ਲੁਧਿਆਣਾ ‘ਚ ਮਹਿਲਾ ਤੋਂ ਮੋਬਾਈਲ ਖੋਹ ਕੇ ਭੱਜ ਰਹੇ 3 ਬਾਈਕ ਸਵਾਰ ਕਾਬੂ, ਲੋਕਾਂ ਨੇ ਚਾੜ੍ਹਿਆ ਕੁਟਾਪਾ
ਲੁਧਿਆਣਾ ਵਿੱਚ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਜਾਂ ਪੁਲਿਸ ਦਾ ਕੋਈ ਖ਼ੌਫ਼ ਨਹੀਂ ਰਿਹਾ। ਤਾਜ਼ਾ ਮਾਮਲਾ ਕੋਚਰ ਮਾਰਕੀਟ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਕੰਮ 'ਤੇ ਜਾ ਰਹੀ ਇੱਕ ਮਹਿਲਾ ਤੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਦਲੇਰੀ ਦਿਖਾਉਂਦਿਆਂ ਕਾਬੂ ਕਰ ਲਿਆ।
ਲੁਧਿਆਣਾ ਵਿੱਚ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਨੂੰਨ ਜਾਂ ਪੁਲਿਸ ਦਾ ਕੋਈ ਖ਼ੌਫ਼ ਨਹੀਂ ਰਿਹਾ। ਤਾਜ਼ਾ ਮਾਮਲਾ ਕੋਚਰ ਮਾਰਕੀਟ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਕੰਮ ‘ਤੇ ਜਾ ਰਹੀ ਇੱਕ ਮਹਿਲਾ ਤੋਂ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਦਲੇਰੀ ਦਿਖਾਉਂਦਿਆਂ ਕਾਬੂ ਕਰ ਲਿਆ।
ਲੋਕਾਂ ਨੇ ਫੜੇ ਗਏ ਮੁਲਜ਼ਮਾਂ ਦੀ ਰੱਜ ਕੇ ਛਿੱਤਰ-ਪਰੇਡ ਕੀਤੀ ਅਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਿੰਨਾਂ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਦੋਸ਼ ਲਾਇਆ ਕਿ ਇਹ ਉਹੀ ਗਰੋਹ ਹੈ ਜਿਸ ਨੇ ਪਹਿਲਾਂ ਵੀ ਇਲਾਕੇ ਵਿੱਚੋਂ ਕਈ ਲੋਕਾਂ ਦੇ ਕੀਮਤੀ ਮੋਬਾਈਲ ਫ਼ੋਨ ਚੋਰੀ ਕੀਤੇ ਸਨ।
ਰਾਹ ਪੁੱਛਣ ਦੇ ਬਹਾਨੇ ਰੋਕਿਆ ਅਤੇ ਖੋਹ ਲਿਆ ਮੋਬਾਈਲ: ਪੀੜਤ ਮਹਿਲਾ
ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਵਾਂਗ ਆਪਣੇ ਕੰਮ ‘ਤੇ ਜਾ ਰਹੀ ਸੀ ਤਾਂ ਇੱਕ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰਸਤਾ ਪੁੱਛਣ ਦੇ ਬਹਾਨੇ ਰੋਕਿਆ। ਜਿਵੇਂ ਹੀ ਉਹ ਗੱਲਬਾਤ ਕਰਨ ਲੱਗੀ ਤਾਂ ਸ਼ਾਤਰ ਲੁਟੇਰੇ ਝਪਟ ਮਾਰ ਕੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਤੇਜ਼ ਰਫ਼ਤਾਰ ਨਾਲ ਭੱਜਣ ਲੱਗੇ।
ਮਹਿਲਾ ਦੇ ਰੌਲਾ ਪਾਉਣ ‘ਤੇ ਨੇੜੇ-ਤੇੜੇ ਦੇ ਲੋਕਾਂ ਨੇ ਤੁਰੰਤ ਮੁਲਜ਼ਮਾਂ ਦਾ ਪਿੱਛਾ ਕੀਤਾ ਅਤੇ ਘੇਰਾਬੰਦੀ ਕਰਕੇ ਤਿੰਨਾਂ ਨੂੰ ਮੌਕੇ ‘ਤੇ ਹੀ ਦਬੋਚ ਲਿਆ। ਪੀੜਤਾ ਅਤੇ ਸਥਾਨਕ ਲੋਕਾਂ ਅਨੁਸਾਰ ਇਹ ਮੁਲਜ਼ਮ ਆਦੀ ਚੋਰ ਹਨ, ਜਿਨ੍ਹਾਂ ਨੇ ਇਲਾਕੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਅਤੇ ਹੋਰ ਕਈ ਲੋਕਾਂ ਦੇ ਚੋਰੀ ਕੀਤੇ ਮੋਬਾਈਲ ਫ਼ੋਨ ਵੀ ਬਰਾਮਦ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।
ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ
ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਤਿੰਨਾਂ ਸ਼ੱਕੀ ਨੌਜਵਾਨਾਂ ਨੂੰ ਲੋਕਾਂ ਦੀ ਭੀੜ ਵਿੱਚੋਂ ਛੁਡਵਾ ਕੇ ਆਪਣੀ ਹਿਰਾਸਤ ਵਿੱਚ ਲਿਆ। ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੋਚਰ ਮਾਰਕੀਟ ਨੇੜਿਓਂ ਮੋਬਾਈਲ ਖੋਹਣ ਦੇ ਦੋਸ਼ ਵਿੱਚ ਤਿੰਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਥਾਣੇ ਲਿਜਾ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਹਿਲਾਂ ਹੋਈਆਂ ਚੋਰੀਆਂ ਅਤੇ ਖੋਹ ਦੀਆਂ ਵਾਰਦਾਤਾਂ ਦੇ ਸੁਰਾਗ ਵੀ ਮਿਲ ਸਕਣ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਅਨੁਸਾਰ ਬਣਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।


