‘ਲਾਰੈਂਸ ਆਫ ਪੰਜਾਬ ‘ਤੇ ਬੈਨ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ, DGP ਗੌਰਵ ਯਾਦਵ, ਰਾਜਾ ਵੜਿੰਗ ਨੂੰ ਧਮਕਾਇਆ
ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਵਿਵਾਦਤ ਡਾਕੂਮੈਂਟਰੀ ਲਾਰੈਂਸ ਆਫ ਪੰਜਾਬ 'ਤੇ ਰੋਕ ਲੱਗਣ ਤੋਂ ਬਾਅਦ ਇਹ ਮਾਮਲਾ ਹੁਣ ਇੱਕ ਗੰਭੀਰ ਮੋੜ ਲੈ ਚੁੱਕਾ ਹੈ। ਇਸ ਡਾਕੂਮੈਂਟਰੀ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਕਈ ਵੱਡੇ ਆਗੂਆਂ ਅਤੇ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਨਾਲ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ।
ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਣ ਵਾਲੀ ਵਿਵਾਦਤ ਡਾਕੂਮੈਂਟਰੀ ਲਾਰੈਂਸ ਆਫ ਪੰਜਾਬ ‘ਤੇ ਰੋਕ ਲੱਗਣ ਤੋਂ ਬਾਅਦ ਇਹ ਮਾਮਲਾ ਹੁਣ ਇੱਕ ਗੰਭੀਰ ਮੋੜ ਲੈ ਚੁੱਕਾ ਹੈ। ਇਸ ਡਾਕੂਮੈਂਟਰੀ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਕਈ ਵੱਡੇ ਆਗੂਆਂ ਅਤੇ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਨਾਲ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ। ਜਿਨ੍ਹਾਂ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਨਾਮ ਸ਼ਾਮਲ ਹਨ।
ਇਹ ਧਮਕੀਆਂ ਵਿਦੇਸ਼ੀ ਵਟਸਐਪ ਨੰਬਰਾਂ ਰਾਹੀਂ ਭੇਜੀਆਂ ਗਈਆਂ ਹਨ। ਭੇਜੇ ਗਏ ਸੰਦੇਸ਼ਾਂ ਵਿੱਚ ਲਿਖਿਆ ਗਿਆ ਹੈ ਕਿ, ਲਾਰੈਂਸ ਆਫ ਪੰਜਾਬ ਡਾਕੂਮੈਂਟਰੀ ਜ਼ਰੂਰ ਚੱਲੇਗੀ ਅਤੇ ਤੁਸੀਂ ਆਪਣੇ ਕਫ਼ਨ ਦੀ ਤਿਆਰੀ ਕਰ ਲਵੋ। ਅਸੀਂ ਕਿਸੇ ਤੋਂ ਪੈਸੇ ਨਹੀਂ ਲਵਾਂਗੇ, ਸਿੱਧੀ ਗੋਲੀ 47 (AK-47) ਜਾਂ ਬੰਬ ਨਾਲ ਉਡਾਉਣ ਦੀ ਤਿਆਰੀ ਸਮਝੋ – ਲਾਰੈਂਸ ਬਿਸ਼ਨੋਈ ਗਰੁੱਪ।
ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਜਦੋਂ ਪਤਾ ਲੱਗਿਆ ਕਿ ZEE5 ‘ਤੇ ਇਹ ਡਾਕੂਮੈਂਟਰੀ 27 ਤਾਰੀਖ਼ ਨੂੰ ਰਿਲੀਜ਼ ਹੋ ਰਹੀ ਹੈ, ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ। ਉਨ੍ਹਾਂ ਇਸ ਨੂੰ ‘ਪੰਜਾਬੀਅਤ ਦਾ ਅਪਮਾਨ’ ਦੱਸਿਆ। ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦਖ਼ਲ ਦੇਣ ਦੀ ਮੰਗ ਕੀਤੀ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ (PIL) ਵੀ ਦਾਇਰ ਕੀਤੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ।
ਪੰਜਾਬ ਪੁਲਿਸ ਨੇ ਵੀ ਜਤਾਇਆ ਇਤਰਾਜ਼
ਪੰਜਾਬ ਪੁਲਿਸ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਡਾਕੂਮੈਂਟਰੀ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਸਪੈਸ਼ਲ ਡੀ.ਜੀ.ਪੀ. (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਡਾਕੂਮੈਂਟਰੀ ਸੰਗਠਿਤ ਅਪਰਾਧ ਦਾ ਗੁਣਗਾਨ ਕਰਦੀ ਹੈ, ਜਿਸ ਨਾਲ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।
ਜ਼ਖਮਾਂ ‘ਤੇ ਲੂਣ ਛਿੜਕਣ ਦੇ ਬਰਾਬਰ- ਬਲਕੌਰ ਸਿੰਘ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਗੈਂਗਸਟਰਾਂ ਦਾ ਮਹਿਮਾ-ਗਾਇਨ ਨੌਜਵਾਨਾਂ ਲਈ ‘ਜ਼ਹਿਰ’ ਦੇ ਬਰਾਬਰ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਸ਼ਹੀਦਾਂ ਜਾਂ ਵਿਗਿਆਨੀਆਂ ਦੀ ਬਜਾਏ ਮੇਰੇ ਪੁੱਤਰ ਦੇ ਕਾਤਲ ‘ਤੇ ਡਾਕੂਮੈਂਟਰੀ ਕਿਉਂ ਬਣਾਈ ਜਾ ਰਹੀ ਹੈ? ਉਨ੍ਹਾਂ ਨੇ ਇਸ ਨੂੰ ਪੀੜਤ ਪਰਿਵਾਰਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਂਗ ਦੱਸਿਆ ਅਤੇ ਤੁਰੰਤ ਪਾਬੰਦੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ
ਰੰਧਾਵਾ ਨੇ ਡਾਕੂਮੈਂਟਰੀ ਨੂੰ ਦੱਸਿਆ ਦੇਸ਼-ਵਿਰੋਧੀ
ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਦੇਸ਼-ਵਿਰੋਧੀ ਅਤੇ ਪੰਜਾਬ ਦੀ ਵਿਰਾਸਤ ਲਈ ਅਪਮਾਨਜਨਕ ਕਰਾਰ ਦਿੱਤਾ। ਉਨ੍ਹਾਂ ਤਰਕ ਦਿੱਤਾ ਕਿ ਇਹ ਅਪਰਾਧੀਆਂ ਨੂੰ ਨਾਇਕ ਵਜੋਂ ਪੇਸ਼ ਕਰਦੀ ਹੈ, ਜਿਸ ਨਾਲ ਨੌਜਵਾਨਾਂ ਵਿੱਚ ‘ਗੰਨ ਕਲਚਰ’ ਨੂੰ ਹੱਲਾਸ਼ੇਰੀ ਮਿਲੇਗੀ। ਡਾਕੂਮੈਂਟਰੀ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਬਾਅਦ ਰੰਧਾਵਾ ਨੂੰ ਵੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਭਰੇ ਸੰਦੇਸ਼ ਮਿਲੇ ਹਨ, ਜਿਸ ਬਾਰੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ।
