ਲੁਧਿਆਣਾ ‘ਚ 2.10 ਲੱਖ ‘ਚ ਵਿਕ ਰਹੀ ਸੀ ਨਵਜਾਤ ਬੱਚੀ, ਪੁਲਿਸ ਨੇ BAMS ਡਾਕਟਰ ਸਮੇਤ 5 ਜਣੇ ਕੀਤੇ ਗਿਰਫ਼ਤਾਰ
Ludhiana Child Trafficking: ਲੁਧਿਆਣਾ ਦੇ ਸੀ.ਐਮ.ਸੀ. ਚੌਕ ਨੇੜੇ ਮਨੁੱਖੀ ਤਸਕਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਲੋਕਾਂ ਦੀ ਮੁਸਤੈਦੀ ਸਦਕਾ ਇੱਕ ਨਵਜਾਤ ਬੱਚੀ ਨੂੰ ਵਿਕਣ ਤੋਂ ਬਚਾ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਬੀ.ਏ.ਐਮ.ਐਸ (BAMS) ਡਾਕਟਰ ਅਤੇ ਨਰਸਾਂ ਸਮੇਤ 8 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੁਧਿਆਣਾ ਦੇ ਸੀ.ਐਮ.ਸੀ. ਚੌਕ ਨੇੜੇ ਮਨੁੱਖੀ ਤਸਕਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਲੋਕਾਂ ਦੀ ਮੁਸਤੈਦੀ ਸਦਕਾ ਇੱਕ ਨਵਜਾਤ ਬੱਚੀ ਨੂੰ ਵਿਕਣ ਤੋਂ ਬਚਾ ਲਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਬੀ.ਏ.ਐਮ.ਐਸ (BAMS) ਡਾਕਟਰ ਅਤੇ ਨਰਸਾਂ ਸਮੇਤ 8 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੋਕਾਂ ਦੀ ਸ਼ੱਕੀ ਨਜ਼ਰ ਨੇ ਖੋਲ੍ਹਿਆ ਮਾਮਲਾ
ਘਟਨਾ ਉਸ ਸਮੇਂ ਸ਼ੁਰੂ ਹੋਈ ਜਦੋਂ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਪਾਰਕ ਵਿੱਚ ਕੁਝ ਲੋਕ ਸ਼ੱਕੀ ਹਾਲਤ ਵਿੱਚ ਇਕੱਠੇ ਹੋਏ ਸਨ। ਉੱਥੇ ਮੌਜੂਦ ਇੱਕ ਔਰਤ ਦੀ ਗੋਦ ਵਿੱਚ ਨਵਜਾਤ ਬੱਚੀ ਲਗਾਤਾਰ ਰੋ ਰਹੀ ਸੀ, ਪਰ ਉਹ ਉਸਨੂੰ ਚੁੱਪ ਕਰਵਾਉਣ ਵਿੱਚ ਅਸਮਰੱਥ ਸੀ। ਲੋਕਾਂ ਨੂੰ ਸ਼ੱਕ ਹੋਇਆ ਅਤੇ ਜਦੋਂ ਉਨ੍ਹਾਂ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਔਰਤ ਨੇ ਕਬੂਲਿਆ ਕਿ ਉਸਨੇ ਇਹ ਬੱਚੀ 2 ਲੱਖ 10 ਹਜ਼ਾਰ ਰੁਪਏ ਵਿੱਚ ਖ਼ਰੀਦੀ ਹੈ। ਉਹ ਵਿਸ਼ੇਸ਼ ਤੌਰ ‘ਤੇ ਮੋਗਾ ਤੋਂ ਲੁਧਿਆਣਾ ਬੱਚੀ ਲੈਣ ਆਈ ਸੀ। ਲੋਕਾਂ ਨੇ ਤੁਰੰਤ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਸੂਚਿਤ ਕੀਤਾ।
ਕਿਵੇਂ ਹੋਇਆ ਬੱਚੀ ਦਾ ਸੌਦਾ?
