ਲੁਧਿਆਣਾ ‘ਚ ਸ਼ਿਵ ਸੈਨਾ ਆਗੂ ‘ਤੇ ਕਾਤਲਾਨਾ ਹਮਲਾ, ਸਿਰ ਤੇ ਹੱਥਾਂ ‘ਤੇ ਲੱਗੀਆਂ ਗੰਭੀਰ ਸੱਟਾਂ
ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ 'ਤੇ ਸਵਾਲ ਖੜ੍ਹੇ ਕਰਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ। ਥਾਣਾ ਹੈਬੋਵਾਲ ਦੇ ਅਧੀਨ ਪੈਂਦੇ ਚੰਦਰ ਨਗਰ ਇਲਾਕੇ ਵਿੱਚ ਸਥਿਤ ਸਫ਼ੈਦ ਕੋਠੀ ਦੇ ਨੇੜੇ ਸ਼ਿਵ ਸੈਨਾ ਨਾਲ ਸਬੰਧਤ ਆਗੂ ਰਾਜਨ ਰਾਣਾ 'ਤੇ ਅਣਪਛਾਤੇ ਹਮਲਾਵਰਾਂ ਨੇ ਹਿੰਸਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਾਜਨ ਰਾਣਾ ਦੇ ਸਿਰ, ਹੱਥਾਂ ਅਤੇ ਪੈਰਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਲੁਧਿਆਣਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਸਵਾਲ ਖੜ੍ਹੇ ਕਰਦੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ। ਥਾਣਾ ਹੈਬੋਵਾਲ ਦੇ ਅਧੀਨ ਪੈਂਦੇ ਚੰਦਰ ਨਗਰ ਇਲਾਕੇ ਵਿੱਚ ਸਥਿਤ ਸਫ਼ੈਦ ਕੋਠੀ ਦੇ ਨੇੜੇ ਸ਼ਿਵ ਸੈਨਾ ਨਾਲ ਸਬੰਧਤ ਆਗੂ ਰਾਜਨ ਰਾਣਾ ‘ਤੇ ਅਣਪਛਾਤੇ ਹਮਲਾਵਰਾਂ ਨੇ ਹਿੰਸਕ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਰਾਜਨ ਰਾਣਾ ਦੇ ਸਿਰ, ਹੱਥਾਂ ਅਤੇ ਪੈਰਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਰਾਹਗੀਰਾਂ ਨੇ ਉਨ੍ਹਾਂ ਨੂੰ ਸੜਕ ‘ਤੇ ਬੇਸੁੱਧ ਹਾਲਤ ਵਿੱਚ ਪਿਆ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਸ਼ਿਵ ਸੈਨਾ ਸਮਾਜਵਾਦੀ ਨਾਲ ਜੁੜੇ ਹਨੀ ਭਾਰਦਵਾਜ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀ ਰਾਜਨ ਰਾਣਾ ਨੂੰ ਫੌਰੀ ਤੌਰ ‘ਤੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਗਨਮੈਨ ਦੀ ਛੁੱਟੀ ਦੌਰਾਨ ਵਾਪਰੀ ਘਟਨਾ
ਰਾਜਨ ਰਾਣਾ ਨੇ ਹਸਪਤਾਲ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੈਬੋਵਾਲ ਸਥਿਤ ਆਪਣੇ ਘਰ ਤੋਂ ਪੁਰਾਣੇ ਸ਼ਹਿਰ ਵਿੱਚ ਆਪਣੀ ਮਾਤਾ ਨੂੰ ਮਿਲਣ ਜਾ ਰਹੇ ਸਨ। ਉਸ ਸਮੇਂ ਉਹ ਆਪਣੀ ਐਕਟਿਵਾ ‘ਤੇ ਇਕੱਲੇ ਸਵਾਰ ਸਨ ਅਤੇ ਉਨ੍ਹਾਂ ਦਾ ਸਰਕਾਰੀ ਗਨਮੈਨ ਵੀ ਛੁੱਟੀ ‘ਤੇ ਸੀ। ਜਿਵੇਂ ਹੀ ਉਹ ਸਫ਼ੈਦ ਕੋਠੀ ਦੇ ਨੇੜੇ ਪਹੁੰਚੇ, ਪਿੱਛੇ ਤੋਂ ਆਏ 3 ਤੋਂ 4 ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਸਿਰ ‘ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਵਾਰ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਉਹ ਤੁਰੰਤ ਸੜਕ ‘ਤੇ ਡਿੱਗ ਪਏ ਅਤੇ ਬੇਹੋਸ਼ ਹੋ ਗਏ।
ਪੁਰਾਣੀ ਰੰਜਿਸ਼ ਜਾਂ ਕੋਈ ਹੋਰ ਸਾਜ਼ਿਸ਼?
ਰਾਣਾ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਪਛਾਣ ਨਹੀਂ ਸਕੇ ਹਨ। ਹੋਸ਼ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਘਟਨਾ ਬਾਰੇ ਦੱਸਿਆ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਹ ਉਨ੍ਹਾਂ ‘ਤੇ ਪਹਿਲਾ ਹਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਰਾਜਨ ਰਾਣਾ ਅਨੁਸਾਰ ਉਨ੍ਹਾਂ ਨੂੰ ਸਰੀਰ ਦੇ ਅੰਦਰੂਨੀ ਹਿੱਸਿਆਂ ‘ਤੇ ਵੀ ਕਾਫੀ ਸੱਟਾ ਆਈਆਂ ਹਨ।
ਫਿਲਹਾਲ ਜ਼ਖ਼ਮੀ ਆਗੂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਤੋਂ ਫਾਰਗ ਹੋਣ ਤੋਂ ਬਾਅਦ ਉਹ ਪੁਲਿਸ ਨੂੰ ਰਸਮੀ ਸ਼ਿਕਾਇਤ ਦਰਜ ਕਰਵਾਉਣਗੇ। ਦੂਜੇ ਪਾਸੇ, ਸ਼ਹਿਰ ਦੇ ਵਿਚਕਾਰ ਇੱਕ ਹਿੰਦੂ ਆਗੂ ‘ਤੇ ਹੋਏ ਹਮਲੇ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।


