Jalandhar Bypoll: ਯੂਨਾਈਟਿਡ ਪੰਜਾਬ ਪਾਰਟੀ ਵੱਲੋਂ AAP ਨੂੰ ਸਮਰਥਨ ਦੇਣ ਦਾ ਐਲਾਨ
ਪਾਰਟੀ ਬਣਾਉਣ ਵੇਲ੍ਹੇ ਕਿਹਾ ਗਿਆ ਸੀ ਕਿ ਈਸਾਈ ਭਾਈਚਾਰੇ ਦੇ ਹਰ ਮਸਲੇ ਦਾ ਹੱਲ ਕੀਤਾ ਜਾਵੇਗਾ। ਹੁਣ ਆਮ ਆਦਮੀ ਪਾਰਟੀ ਨੂੰ ਸਮਰਥਣ ਦੇ ਪਿੱਛੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਵੱਲੋਂ ਉਨ੍ਹਾਂ ਦੀਆਂ ਮੰਗਾਂ ਮੰਣਨ ਦੇ ਭਰੋਸੇ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ।
ਜਲੰਧਰ ਨਿਊਜ: ਜਲੰਧਰ ਜਿਮਨੀ ਚੋਣ ਨੂੰ ਲੈ ਕੇ ਕੁਝ ਦਿਨ ਪਹਿਲਾਂ ਈਸਾਈ ਭਾਈਚਾਰੇ ਵੱਲੋਂ ਯੂਨਾਈਟਿਡ ਪੰਜਾਬ ਪਾਰਟੀ (United Punjab Party) ਦਾ ਗਠਨ ਕੀਤਾ ਗਿਆ ਸੀ। ਉਸ ਵੇਲ੍ਹੇ ਦਾਅਵਾ ਕੀਤਾ ਸੀ ਕਿ ਆਪਣੇ ਭਾਈਚਾਰੇ ਦੀ ਆਵਾਜ ਚੁੱਕਣ ਲਈ ਉਨ੍ਹਾਂ ਵੱਲੋਂ ਇਸ ਪਾਰਟੀ ਦਾ ਗਠਨ ਕੀਤਾ ਗਿਆ ਹੈ। ਪਰ ਚੋਣ ਤੋਂ ਪਹਿਲਾਂ ਹੀ ਹੁਣ ਯੂਨਾਈਟਿਡ ਪੰਜਾਬ ਨੇ ਆਮ ਆਦਮੀ ਪਾਰਟੀ (ਆਪ) ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ, ਆਉਣ ਵਾਲੀ ਜ਼ਿਮਨੀ ਚੋਣ ਵਿੱਚ ਯੂਨਾਈਟਿਡ ਪੰਜਾਬ ਪਾਰਟੀ ਆਪਦਾ ਸਾਥ ਦੇਵੇਗੀ।
ਯੂਨਾਈਟਿਡ ਪੰਜਾਬ ਪਾਰਟੀ ਦੇ ਮੁਖੀ ਅਲਬਰਟ ਦੁਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 2024 ਵਿੱਚ ਉਹ ਆਪਣੇ ਦਮ ਤੇ ਸਾਰੇ 13 ਲੋਕ ਸਭਾ ਹਲਕਿਆਂ ਤੋਂ ਚੋਣ ਲੜਨਗੇ।


