ਲੁਧਿਆਣਾ: ਨਹਿਰ ‘ਚ ਸਟੰਟ ਕਰ ਰਿਹਾ ਨੌਜਵਾਨ ਡੁੱਬਿਆ, ਪੁਲਿਸ 30 ਘੰਟਿਆਂ ਤੋਂ ਕਰ ਰਹੀ ਭਾਲ
Ludhiana Youth drowns in River: ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਸੰਨੀ ਨੇੜਲੇ ਫੁੱਲਾਂਵਾਲ ਦਾ ਰਹਿਣ ਵਾਲਾ ਹੈ। ਉਹ ਆਪਣੇ ਮੁਹੱਲੇ ਦੇ ਨਾਬਾਲਗ ਬੱਚਿਆਂ ਨਾਲ ਫਲਾਈ ਸਾਹਿਬ ਨੇੜੇ ਨਹਿਰ 'ਚ ਨਹਾਉਣ ਗਿਆ ਸੀ। ਕੁਝ ਲੋਕਾਂ ਨੇ ਦੱਸਿਆ ਕਿ ਸਾਰੇ ਨਾਬਾਲਗ ਬੱਚੇ ਰੇਲਵੇ ਪੁਲ 'ਤੇ ਖੜ੍ਹੇ ਸਨ ਤੇ ਨਹਿਰ 'ਚ ਛਾਲ ਮਾਰ ਕੇ ਸਟੰਟ ਕਰ ਰਹੇ ਸਨ।
ਲੁਧਿਆਣਾ ਦੇ ਡੇਹਲੋਂ ਥਾਣਾ ਖੇਤਰ ਅਧੀਨ ਗੁਰਦੁਆਰਾ ਫਲਾਈ ਸਾਹਿਬ ਨੇੜੇ ਨਹਿਰ ‘ਚ ਸਟੰਟ ਕਰਦੇ ਸਮੇਂ 5 ਨਾਬਾਲਗ ਤੇ 1 ਨੌਜਵਾਨ ਰੁੜ ਗਏ। ਸਾਰੇ ਪੰਜ ਨਾਬਾਲਗ ਕਿਸੇ ਤਰ੍ਹਾਂ ਬਚ ਗਏ, ਪਰ ਉਨ੍ਹਾਂ ਦਾ ਦੋਸਤ ਨਹਿਰ ‘ਚ ਡੁੱਬ ਗਿਆ। 30 ਘੰਟਿਆਂ ਬਾਅਦ ਵੀ ਲਾਪਤਾ ਨੌਜਵਾਨ ਸੰਨੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਤੇ ਗੋਤਾਖੋਰ ਸੰਨੀ ਦੀ ਭਾਲ ਕਰ ਰਹੇ ਹਨ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ।
ਰੇਲਵੇ ਪੁਲ ਤੋਂ ਛਾਲ ਮਾਰ ਕਰ ਰਿਹਾ ਸੀ ਸਟੰਟ
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਨੌਜਵਾਨ ਸੰਨੀ ਨੇੜਲੇ ਫੁੱਲਾਂਵਾਲ ਦਾ ਰਹਿਣ ਵਾਲਾ ਹੈ। ਉਹ ਆਪਣੇ ਮੁਹੱਲੇ ਦੇ ਨਾਬਾਲਗ ਬੱਚਿਆਂ ਨਾਲ ਫਲਾਈ ਸਾਹਿਬ ਨੇੜੇ ਨਹਿਰ ‘ਚ ਨਹਾਉਣ ਗਿਆ ਸੀ। ਕੁਝ ਲੋਕਾਂ ਨੇ ਦੱਸਿਆ ਕਿ ਸਾਰੇ ਨਾਬਾਲਗ ਬੱਚੇ ਰੇਲਵੇ ਪੁਲ ‘ਤੇ ਖੜ੍ਹੇ ਸਨ ਤੇ ਨਹਿਰ ‘ਚ ਛਾਲ ਮਾਰ ਕੇ ਸਟੰਟ ਕਰ ਰਹੇ ਸਨ।
ਸੰਨੀ 12ਵੀਂ ਜਮਾਤ ਦਾ ਵਿਦਿਆਰਥੀ
ਸਾਰਿਆਂ ਨੇ ਇਕੱਠੇ ਨਹਿਰ ‘ਚ ਛਾਲ ਮਾਰੀ। ਪੰਜ ਨਾਬਾਲਗ ਮੁੰਡੇ ਕਿਸੇ ਤਰ੍ਹਾਂ ਇੱਧਰ-ਉੱਧਰ ਕੰਢਿਆਂ ਨੂੰ ਫੜ ਕੇ ਬਚਣ ‘ਚ ਕਾਮਯਾਬ ਹੋ ਗਏ, ਪਰ ਸੰਨੀ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ। ਸੰਨੀ 12ਵੀਂ ਜਮਾਤ ‘ਚ ਪੜ੍ਹਦਾ ਹੈ। ਉਸ ਦੇ ਤਿੰਨ ਭਰਾ ਹਨ। ਸਾਰੇ ਬੱਚੇ ਸੰਨੀ ਨਾਲ ਇੱਥੇ ਨਹਾਉਣ ਲਈ ਆਏ ਸਨ। ਸੰਨੀ ਦੀ ਭਾਲ ਅਜੇ ਵੀ ਜਾਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਕਿਸੇ ਨੌਜਵਾਨ ਦੇ ਡੁੱਬਣ ਦਾ ਪਹਿਲਾ ਮਾਮਲਾ ਨਹੀਂ ਹੈ। ਅਕਸਰ ਕਈ ਨੌਜਵਾਨ ਗੁਰਦੁਆਰਾ ਫਲਾਈ ਸਾਹਿਬ ਨੇੜੇ ਨਹਿਰ ‘ਚ ਨਹਾਉਣ ਲਈ ਆਉਂਦੇ ਰਹਿੰਦੇ ਹਨ। ਜਦੋਂ ਨੌਜਵਾਨ ਸਟੰਟ ਕਰਦੇ ਹਨ, ਤਾਂ ਇਸ ਦੌਰਾਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ। ਇਲਾਕੇ ‘ਚ ਪਹਿਲੇ ਵੀ ਨੌਜਵਾਨਾਂ ਦੇ ਡੁੱਬਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ।