Jalandhar By Election ਲਈ ਬੁੱਧਵਾਰ ਨੂੰ ਨਹੀਂ ਹੋਇਆ ਪ੍ਰਚਾਰ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸਾਰੇ ਪ੍ਰੋਗਰਾਮ ਰੱਦ
ਪ੍ਰਧਾਨ ਮੰਤਰੀ ਮੋਦੀ ਤਕਰੀਬਨ 12.45 ਵਜੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ। ਉਨ੍ਹਾਂ ਨੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਅਤੇ ਫੇਰ ਸੁਖਬੀਰ ਸਿੰਘ ਬਾਦਲ ਅਤੇ ਪਰਿਵਾਰ ਨਾਲ ਬੈਠ ਕੇ ਦੁੱਖ ਸਾਂਝਾ ਕੀਤਾ।

ਜਲੰਧਰ ਨਿਊਜ: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਬੁੱਧਵਾਰ ਨੂੰ ਚੋਣ ਪ੍ਰਚਾਰ ਦਾ ਰੌਲਾ ਸੁਣਾਈ ਨਹੀਂ ਦਿੱਤਾ। ਦਰਅਸਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਸੋਗ ਵਜੋਂ ਪ੍ਰੋਗਰਾਮ ਰੱਦ ਕਰ ਦਿੱਤੇ। ਨਾਲ ਹੀ ਪੰਜਾਬ ਸਰਕਾਰ ਨੇ ਵੀ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਲਾਜਪਤ ਨਗਰ ਦਫ਼ਤਰ ਵਿੱਚ ਸੋਗ ਸਭਾ ਦਾ ਆਯੋਜਨ ਕੀਤਾ। ਇੱਥੇ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਦਿੱਤੀ ਗਈ। ਇਸ ਦੌਰਾਨ ਭਾਜਪਾ ਨੇ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰਨ ਦੀ ਵੀ ਜਾਣਕਾਰੀ ਦਿੱਤੀ।
ਭਾਜਪਾ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਹਨ। ਕਾਲੀਆ ਪਰਿਵਾਰ ਦੀਆਂ ਦੋ ਪੀੜ੍ਹੀਆਂ ਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹੀ ਨਹੀਂ, ਉਨ੍ਹਾਂ ਨੂੰ ਦੋ ਵਾਰ ਪ੍ਰਕਾਸ਼ ਸਿੰਘ ਬਾਦਲ ਨਾਲ ਕੈਬਨਿਟ ਮੰਤਰੀ ਦੇ ਰੂਪ ਵਿਚ ਕੰਮ ਕਰਨ ਦਾ ਵੀ ਮੌਕਾ ਮਿਲਿਆ।
ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਯਾਤਰਾ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਪਿੰਡ ਬਾਦਲ ਲਈ ਜਾ ਰਹੀ ਹੈ। ਇਹ ਯਾਤਰਾ ਰਾਜਪੁਰਾ, ਪਟਿਆਲਾ ਫਿਰ ਸੰਗਰੂਰ, ਬਰਨਾਲਾ, ਰਾਮਪੁਰਾ ਫੂਲ, ਬਠਿੰਡਾ ਤੋਂ ਹੁੰਦੇ ਹੋਏ ਸ਼ਾਮ ਨੂੰ ਪਿੰਡ ਬਾਦਲ ਪਹੁੰਚੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ 27 ਤਰੀਕ ਯਾਨੀ ਭਲਕੇ ਦੁਪਹਿਰ ਪਿੰਡ ਬਾਦਲ ਵਿਖੇ ਹੋਵੇਗਾ।