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਸੌਦਾ ਕਈ ਹੱਥਾਂ ਵਿੱਚੋਂ ਦੀ ਹੋ ਕੇ ਗੁਜ਼ਰਿਆ ਸੀ:
ਜਨਮ ਅਤੇ ਪਿਤਾ ਦੀ ਬੇਰੁਖ਼ੀ: 14 ਫਰਵਰੀ ਨੂੰ ਲੁਧਿਆਣਾ ਦੇ ਬਾਬਾ ਥਾਨ ਸਿੰਘ ਚੌਕ ਨੇੜੇ ਇੱਕ ਨਿੱਜੀ ਹਸਪਤਾਲ ਵਿੱਚ ਸੁਨੀਤਾ ਦੇਵੀ ਨੇ ਬੱਚੀ ਨੂੰ ਜਨਮ ਦਿੱਤਾ। ਸੁਨੀਤਾ ਦੀਆਂ ਪਹਿਲਾਂ ਹੀ 4 ਧੀਆਂ ਸਨ। ਪੰਜਵੀਂ ਧੀ ਹੋਣ ‘ਤੇ ਉਸਦਾ ਪਤੀ ਕੇਸ਼ਵ ਲਾਲ (ਮੂਲ ਨਿਵਾਸੀ ਗੋਰਖਪੁਰ, ਯੂਪੀ) ਖ਼ੁਸ਼ ਨਹੀਂ ਸੀ ਅਤੇ ਉਸਨੇ ਬੱਚੀ ਨੂੰ ਕਿਸੇ ਨੂੰ ਦੇਣ ਦਾ ਮਨ ਬਣਾ ਲਿਆ।
ਨਰਸਾਂ ਅਤੇ ਆਸ਼ਾ ਵਰਕਰਾਂ ਦਾ ਜਾਲ: ਸੁਨੀਤਾ ਨੇ ਹਸਪਤਾਲ ਦੀ ਨਰਸ ਆਸ਼ਾ ਨਾਲ ਸੰਪਰਕ ਕੀਤਾ। ਆਸ਼ਾ ਨੇ ਅੱਗੇ ਨਰਸ ਪਰਵੀਨ ਨਾਲ ਗੱਲ ਕੀਤੀ। ਪਰਵੀਨ ਨੇ ਅੱਗੇ ਅਜੀਤਵਾਲ (ਮੋਗਾ) ਦੀ ਨਰਸ ਗੁਰਮੀਤ ਕੌਰ ਤੱਕ ਪਹੁੰਚ ਕੀਤੀ। ਗੁਰਮੀਤ ਨੇ ਅੰਮ੍ਰਿਤਸਰ ਦੀ ਇੱਕ ਆਸ਼ਾ ਵਰਕਰ ਪੰਮਾ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ
ਡਾਕਟਰ ਅਤੇ ਕੇਅਰ ਟੇਕਰ ਦੀ ਭੂਮਿਕਾ: ਆਸ਼ਾ ਵਰਕਰ ਪੰਮਾ ਨੇ ਲੁਧਿਆਣਾ ਦੀ ਬੀ.ਏ.ਐਮ.ਐਸ ਡਾਕਟਰ ਮਨਮੀਤ ਕੌਰ ਨੂੰ ਬੱਚੀ ਵਿਕਾਊ ਹੋਣ ਬਾਰੇ ਦੱਸਿਆ। ਡਾਕਟਰ ਨੇ ਅੱਗੇ ਆਪਣੀ ਕੇਅਰ ਟੇਕਰ ਰੁਚੀ ਨੂੰ ਗਾਹਕ ਲੱਭਣ ਲਈ ਕਿਹਾ। ਰੁਚੀ ਨੇ ਮੋਗਾ ਦੀ ਮਨਦੀਪ ਕੌਰ ਨਾਲ ਗੱਲ ਕੀਤੀ, ਜਿਸ ਨੂੰ ਬੱਚੇ ਦੀ ਲੋੜ ਸੀ।
ਸੌਦੇ ਦੀ ਰਕਮ: ਰੁਚੀ ਨੇ ਮਨਦੀਪ ਕੌਰ ਤੋਂ 2.10 ਲੱਖ ਰੁਪਏ ਮੰਗੇ। ਤੈਅ ਹੋਇਆ ਕਿ 1.50 ਲੱਖ ਬੱਚੀ ਦੀ ਮਾਂ ਨੂੰ ਦਿੱਤੇ ਜਾਣਗੇ ਅਤੇ ਬਾਕੀ 60 ਹਜ਼ਾਰ ਰੁਪਏ ਵਿਚੋਲੇ ਰੱਖਣਗੇ।
ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਅਤੇ ਕਾਰਵਾਈ
ਪੁਲਿਸ ਨੇ 15 ਫਰਵਰੀ ਨੂੰ ਛਾਪੇਮਾਰੀ ਕਰਕੇ ਮੌਕੇ ਤੋਂ ਬੱਚੀ ਦੀ ਮਾਂ ਸੁਨੀਤਾ ਦੇਵੀ, ਨਰਸ ਪਰਵੀਨ, ਡਾਕਟਰ ਮਨਮੀਤ ਕੌਰ, ਕੇਅਰ ਟੇਕਰ ਰੁਚੀ ਅਤੇ ਖਰੀਦਦਾਰ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਰਸ ਆਸ਼ਾ, ਆਸ਼ਾ ਵਰਕਰ ਪੰਮਾ ਅਤੇ ਨਰਸ ਗੁਰਮੀਤ ਕੌਰ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਮੁਲਜ਼ਮਾਂ ਦੇ ਬਿਆਨ
ਖਰੀਦਦਾਰ ਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਵਿਆਹ 5-6 ਸਾਲ ਪਹਿਲਾਂ ਹੋਇਆ ਸੀ ਪਰ ਕੋਈ ਔਲਾਦ ਨਹੀਂ ਸੀ। ਉਸਨੂੰ ਭਰੋਸਾ ਦਿੱਤਾ ਗਿਆ ਸੀ ਕਿ ਕਾਨੂੰਨੀ ਕਾਗਜ਼ੀ ਕਾਰਵਾਈ ਨਾਲ ਬੱਚੀ ਉਸਨੂੰ ਸੌਂਪੀ ਜਾਵੇਗੀ। ਦੂਜੇ ਪਾਸੇ, ਬੱਚੀ ਦੇ ਪਿਤਾ ਕੇਸ਼ਵ ਲਾਲ ਨੇ ਮੰਨਿਆ ਕਿ ਗਰੀਬੀ ਅਤੇ ਪੰਜਵੀਂ ਧੀ ਹੋਣ ਕਾਰਨ ਉਹ ਬੱਚੀ ਨੂੰ ਤਿਆਗਣਾ ਚਾਹੁੰਦਾ ਸੀ। ਉਸਦੇ ਮੁਤਾਬਕ ਉਸਨੂੰ ਸਿਰਫ਼ 25 ਹਜ਼ਾਰ ਰੁਪਏ ਅਤੇ ਹਸਪਤਾਲ ਦਾ ਖਰਚਾ ਦੇਣ ਦੀ ਗੱਲ ਕਹੀ ਗਈ ਸੀ।


