ਗੁਰਦੁਆਰੇ ਦੇ ਲੰਗਰ ਹਾਲ ‘ਚ ਭਰਾ ਨੇ ਕੀਤਾ ਭੈਣ ਦਾ ਕਤਲ, ਤਿੰਨ ਸਾਲ ਪਹਿਲਾਂ ਲੜਕੀ ਨੇ ਕੀਤੀ ਸੀ ਲਵ ਮੈਰਿਜ
Moga Brother Murdered Sister: ਮ੍ਰਿਤਕ ਸਿਮਰਨ ਕੌਰ ਨੇ ਤਿੰਨ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਨੇ ਲਵ ਮੈਰਿਜ ਕਰ ਲਈ ਸੀ। ਸਿਮਰਨ ਕੌਰ ਨੇ ਪਰਿਵਾਰ ਦੇ ਖਿਲਾਫ਼ ਜਾ ਕੇ ਵਿਆਹ ਕੀਤਾ ਸੀ। ਇਸ ਤੋਂ ਉਸ ਦਾ ਪਰਿਵਾਰ ਖਾਸ ਤੌਰ 'ਤੇ ਭਰਾ ਹਰਮਨਪ੍ਰੀਤ ਨਾਰਾਜ਼ ਸੀ।

ਮੋਗਾ ‘ਚ ਇੱਕ ਭਰਾ ਵੱਲੋਂ ਆਪਣੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਭਰਾ ਨੇ ਸ਼ਰੇਆਮ ਲੋਕਾਂ ਦੀ ਭੀੜ ਸਾਹਮਣੇ ਆਪਣੀ ਭੈਣ ਨੂੰ ਗੋਲੀਆਂ ਨਾਲ ਭੁੰਨ ਕੇ ਰੱਖ ਦਿੱਤਾ। ਘਟਨਾ ਮੋਗਾ ਦੇ ਦਲੇਵਾਲਾ ਪਿੰਡ ਦੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਸਿਮਰਨ ਕੌਰ ਵਜੋਂ ਹੋਈ ਹੈ, ਉਸ ਦੇ ਮੁਲਜ਼ਮ ਭਰਾ ਹਰਮਨਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਸਿਮਰਨ ਕੌਰ ਨੇ ਤਿੰਨ ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਨਾਲ ਲਵ ਮੈਰਿਜ ਕਰ ਲਈ ਸੀ। ਸਿਮਰਨ ਕੌਰ ਨੇ ਪਰਿਵਾਰ ਦੇ ਖਿਲਾਫ਼ ਜਾ ਕੇ ਵਿਆਹ ਕੀਤਾ ਸੀ। ਇਸ ਤੋਂ ਉਸ ਦਾ ਪਰਿਵਾਰ ਖਾਸ ਤੌਰ ‘ਤੇ ਭਰਾ ਹਰਮਨਪ੍ਰੀਤ ਨਾਰਾਜ਼ ਸੀ।
ਗੁਰਦੁਆਰੇ ਦੇ ਲੰਗਰ ਹਾਲ ‘ਚ ਮਾਰੀ ਗੋਲੀ
ਬੁੱਧਵਾਰ ਨੂੰ ਪਿੰਡ ‘ਚ ਇੱਕ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ‘ਚ ਸਿਮਰਨ ਕੌਰ ਲੰਗਰ ‘ਚ ਰੋਟੀਆਂ ਬਣਾ ਰਹੀ ਸੀ। ਉਸ ਸਮੇਂ ਸਿਮਰਨ ਦਾ ਭਰਾ ਹਰਮਨਪ੍ਰੀਤ ਲੰਗਰ ਹਾਲ ‘ਚ ਪਹੁੰਚਿਆ ਤੇ ਸਿਮਰਨ ‘ਤੇ ਗੋਲੀਆਂ ਚਲਾ ਦਿੱਤੀਆਂ। ਸਿਮਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਵਾਰਦਾਤ ਵਾਲੇ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ।
ਮੁਲਜ਼ਮ ਨੂੰ ਮਿਲੇ ਸਖ਼ਤ ਸਜ਼ਾ: ਮ੍ਰਿਤਕ ਦੀ ਸੱਸ
ਸਿਮਰਨ ਦੀ ਸੱਸ ਮੁਤਾਬਕ ਉਹ (ਸਿਮਰਨ) ਗੁਰਦੁਆਰੇ ਦੇ ਲੰਗਰ ਹਾਲ ‘ਚ ਰੋਟੀਆਂ ਬਣਾ ਰਹੀ ਸੀ, ਉੱਥੇ ਹੀ ਲੰਗਰ ਹਾਲ ‘ਚ ਉਸ ਦਾ ਭਰਾ ਆਇਆ ਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਦੀ ਸੱਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।