ਮਿੰਟੂ ਗੁਰੂਸਰੀਆ ਸਮੇਤ 9 ਲੋਕਾਂ ਤੇ ਮੀਡੀਆ ਚੈਨਲ ‘ਤੇ FIR, ਸੀਐਮ ਦੇ ਹੈਲੀਕਾਪਟਰ ਦੀ ਦਿੱਤੀ ਗਲਤ ਜਾਣਕਾਰੀ
ਐਫਆਈਆਰ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਦੀ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਦੇ ਹੈਲੀਕਾਪਟਰ ਦੇ ਪੰਜਾਬ 'ਚ ਗਲਤ ਇਸਤੇਮਾਲ ਦੀ ਫਰਜ਼ੀ ਜਾਣਕਾਰੀ ਫੈਲਾਈ ਸੀ। ਇਸ ਦੇ ਲਈ ਉਨ੍ਹਾਂ 'ਤੇ ਬੀਐਨਐਸ ਧਾਰਾ 353 (1), 353 (2) ਤੇ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸਰਕਾਰੀ ਹਾਲੀਕਾਪਟਰ ਦੇ ਗਲਤ ਇਸਤੇਮਾਲ ਦੀ ਫਰਜ਼ੀ ਖ਼ਬਰ ਫੈਲਾਉਣ ਲਈ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ 9 ਲੋਕਾਂ ਸਮੇਤ ਇੱਕ ਮੀਡੀਆ ਚੈਨਲ- ਲੋਕ ਆਵਾਜ਼ ਟੀਵੀ, ‘ਤੇ ਐਫਆਈਆਰ ਦਰਜ ਕੀਤੀ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਲੁਧਿਆਣਾ ‘ਚ ਐਫਆਈਰ ਦਰਜ ਕੀਤੀ ਗਈ ਹੈ। ਐਫਆਈਆਰ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਗਲਤ ਜਾਣਕਾਰੀ ਫੈਲਾਈ ਹੈ। ਇਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਜਿਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਜਪਾਨ ਤੇ ਦੱਖਣੀ ਕੋਰੀਆ ਗਏ ਹੋਏ ਸਨ, ਉਸ ਸਮੇਂ ਉਨ੍ਹਾਂ ਦੇ ਹੈਲੀਕਾਪਟਰ ਦਾ ਇਸਤੇਮਾਲ ਕੋਈ ਹੋਰ ਕਰ ਰਿਹਾ ਸੀ। ਇਸ ਦੌਰਾਨ ਇਨ੍ਹਾਂ ਲੋਕਾਂ ਨੇ ਉਡਾਣ ਦੀ ਟ੍ਰੈਕਿੰਗ ਦੀ ਗਲਤ ਜਾਣਕਾਰੀ ਦਿੱਤੀ ਸੀ। ਇਹ ਮਾਮਲਾ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਐਸਐਚਓ ਇੰਸਪੈਕਟਰ ਸਤਬੀਰ ਸਿੰਘ ਨੇ ਦਰਜ ਕਰਵਾਈ ਹੈ। ਇਹ ਐਫਆਈਆਰ 12 ਦਸੰਬਰ ਨੂੰ ਦਰਜ ਕੀਤੀ ਗਈ ਸੀ, ਪਰ ਪੁਲਿਸ ਨੇ ਇਸ ਨੂੰ ਗੁਪਤ ਰੱਖਿਆ ਸੀ, ਪਰ ਹੁਣ ਇਸ ਦੀ ਕਾਪੀ ਸਾਹਮਣੇ ਆਈ ਹੈ। ਜਿਨ੍ਹਾਂ ਲੋਕਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ‘ਚ ਸਮਾਜ ਸੇਵੀ ਤੇ ਇੰਨਫਿਲੂਐਂਸਰ ਮਿੰਟੂ ਗੁਰਸਰੀਆ ਤੇ ਆਰਟੀਆਈ ਐਕਟੀਵਿਸਟ ਮਾਣਿਕ ਗੋਇਲ ਦਾ ਨਾਮ ਵੀ ਸ਼ਾਮਲ ਹੈ। ਦੱਸ ਦੇਈਏ ਕਿ ਮਿੰਟੂ ਗੁਰਸਰੀਆ ਦੀ ਜੀਵਨ ‘ਤੇ ਅਧਾਰਤ ‘ਡਾਕੂਆਂ ਦਾ ਮੁੰਡਾ‘ ਫਿਲਮ ਬਣ ਚੁੱਕੀ ਹੈ।
