ਸ਼ਮਸ਼ਾਨਘਾਟ ‘ਚ ਚਿਖਾ ਨੂੰ ਅਗਨੀ ਦੇਣ ਗਏ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਵਿਧਾਇਕ ਨਰੇਸ਼ ਨੇ CPR ਦੇ ਕੇ ਬਚਾਈ ਜਾਨ
Heart Attack: ਸੁਜਾਨਪੁਰ ਦੇ ਸ਼ਮਸ਼ਾਨਘਾਟ ਵਿੱਚ ਇੱਕ ਬਜ਼ੁਰਗ ਵਿਅਕਤੀ ਅੰਤਿਮ ਸੰਸਕਾਰ ਲਈ ਆਇਆ ਸੀ। ਇਸ ਦੌਰਾਨ ਉਸਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਮੌਕੇ ਤੇ ਵਿਧਾਇਕ ਨਰੇਸ਼ ਪੁਰੀ ਨੇ ਸੀਪੀਆਰ ਦੇ ਕੇ ਉਸ ਦੀ ਜਾਨ ਬਚਾਈ।

ਪਠਾਨਕੋਟ ਦੇ ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਨਰੇਸ਼ ਪੁਰੀ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਜਾਨ ਬਚਾਈ ਹੈ। ਜ਼ਿਕਰਯੋਗ ਹੈ ਕਿ ਜਿਸ ਵਿਅਕਤੀ ਦੀ ਜਾਨ ਵਿਧਾਇਕ ਨੇ ਬਚਾਈ ਹੈ, ਉਹ ਖੁਦ ਸੁਜਾਨਪੁਰ ਦੇ ਸ਼ਮਸ਼ਾਨਘਾਟ ਵਿੱਚ ਹੋਰ ਲੋਕਾਂ ਨਾਲ ਕਿਸੇ ਦੀ ਚਿਤਾ ਨੂੰ ਅਗਨੀ ਦੇਣ ਆਇਆ ਸੀ।
ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਪੂਰੇ ਸ਼ਮਸ਼ਾਨਘਾਟ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਵਿਧਾਇਕ ਨਰੇਸ਼ ਪੁਰੀ ਵੀ ਉੱਥੇ ਪਹੁੰਚ ਗਏ ਅਤੇ ਮਰੀਜ਼ ਦੀ ਹਾਲਤ ਦੇਖ ਕੇ ਸੀ.ਪੀ.ਆਰ. ਦੇਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।
ਵਿਧਾਇਕ ਨੇ ਦਿੱਤਾ ਸੀ.ਪੀ.ਆਰ.
ਵਿਧਾਇਕ ਨਰੇਸ਼ ਪੁਰੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੇ 70 ਸਾਲਾ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਦੀ ਆਵਾਜ਼ ਸੁਣੀ, ਉਹ ਤੁਰੰਤ ਉਨ੍ਹਾਂ ਕੋਲ ਪਹੁੰਚੇ। ਉਹਨਾਂ ਨੇ ਕਿਹਾ ਕਿ ਉਹ ਦੂਜੇ ਲੋਕਾਂ ਨੂੰ ਮਰੀਜ਼ ਨੂੰ ਸੀਪੀਆਰ ਦੇਣ ਲਈ ਕਹਿ ਰਹੇ ਸਨ ਕਿਉਂਕਿ ਅਜਿਹੇ ਸਮੇਂ ਵਿੱਚ ਸੀਪੀਆਰ ਇੱਕ ਰਾਮਬਾਣ ਇਲਾਜ ਹੈ। ਪਰ ਕਿਸੇ ਨੂੰ ਸੀਪੀਆਰ ਬਾਰੇ ਪਤਾ ਨਹੀਂ ਸੀ। ਇਸ ਤੋਂ ਬਾਅਦ ਉਹਨਾਂ ਨੇ ਖੁਦ ਉਸ ਵਿਅਕਤੀ ਨੂੰ ਸੀਪੀਆਰ ਦੇਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਵਿਅਕਤੀ ਨੂੰ ਲਗਭਗ 20 ਸਕਿੰਟਾਂ ਲਈ ਸੀਪੀਆਰ ਦਿੱਤਾ ਅਤੇ ਉਸ ਤੋਂ ਬਾਅਦ ਵਿਅਕਤੀ ਸਾਹ ਲੈਣ ਲੱਗ ਪਿਆ।
ਇਸ ਮਗਰੋਂ ਬਜ਼ੁਰਗ ਆਦਮੀ ਦੇ ਪਰਿਵਾਰਕ ਮੈਂਬਰ ਉਸਨੂੰ ਤੁਰੰਤ ਹਸਪਤਾਲ ਲੈ ਗਏ। ਇਸ ਵੇਲੇ ਬਜ਼ੁਰਗ ਵਿਅਕਤੀ ਖ਼ਤਰੇ ਤੋਂ ਬਾਹਰ ਹੈ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਯੂਟਿਊਬ ਤੋਂ ਸਿੱਖਿਆ ਕਿ ਅਜਿਹੇ ਔਖੇ ਸਮੇਂ ਵਿੱਚ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ ਅਤੇ ਅੱਜ ਉਹ ਆਪਣੇ ਆਪ ‘ਤੇ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੇ ਇੱਕ ਕੀਮਤੀ ਜਾਨ ਬਚਾਈ ਹੈ।