ਲੁਧਿਆਣਾ: ਨਸ਼ਿਆਂ ਦੇ ਮੁੱਦੇ ‘ਤੇ BJP ਦੀ ਪ੍ਰੈੱਸ ਕਾਨਫ਼ਰੰਸ, ਕੇਵਲ ਢਿੱਲੋਂ ਤੇ ਵਿਨੀਤ ਜੋਸ਼ੀ ਨੇ ਜਾਰੀ ਕੀਤੀ ਮ੍ਰਿਤਕਾਂ ਦੀ ਸੂਚੀ
ਲੁਧਿਆਣਾ ਵਿਖੇ ਅੱਜ ਪੰਜਾਬ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਕੇ ਸੂਬੇ ਵਿੱਚ ਨਸ਼ੇ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਪਰਿਵਾਰਾਂ ਦਾ ਦਰਦ ਸਾਹਮਣੇ ਲਿਆਂਦਾ ਗਿਆ, ਜਿਨ੍ਹਾਂ ਦੇ ਪੁੱਤਰ, ਬੇਟੇ ਜਾਂ ਭਰਾ ਨਸ਼ੇ ਦੇ ਦੈਂਤ ਦੀ ਭੇਟ ਚੜ੍ਹ ਕੇ ਬੇਵਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ।
ਲੁਧਿਆਣਾ ਵਿਖੇ ਅੱਜ ਪੰਜਾਬ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਢਿੱਲੋਂ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਕਰਕੇ ਸੂਬੇ ਵਿੱਚ ਨਸ਼ੇ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਮੀਡੀਆ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਪਰਿਵਾਰਾਂ ਦਾ ਦਰਦ ਸਾਹਮਣੇ ਲਿਆਂਦਾ ਗਿਆ, ਜਿਨ੍ਹਾਂ ਦੇ ਪੁੱਤਰ, ਬੇਟੇ ਜਾਂ ਭਰਾ ਨਸ਼ੇ ਦੇ ਦੈਂਤ ਦੀ ਭੇਟ ਚੜ੍ਹ ਕੇ ਬੇਵਕਤੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਇਹਨਾਂ ਪੀੜਤਾਂ ਵਿੱਚ ਜਗਰਾਓਂ ਨਾਲ ਸਬੰਧਤ ਇੱਕ ਅਜਿਹੀ ਬਦਕਿਸਮਤ ਮਾਂ ਵੀ ਸ਼ਾਮਲ ਸੀ, ਜਿਸ ਦੇ 6 ਪੁੱਤਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਮਨਜੀਤ ਨਗਰ ਇਲਾਕੇ ਦਾ ਜ਼ਿਕਰ ਕਰਦਿਆਂ ਇਹ ਵੱਡਾ ਦਾਅਵਾ ਕੀਤਾ ਗਿਆ ਕਿ ਇਕੱਲੇ ਇਸੇ ਖੇਤਰ ਵਿੱਚ ਹੀ 40 ਤੋਂ 50 ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਇਸੇ ਤਰ੍ਹਾਂ ਪਿੰਡ ਹੰਬੜਾਂ ਤੋਂ ਆਈ ਇੱਕ ਹੋਰ ਬੇਵੱਸ ਔਰਤ ਨਾਲ ਵੀ ਗੱਲਬਾਤ ਕਰਵਾਈ ਗਈ, ਜਿਸ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦੀ ਗ੍ਰਿਫ਼ਤ ਵਿੱਚ ਫਸ ਕੇ ਆਪਣੀ ਕੀਮਤੀ ਜਾਨ ਗੁਆ ਬੈਠਾ। ਪੀੜਤ ਪਰਿਵਾਰਾਂ ਨਾਲ ਰੂ-ਬ-ਰੂ ਕਰਵਾਉਂਦੇ ਹੋਏ ਪ੍ਰੈੱਸ ਕਾਨਫ਼ਰੰਸ ਦੌਰਾਨ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ, ਜਿਸ ਰਾਹੀਂ ਇਹ ਦਿਖਾਇਆ ਗਿਆ ਕਿ ਅੱਜ ਪੰਜਾਬ ਅੰਦਰ ਨਸ਼ੇ ਕਾਰਨ ਕਿਸ ਤਰ੍ਹਾਂ ਦੇ ਭਿਆਨਕ ਤੇ ਗੰਭੀਰ ਹਾਲਾਤ ਬਣ ਚੁੱਕੇ ਹਨ।
ਵਿਨੀਤ ਜੋਸ਼ੀ ਨੇ ਨਸ਼ੇ ਕਾਰਨ ਬੁੱਝੇ ਘਰਾਂ ਦੇ ਚਿਰਾਗਾਂ ਦੀ ਸੂਚੀ ਕੀਤੀ ਪੇਸ਼
ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਇੱਕ ਵਿਸਥਾਰਤ ਸੂਚੀ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਪਰਿਵਾਰਾਂ ਦੇ ਵੇਰਵੇ ਦਿੱਤੇ ਗਏ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਨਸ਼ੇ ਦੀ ਦਲਦਲ ਵਿੱਚ ਫਸਣ ਕਾਰਨ ਹਮੇਸ਼ਾ ਲਈ ਬੁੱਝ ਗਏ ਅਤੇ ਕਈਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇਗਾ ਜਿੱਥੇ ਪਰਿਵਾਰ ਨਸ਼ੇ ਦੇ ਕਹਿਰ ਤੋਂ ਬਚੇ ਹੋਣ।
ਗੁਜਰਾਤ ਚ ਨਸ਼ਾ ਫੜੇ ਜਾਣ ਦੇ ਸਵਾਲ ਤੇ ਕੇਵਲ ਢਿੱਲੋਂ ਦਾ ਜਵਾਬ
ਪ੍ਰੈੱਸ ਕਾਨਫ਼ਰੰਸ ਮੌਕੇ ਜਦੋਂ ਭਾਜਪਾ ਆਗੂਆਂ ਨੂੰ ਇਹ ਸਵਾਲ ਕੀਤਾ ਗਿਆ ਕਿ ਗੁਜਰਾਤ ਵਿੱਚ ਵੀ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਗਈਆਂ ਹਨ, ਤਾਂ ਕੇਵਲ ਢਿੱਲੋਂ ਨੇ ਕਿਹਾ ਕਿ ਗੁਜਰਾਤ ਅਤੇ ਰਾਜਸਥਾਨ ਦੇ ਵਿੱਚ ਨਸ਼ਾ ਘਰ-ਘਰ ਡਿਲੀਵਰ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉੱਥੇ ਬੰਦਰਗਾਹਾਂ ਜਾਂ ਸਰਹੱਦਾਂ ਤੇ ਕੋਈ ਮਾਮਲਾ ਸਾਹਮਣੇ ਜ਼ਰੂਰ ਆਇਆ ਹੋਵੇਗਾ, ਪਰ ਸਾਡੇ ਕੋਲ ਗੁਆਂਢੀ ਸੂਬਾ ਹਰਿਆਣਾ ਇੱਕ ਵੱਡੀ ਉਦਾਹਰਣ ਹੈ ਜਿੱਥੇ ਅਜਿਹੇ ਮਾੜੇ ਹਾਲਾਤ ਨਹੀਂ ਹਨ।