ਪੰਜਾਬ ਕਾਂਗਰਸ ਦੇ ਕਲੇਸ਼ ਵਿਚਕਾਰ ਸਿੱਧੂ ਪਹੁੰਚੇ ਅੰਮ੍ਰਿਤਸਰ, ਅੱਗੇ ਦੇ ਕਦਮ ‘ਤੇ ਸਭ ਦੀ ਨਜ਼ਰ
ਵਜੋਤ ਸਿੰਘ ਸਿੱਧੂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਹ ਅੱਗੇ ਕੀ ਕਦਮ ਚੁੱਕਣਗੇ, ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਉਹ ਕਾਂਗਰਸ ਆਗੂਆਂ ਨਾਲ ਮੁਲਾਕਾਤ ਕਰਨਗੇ, ਮੀਡੀਆ ਨਾਲ ਗੱਲਬਾਤ ਕਰਨਗੇ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿੱਕੀਆਂ ਹੋਈਆਂ ਹਨ।
ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਵਿਚਕਾਰ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਆ ਗਏ ਹਨ। ਸਿੱਧੂ ਦੇ ਅੰਮ੍ਰਿਤਸਰ ਪਹੁੰਚਦੇ ਹੀ, ਉਨ੍ਹਾਂ ਦੇ ਘਰ ਬਾਹਰ ਸਮਰਥਕ ਇਕੱਠਾ ਹੋਣੇ ਸ਼ੁਰੂ ਹੋ ਗਏ ਹਨ। ਸਿੱਧੂ ਦੀ ਪਤਨੀ ਨਵਜੋਤ ਕੌਰ ਦੇ ‘500 ਕਰੋੜ ਰੁਪਏ ਦੇ ਅਟੈਚੀ‘ ਵਾਲੇ ਬਿਆਨ ਤੋਂ ਬਾਅਦ ਲਗਭਗ ਪੂਰੀ ਪੰਜਾਬ ਕਾਂਗਰਸ ਸਿੱਧੂ ਪਰਿਵਾਰ ਖਿਲਾਫ਼ ਦਿਖਾਈ ਦੇ ਰਹੀ ਹੈ। ਹਾਲਾਂਕਿ, ਇਸ ਸਭ ਵਿਚਕਾਰ ਨਵਜੋਤ ਸਿੰਘ ਸਿੱਧੂ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਉਹ ਅੱਗੇ ਕੀ ਕਦਮ ਚੁੱਕਣਗੇ, ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਉਹ ਕਾਂਗਰਸ ਆਗੂਆਂ ਨਾਲ ਮੁਲਾਕਾਤ ਕਰਨਗੇ, ਮੀਡੀਆ ਨਾਲ ਗੱਲਬਾਤ ਕਰਨਗੇ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖਣਗੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਪੂਰੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿੱਕੀਆਂ ਹੋਈਆਂ ਹਨ।
ਨਵਜੋਤ ਕੌਰ ਸਿੱਧੂ ਦਾ ਲਗਾਤਾਰ ਹਮਲਾਵਰ ਰੁਖ
ਦੂਜੇ ਪਾਸੇ, ਨਵਜੋਤ ਕੌਰ ਸਿੱਧੂ ਅਜੇ ਵੀ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੂੰ ਘੇਰ ਰਹੇ ਹਨ। ਉਨ੍ਹਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਲੀਗਲ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣਾ ਲੀਗਲ ਨੋਟਿਸ ਵਾਪਸ ਲੈ ਲੈਣ, ਨਹੀਂ ਤਾਂ ਉਨ੍ਹਾਂ ਵੱਲੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਉਨ੍ਹਾਂ ਨੇ ਕਿਹਾ ਸੀ ਕਿ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਲਿੰਕ ਹਨ ਤੇ ਉਨ੍ਹਾਂ ਨੇ ਰਾਜਸਥਾਨ ‘ਚ ਪੈਸੇ ਲੈ ਕੇ ਟਿਕਟਾਂ ਵੇਚੀਆਂ ਸਨ।
ਮਿੱਠੂ ਮਦਾਨ ਨੂੰ ਨੋਟਿਸ
ਉੱਥੇ ਹੀ, ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ਨੂੰ ਮਾਣਹਾਣੀ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਿੱਠੂ 7 ਦਿਨਾਂ ਅੰਦਰ ਮੁਆਫ਼ੀ ਮੰਗਣ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਇਸ ਦੇ ਨਾਲ ਨੋਟਿਸ ‘ਚ ਨਵਜੋਤ ਕੌਰ ਨੂੰ ਬਦਨਾਮ ਕਰਨ ਵਾਲੇ ਕੰਟੇਂਟ ਨੂੰ ਹਟਾਉਣ ਲਈ ਵੀ ਕਿਹਾ ਹੈ।
ਮਿੱਠੂ ਮਦਾਨ ਨੇ ਕੀ ਕਿਹਾ ਸੀ?
ਮਿੱਠੂ ਮਦਾਨ ਨੇ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ ‘ਚ ਕਿਹਾ ਕਿ 500 ਕਰੋੜ ਰੁਪਏ ਦੇ ਲੈਣ-ਦੇਣ ਤੇ ਅਹੁਦਿਆਂ ਲਈ ਪੈਸੇ ਦੇਣ ਵਾਲੀ ਗੱਲ ‘ਚ ਇੱਕ ਫੀਸਦੀ ਵੀ ਸੱਚਾਈ ਨਹੀਂ ਹੈ। ਜੇਕਰ ਕਿਸੇ ਕੋਲ ਇਸ ਬਾਰੇ ਕੋਈ ਸਬੂਤ ਹੈ ਤਾਂ ਉਹ ਖੁੱਲ੍ਹੇ ਤੌਰ ਤੇ ਸਾਹਮਣੇ ਲਿਆਂਦਾ ਜਾਵੇ। ਮਿੱਠੂ ਮਦਾਨ ਨੇ ਕਿਹਾ ਕਿ ਜੇਕਰ ਮੈਡਮ ਸਿੱਧੂ ਚੁੱਪ ਨਾ ਹੋਏ ਤਾਂ ਸਬੂਤਾਂ ਸਣੇ ਵੱਡੇ ਖੁਲਾਸੇ ਕਰਾਂਗਾ। ਉਨ੍ਹਾਂ ਨੇ ਕਿਹਾ ਸੀ ਕਿ ਜੇ ਨਵਜੋਤ ਕੌਰ ਚੁੱਪ ਨਹੀਂ ਹੋਏ ਤਾਂ ਉਨ੍ਹਾਂ ਨੇ ਜਿਹੜੇ ਕੌਂਸਲਰਾਂ ਤੋਂ ਪੈਸੇ ਲਏ ਉਸ ਦੀ ਲਿਸਟ ਜਾਰੀ ਕਰਾਂਗਾ।