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਗਬੀਰ ਸਿੰਘ ਔਲਖ ਪੁਲਿਸ ਫੋਰਸ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਤੇ ਸਥਿਤੀ ਨੂੰ ਸ਼ਾਂਤ ਕਰਵਾਇਆ। ਡੀਐਸਪੀ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ। ਗੋਲੀਆਂ ਦੋਵਾਂ ਧਿਰਾਂ ਵੱਲੋਂ ਚੱਲੀਆਂ। ਜਖਮੀਆਂ ਬਾਰੇ ਅਜੇ ਕੋਈ ਵੀ ਰਿਪੋਰਟ ਜਾਂ ਬਿਆਨ ਦਰਜ ਨਹੀਂ ਕਰਵਾਇਆ ਗਿਆ।
ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭੱਗੂਪੁਰ ਛੰਨਾ ਵਿਖੇ ਪਹੇ ਦੇ ਰਸਤੇ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਅੰਨ੍ਹੇਵਾਹ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਿੰਸਕ ਘਟਨਾ ‘ਚ ਕਈ ਲੋਕ ਜ਼ਖ਼ਮੀ ਹੋਏ ਹਨ। ਘਰਾਂ ਸਮੇਤ ਵਾਹਨਾਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪਿੰਡ ਭੱਗੂਪੁਰ ਛੰਨਾ ਦੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਨੇ ਇਲਜ਼ਾਮ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਉਨ੍ਹਾਂ ਦੀ ਪਿਤਾ-ਪੁਰਖੀ ਜ਼ਮੀਨ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ ਹੀ ਸੁਬੇਗ ਸਿੰਘ, ਲੱਖਾ ਸਿੰਘ, ਜਿੰਦਰ ਸਿੰਘ, ਗੋਰੂ, ਕਾਲੂ, ਘੁੱਲਾਂ ਸਿੰਘ ਤੇ ਭੱਟੋ ਸਿੰਘ ਨੇ ਕਰੀਬ 40-50 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨਾਲ ਮਿਲ ਕੇ 315 ਬੋਰ ਦੀਆਂ ਰਾਈਫਲਾਂ ਨਾਲ ਉਨ੍ਹਾਂ ਦੇ ਘਰ ‘ਤੇ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਘਰ ‘ਚ ਮੌਜੂਦ ਔਰਤਾਂ ਨੇ ਲੁਕ ਕੇ ਮੁਸ਼ਕਿਲ ਨਾਲ ਜਾਨ ਬਚਾਈ। ਗੋਲੀਬਾਰੀ ਕਾਰਨ ਘਰ ਦਾ ਭਾਰੀ ਨੁਕਸਾਨ ਹੋਇਆ ਤੇ ਟ੍ਰੈਕਟਰਾਂ ਦੇ ਟਾਇਰ ਵੀ ਪਾੜ ਦਿੱਤੇ ਗਏ। ਇਸ ਘਟਨਾ ‘ਚ ਉਨ੍ਹਾਂ ਦਾ ਭਤੀਜਾ ਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜਖਮੀ ਹਾਲਤ ‘ਚ ਉਸ ਨੂੰ ਲੋਪੋਕੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਰੈਫ਼ਰ ਕੀਤਾ ਗਿਆ ਹੈ।
ਦੂਜੀ ਧਿਰ ਦੇ ਇਲਜ਼ਾਮ
ਇਸ ਸਬੰਧੀ ਦੂਜੀ ਧਿਰ ਦੇ ਸੁਬੇਗ ਸਿੰਘ ਅਤੇ ਲੱਖਾ ਸਿੰਘ ਦੇ ਧੜੇ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਲਖਵਿੰਦਰ ਸਿੰਘ ਦੇ ਧੜੇ ਨੇ ਉਨ੍ਹਾਂ ਦਾ ਪੁਰਾਣਾ ਰਸਤਾ ਵਾਹ ਦਿੱਤਾ ਸੀ। ਲਖਵਿੰਦਰ ਸਿੰਘ ਧਿਰ ਨੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ‘ਤੇ ਗੋਲੀਆਂ ਨਾਲ ਹਮਲਾ ਕੀਤਾ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੇ 3 ਤੋਂ 4 ਵਿਅਕਤੀ ਜ਼ਖ਼ਮੀ ਹੋਏ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਜਗਬੀਰ ਸਿੰਘ ਔਲਖ ਪੁਲਿਸ ਫੋਰਸ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ ਤੇ ਸਥਿਤੀ ਨੂੰ ਸ਼ਾਂਤ ਕਰਵਾਇਆ। ਡੀਐਸਪੀ ਔਲਖ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ। ਗੋਲੀਆਂ ਦੋਵਾਂ ਧਿਰਾਂ ਵੱਲੋਂ ਚੱਲੀਆਂ। ਜਖਮੀਆਂ ਬਾਰੇ ਅਜੇ ਕੋਈ ਵੀ ਰਿਪੋਰਟ ਜਾਂ ਬਿਆਨ ਦਰਜ ਨਹੀਂ ਕਰਵਾਇਆ ਗਿਆ। ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।