ਇਨ੍ਹਾਂ ਖਿਲਾਫ਼ ਦਰਜ ਐਫਆਈਆਰ
ਐਫਆਈਆਰ ਦੇ ਅਨੁਸਾਰ, ਸੋਸ਼ਲ ਮੀਡੀਆ ਨਿਗਰਾਨੀ ਸੈੱਲ ਨੇ ਮਿੰਟੂ ਗੁਰੂਸਰੀਆ, ਗਗਨ ਰਾਮਗੜ੍ਹੀਆ, ਹਰਮਨ ਫਾਰਮਰ, ਮਨਦੀਪ ਮੱਕੜ, ਗੁਰਲਾਲ ਐਸ ਮਾਨ, ਸਨਮੂ ਧਾਲੀਵਾਲ, ਮਾਣਿਕ ਗੋਇਲ, ਅਰਜਨ ਲਾਈਵ, ਦੀਪ ਮੰਗਲੀ ਤੇ ਲੋਕ ਆਵਾਜ਼ ਟੀਵੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਐਫਆਈਆਰ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਦੀ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਦੇ ਹੈਲੀਕਾਪਟਰ ਦੇ ਪੰਜਾਬ ‘ਚ ਗਲਤ ਇਸਤੇਮਾਲ ਦੀ ਫਰਜ਼ੀ ਜਾਣਕਾਰੀ ਫੈਲਾਈ ਸੀ। ਇਸ ਦੇ ਲਈ ਉਨ੍ਹਾਂ ‘ਤੇ ਬੀਐਨਐਸ ਧਾਰਾ 353 (1), 353 (2) ਤੇ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁੱਢਲੀ ਜਾਂਚ ‘ਚ ਉਡਾਣ ਦੀ ਟ੍ਰੈਕਿੰਗ ਦੀ ਗਲਤ ਜਾਣਕਾਰੀ ਵਿਆਖਿਆ ਕਰਨ, ਹੈਲੀਕਾਪਟਰ ਦੇ ਗਲਤ ਦ੍ਰਿਸ਼, ਭੜਕਾਊ ਟਿੱਪਣੀ, ਝੂਠੀ ਤੇ ਗਲਤ ਕਹਾਣੀ ਬਣਾਈ ਗਈ ਹੈ। ਹੈਲੀਕਾਪਟਰ ਦੇ ਗਲਤ ਉਪਯੋਗ ਦੇ ਦਾਅਵਾ ਕਰਨ ਦਾ ਯਤਨ ਕੀਤਾ ਗਿਆ, ਜੋ ਪੰਜਾਬ ਸਿਵਲ ਐਵੀਏਸ਼ਨ ਡਿਪਾਰਟਮੈਂਟ ਦੇ ਅਧਿਕਾਰਤ ਰਿਕਾਰਡ ਦੇ ਵਿਪਰੀਤ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਸਮੱਗਰੀ ਦਾ ਪ੍ਰਚਾਰ-ਪ੍ਰਸਾਰ ਕਰਨਾ ਜਨਤਾ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਸਕਦਾ ਹੈ। ਇਸ ਨਾਲ ਸੰਵਿਧਾਨਿਕ ਸੰਸਥਾਵਾਂ ‘ਤੇ ਵਿਸ਼ਵਾਸ਼ ਘੱਟ ਹੋ ਸਕਦਾ ਹੈ। ਇਸ ਨਾਲ ਅਧਿਕਾਰਤ ਕੰਮ-ਕਾਮ ਪ੍ਰਭਾਵਿਤ ਹੋ ਸਕਦਾ ਹੈ ਤੇ ਪੰਜਾਬ ਵਰਗੇ ਬਾਰਡਰ ਸੂਬੇ ‘ਚ ਜਨਤਕ ਵਿਵਸਥਾ ‘ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ।


